ਪੀ.ਐਸ.ਪੀ.ਸੀ.ਐਲ ਵੱਲੋਂ ਵਿਲੱਖਣ ਪਹਿਲਕਦਮੀ; 35 ਕਿਲੋਵਾਟ ਸਮਰੱਥਾ ਦੇ ਸੱਤ ਸੋਲਰ ਰੁੱਖ ਲਗਾਏ

0
61

ਚੰਡੀਗੜ੍ਹ/ਪਟਿਆਲਾ, 26 ਜੂਨ -ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ ਪਟਿਆਲਾ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ‘ਤੇ 5 ਕਿਲੋਵਾਟ ਦੇ ਸੱਤ ਸੋਲਰ ਦਰੱਖਤ (ਕੁੱਲ ਸਮਰੱਥਾ 35 ਕਿਲੋਵਾਟ) ਚਾਲੂ ਕਰਨ ਦੀ ਵਿਲੱਖਣ ਪਹਿਲਕਦਮੀ ਕੀਤੀ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਅੱਜ ਇਥੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕੀਤਾ।

ਸੱਤ ਸੋਲਰ ਦਰੱਖਤਾਂ ਵਿੱਚੋਂ, ਇੱਕ ਸੋਲਰ ਦਰੱਖਤ ਪੀ.ਐਸ.ਪੀ.ਸੀ.ਐਲ ਦੇ ਹੈੱਡ ਆਫਿਸ ਵਿੱਚ ਅਤੇ ਬਾਕੀ ਛੇ ਸੋਲਰ ਦਰੱਖਤ  ਪਟਿਆਲਾ ਵਿੱਚ ਪੀ.ਐਸ.ਪੀ.ਸੀ.ਐਲ ਦੀਆਂ ਪਾਵਰ ਕਾਲੋਨੀਆਂ ਵਿੱਚ ਲਗਾਏ ਗਏ ਹਨ। ਸੋਲਰ ਦਰੱਖਤ ਨਵੀਨਤਾਕਾਰੀ ਢਾਂਚੇ ਹਨ ਜੋ ਰੁੱਖਾਂ ਵਰਗੇ ਦਿਖਾਈ ਦਿੰਦੇ ਹੋਏ ਸੂਰਜੀ ਊਰਜਾ ਦਾ ਉਪਯੋਗ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਇਥੇ ਜਿਕਰਯੋਗ ਹੈ ਕਿ ਪੀ.ਐਸ.ਪੀ.ਸੀ.ਐਲ ਦੀਆਂ ਇਮਾਰਤਾਂ ‘ਤੇ 31 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਦੀ ਸਥਾਪਨਾ ਲਈ ਟੈਂਡਰਿੰਗ ਪ੍ਰਕਿਰਿਆ ਜਾਰੀ ਹੈ।

ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸੋਲਰ ਦਰੱਖਤ ਸਾਫ਼ ਅਤੇ ਨਵਿਆਉਣਯੋਗ ਊਰਜਾ ਸਰੋਤ ਪ੍ਰਦਾਨ ਕਰਦੇ ਹਨ, ਜੋ ਜੀਵਾਸ਼ਮ ਈਂਧਨ ‘ਤੇ ਨਿਰਭਰਤਾ ਅਤੇ ਗ੍ਰੀਨਹਾਊਸ ਗੈਸ ਨਿਕਾਸ ਨੂੰ ਘਟਾਉਂਦੇ ਹਨ। ਬਿਜਲੀ ਮੰਤਰੀ ਨੇ ਕਿਹਾ,”ਇਹ ਸੋਲਰ ਦਰੱਖਤ ਸਾਲਾਨਾ ਲਗਭਗ 52,000 ਯੂਨਿਟ ਬਿਜਲੀ ਪੈਦਾ ਕਰਨਗੇ, ਜੋ ਸਾਲਾਨਾ ਲਗਭਗ 41 ਟਨ ਕਾਰਬਨ ਡਾਈਆਕਸਾਈਡ ਨਿਕਾਸ ਨੂੰ ਬਚਾ ਸਕਦੇ ਹਨ ਜੋ ਕਿ ਕਾਰਬਨਡਾਈਆਕਸਾਈਡ ਸੋਖਣ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਵਿਕਸਤ ਲਗਭਗ 1015 ਰੁੱਖਾਂ ਦੇ ਬਰਾਬਰ ਹੈ।“

ਉਨ੍ਹਾਂ ਅੱਗੇ ਕਿਹਾ,”ਸੋਲਰ ਦਰੱਖਤ ਪ੍ਰੇਰਣਾ ਦੇ ਸਾਧਨ ਵਜੋਂ ਵੀ ਕੰਮ ਕਰਦੇ ਹਨ, ਜੋ ਨਵਿਆਉਣਯੋਗ ਅਤੇ ਟਿਕਾਊ ਊਰਜਾ ਬਾਰੇ ਜਾਗਰੂਕਤਾ ਨੂੰ ਵਧਾਉਂਦੇ ਹਨ। ਇਹਨਾਂ ਰੁੱਖਾਂ ਦਾ ਡਿਜ਼ਾਈਨ ਸੁਹਜਾਤਮਕ ਤੌਰ ‘ਤੇ ਖੂਬਸੂਰਤ ਹੈ ਜੋ ਜਨਤਕ ਥਾਵਾਂ, ਪਾਰਕਾਂ ਅਤੇ ਇਮਾਰਤਾਂ ਦੀ ਦਿੱਖ ਨੂੰ ਸੁੰਦਰ ਬਨਾਉਣ ਦੇ ਨਾਲ-ਨਾਲ ਤਕਨਾਲੋਜੀ ਨੂੰ ਕੁਦਰਤ ਨਾਲ ਜੋੜਦਾ ਹੈ।“ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸੋਲਰ ਦਰੱਖਤ ਰਵਾਇਤੀ ਸੋਲਰ ਪੈਨਲਾਂ ਦੇ ਮੁਕਾਬਲੇ ਘੱਟ ਜਗ੍ਹਾ ਲੈਂਦੇ ਹਨ, ਜੋ ਉਨ੍ਹਾਂ ਨੂੰ ਸ਼ਹਿਰੀ ਵਾਤਾਵਰਣ ਅਤੇ ਸੀਮਤ ਜਗ੍ਹਾ ਵਾਲੇ ਖੇਤਰਾਂ ਲਈ ਆਦਰਸ਼ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਉੱਚੇ ਸੋਲਰ ਪੈਨਲ ਜ਼ਮੀਨੀ ਪੱਧਰ ‘ਤੇ ਮੌਜੂਦ ਪਰਛਾਵਿਆਂ ਅਤੇ ਰੁਕਾਵਟਾਂ ਤੋਂ ਬਚਦਿਆਂ ਵਧੇਰੇ ਧੁੱਪ ਨੂੰ ਸੋਖਦੇ ਹਨ। ਮੰਤਰੀ ਨੇ ਅੱਗੇ ਕਿਹਾ ਕਿ ਸਮੁੱਚੇ ਤੌਰ ‘ਤੇ ਸੋਲਰ ਦਰੱਖਤ ਸੂਰਜੀ ਊਰਜਾ ਉਤਪਾਦਨ ਲਈ ਇੱਕ ਬਹੁ-ਕਾਰਜੀ ਅਤੇ ਟਿਕਾਊ ਪਹੁੰਚ ਦੀ ਨੁਮਾਇੰਦਗੀ ਕਰਦੇ ਹਨ, ਜੋ ਤਕਨਾਲੋਜੀ, ਸੁਹਜ ਅਤੇ ਵਾਤਾਵਰਣ ਸਬੰਧੀ ਲਾਭਾਂ ਦਾ ਸੁਮੇਲ ਹੈ। ਇਸ ਮੌਕੇ ਸੀ ਐਮਡੀ ਪੀਐਸਪੀਸੀਐਲ ਇੰਜੀ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜੀ. ਡੀਪੀਐਸ ਗਰੇਵਾਲ, ਡਾਇਰੈਕਟਰ ਜਨਰੇਸ਼ਨ ਇੰਜੀ. ਪਰਮਜੀਤ ਸਿੰਘ, ਡਾਇਰੈਕਟਰ ਕਮਰਸ਼ੀਅਲ ਇੰਜੀ. ਰਵਿੰਦਰ ਸਿੰਘ ਸੈਣੀ, ਡਾਇਰੈਕਟਰ ਫਾਈਨਾਂਸ ਸੀਏ. ਐਸ ਕੇ ਬੇਰੀ, ਡਾਇਰੈਕਟਰ ਐਡਮਿਨ ਸ. ਜਸਬੀਰ ਸਿੰਘ ਸੁਰ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here