ਪੱਟੀ/ਤਰਨਤਾਰਨ,8 ਸਤੰਬਰ (ਰਾਕੇਸ਼ ਨਈਅਰ ‘ਚੋਹਲਾ’) -ਸਰਹੱਦੀ ਕਸਬੇ ਪੱਟੀ ਤੋਂ ਚੰਡੀਗੜ੍ਹ ਲਈ ਵਾਤਾਅਨਕੂਲ ਵੋਲਵੋ ਬੱਸ ਸੇਵਾ ਸ਼ੁਰੂ ਕਰਦੇ ਹੋਏ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੀ. ਆਰ ਟੀ ਸੀ ਨੂੰ ਜਲਦੀ ਹੀ 219 ਨਵੀਆਂ ਬੱਸਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਥੋੜ੍ਹੇ ਦਿਨਾਂ ਵਿਚ ਹੀ ਡਰਾਈਵਰ ਤੇ ਕੰਡਕਟਰਾਂ ਦੀ ਥੁੜ ਪੂਰੀ ਕੀਤੀ ਜਾ ਰਹੀ ਹੈ, ਜਿਸ ਨਾਲ ਪੰਜਾਬ ਦੀਆਂ ਸੜਕਾਂ ਉਤੇ ਸਰਕਾਰੀ ਬੱਸਾਂ ਦੀ ਆਮਦ ਹੋਰ ਵੱਧ ਜਾਵੇਗੀ। ਵੀਰਵਾਰ ਨੂੰ ਪੱਟੀ ਤੋਂ ਚੰਡੀਗੜ੍ਹ ਲਈ ਚਾਲੂ ਕੀਤੀ ਵੋਲਵੋ ਬੱਸ ਸੇਵਾ ਬਾਰੇ ਬੋਲਦੇ ਸ. ਭੁੱਲਰ ਨੇ ਦੱਸਿਆ ਕਿ ਇਹ ਬੱਸ ਸਵੇਰੇ ਸਾਢੇ ਚਾਰ ਵਜੇ ਪੱਟੀ ਤੋਂ ਵਾਇਆ ਤਰਨਤਾਰਨ, ਅੰਮ੍ਰਿਤਸਰ, ਜਲੰਧਰ ਹੁੰਦੀ ਚੰਡੀਗੜ੍ਹ ਪੁੱਜੇਗੀ, ਜਿਥੋਂ ਦਫਤਰੀ ਸਮਾਂ ਖਤਮ ਹੋਣ ਤੋਂ ਠੀਕ ਅੱਧਾ ਘੰਟਾ ਬਾਅਦ ਸਾਢੇ ਪੰਜ ਵਜੇ ਇਸੇ ਰਸਤੇ ਪੱਟੀ ਲਈ ਰਵਾਨਾ ਹੋਵੇਗੀ। ਉਨਾਂ ਕਿਹਾ ਕਿ ਸਰਹੱਦੀ ਪੱਟੀ ਦੇ ਲੋਕਾਂ ਦੀ ਇਹ ਚਿਰੋਕਣੀ ਮੰਗ ਸੀ, ਜਿਸ ਨੂੰ ਅੱਜ ਪੂਰਾ ਕਰਨ ਦਾ ਸਬੱਬ ਮੈਨੂੰ ਪੱਟੀ ਵਿਧਾਨ ਸਭ ਹਲਕੇ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਸਦਕਾ ਮਿਲਿਆ ਹੈ। ਸ. ਭੁੱਲਰ ਨੇ ਕਿਹਾ ਕਿ ਇਹ ਬੱਸ 2012 ਤੋਂ 17 ਵੇਲੇ ਅਕਾਲੀ ਸਰਕਾਰ ਵੇਲੇ ਪਾਸ ਹੋ ਚੁੱਕੀ ਸੀ, ਪਰ ਸਾਡੇ ਤਾਕਤਵਰ ਲੋਕਾਂ ਨੇ ਆਪਣੇ ਨਿੱਜੀ ਮੁਫ਼ਾਦ ਲਈ ਇਸ ਨੂੰ ਚੱਲਣ ਹੀ ਨਹੀਂ ਸੀ ਦਿੱਤਾ।
ਸ. ਭੁੱਲਰ ਨੇ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤੀ ਸਰਕਾਰੀ ਬੱਸ ਸੇਵਾ ਬਾਰੇ ਬੋਲਦੇ ਦੱਸਿਆ ਕਿ ਇਨਾਂ ਬੱਸਾਂ ਦੀ ਬਦੌਲਤ ਇਕ ਹੀ ਪਰਿਵਾਰ ਦੇ ਚੱਲਦੇ ਰੋਜ਼ਾਨਾ ਦੇ 80 ਟਾਈਮ ਘੱਟ ਕੇ 20 ਰਹਿ ਗਏ ਹਨ ਅਤੇ ਉਨਾਂ ਨੇ ਕਿਰਾਇਆ ਜੋ ਕਿ ਪਹਿਲਾਂ 3000 ਰੁਪਏ ਪ੍ਰਤੀ ਸਵਾਰੀ ਤੋਂ ਵੀ ਵਧੇਰੇ ਸੀ, ਨੂੰ ਘਟਾ ਕੇ 1900 ਰੁਪਏ ਕਰ ਦਿੱਤਾ ਹੈ। ਉਨਾਂ ਕਿਹਾ ਕਿ ਇਹ ਸਾਰਾ ਕੁੱਝ ਤੁਹਾਡੀ ਦਿੱਤੀ ਤਾਕਤ ਕਰਕੇ ਸੰਭਵ ਹੋਇਆ ਹੈ। ਸ. ਭੁੱਲਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਉਨਾਂ ਦੀ ਅਗਵਾਈ ਹੇਠ ਇਹ ਸਾਰੇ ਲੋਕ ਭਲਾਈ ਦੇ ਕੰਮ ਸੰਭਵ ਹੋ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਦਾ ਜੋ ਭਲਾ ਹੋ ਸਕਦਾ ਹੈ, ਉਹ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ।