ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ ਹੂੰਝੇ-ਕਪੂੰਝੇ’ ’ਤੇ ਵਿਚਾਰ-ਚਰਚਾ ਪੰਜਾਬ ਅਤੇ ਪਰਵਾਸ ਦੇ ਰਿਸ਼ਤੇ ਦੀ ਉਲਝੀ ਨੂੰ ਤਾਣੀ ਨੂੰ ਸਮਝਣ ਦੀ ਕੋਸ਼ਿਸ਼
ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ ਹੂੰਝੇ-ਕਪੂੰਝੇ’ ’ਤੇ ਵਿਚਾਰ-ਚਰਚਾ
ਪੰਜਾਬ ਅਤੇ ਪਰਵਾਸ ਦੇ ਰਿਸ਼ਤੇ ਦੀ ਉਲਝੀ ਨੂੰ ਤਾਣੀ ਨੂੰ ਸਮਝਣ ਦੀ ਕੋਸ਼ਿਸ਼
ਦਲਜੀਤ ਕੌਰ
ਪਟਿਆਲਾ, 2 ਅਗਸਤ, 2024: ਪੰਜਾਬੀ ਯੂਨੀਵਰਸਿਟੀ ਵਿਚ ਪੁਸਤਕ ‘ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ ਹੂੰਝੇ-ਕਪੂੰਝੇ’ ’ਤੇ ਵਿਚਾਰ-ਚਰਚਾ ਪੰਜਾਬ ਅਤੇ ਪਰਵਾਸ ਦੇ ਰਿਸ਼ਤੇ ਦੀ ਉਲਝੀ ਨੂੰ ਤਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਬੇਹੱਦ ਮਹੱਵਪੂਰਨ ਪੁਸਤਕ ‘ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ ਹੂੰਝੇ-ਕਪੂੰਝੇ’ ’ਤੇ ਵਿਚਾਰ-ਚਰਚਾ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿਚ ਕਰਵਾਈ ਗਈ। ਇਸ ਚਰਚਾ ਨੂੰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਅਰਥ-ਵਿਗਿਆਨ ਵਿਭਾਗ ਵੱਲੋਂ ਸਾਂਝੇ ਰੂਪ ਵਿਚ ਉਲੀਕਿਆ ਗਿਆ ਸੀ। ਵੱਡੀ ਪੱਧਰ ’ਤੇ ਕੀਤੇ ਖੇਤਰੀ ਖੋਜ-ਕਾਰਜ ਤੇ ਅਧਾਰਿਤ ਇਸ ਪੁਸਤਕ ਨੂੰ ਪ੍ਰਸਿੱਧ ਅਰਥ-ਵਿਗਿਆਨੀ ਅਤੇ ਪੰਜਾਬ ਮਸਲਿਆਂ ਦੀ ਡੂੰਘੀ ਸਮਝ ਰੱਖਣ ਵਾਲੇ ਚਿੰਤਕ ਡਾ. ਗਿਆਨ ਸਿੰਘ ਅਤੇ ਸਾਥੀਆਂ ਨੇ ਲਿਖਿਆ ਹੈ।
ਡਾ. ਗਿਆਨ ਸਿੰਘ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਪੰਜਾਬ ਤੋਂ ਪਰਵਾਸ ਨੂੰ ਸਮਝਣ ਲਈ 1951 ਤੋਂ 2021 ਤੱਕ ਦੇ ਸਮੇਂ ਨੂੰ ਲਿਆ ਗਿਆ ਹੈ। ਪੰਜਾਬ ਦੇ 12 ਜ਼ਿਲਿਆਂ ਦੇ 98 ਪਿੰਡਾਂ ਨੂੰ ਚੁਣ ਕੇ 2597 ਘਰਾਂ ਤੋਂ ਅੰਕੜੇ ਇਕੱਠੇ ਕੀਤੇ ਗਏ ਹਨ। ਇਹ ਅੰਕੜੇ ਪਰਵਾਸ ਅਤੇ ਪੰਜਾਬੀ ਪਰਿਵਾਰਾਂ ਦੇ ਆਪਸੀ ਰਿਸ਼ਤਿਆਂ ਦੀ ਅਲੱਗ-ਅਲੱਗ ਤੰਦਾਂ ਨੂੰ ਉਜਾਗਰ ਕਰਦੇ ਹਨ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸ. ਪਰਮਜੀਤ ਸਿੰਘ ਧਾਲੀਵਾਲ ਸ਼ਾਮਿਲ ਹੋਏ। ਉਨ੍ਹਾਂ ਬੋਲਦਿਆਂ ਕਿਹਾ ਕਿ ਇਹ ਪੁਸਤਕ ਜਿੱਥੇ ਸਮਕਾਲੀ ਪੰਜਾਬ ਦੇ ਪਰਵਾਸ ਰੂਪੀ ਜਟਿਲ ਮਸਲੇ ਨੂੰ ਸਮਝਦੀ ਹੈ, ਓਥੇ ਅਗਲੇਰੀ ਖੋਜ ਦੀ ਸੰਭਾਵਨਾਵਾਂ ਨੂੰ ਵੀ ਜਨਮ ਦਿੰਦੀ ਹੈ।
ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਪਰਵਾਸ ਨੂੰ ਸਦੀਵੀ ਵਰਤਾਰਾ ਦੱਸਦਿਆਂ ਕਿਹਾ ਕਿ ਪਰਵਾਸ ਦੇ ਮਾਮਲੇ ਵਿਚ ਸਮਝਣ ਵਾਲ਼ਾ ਅਸਲ ਮਸਲਾ ਇਹ ਹੈ ਕਿ ਪਰਵਾਸ ਕਿਸ ਰੂਪ ਵਿਚ ਅਤੇ ਕਿਸ ਉਦੇਸ਼ ਲਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਇਸ ਸਭ ਦੀ ਗਹਿਰੀ ਸਮਝ ਪ੍ਰਦਾਨ ਕਰਦੀ ਹੈ।
ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਪੁਸਤਕ ਦੀ ਖੋਜੀ ਸਮਰੱਥਾ ਅਤੇ ਲੇਖਕਾਂ ਦੀ ਪ੍ਰਤਿਬੱਧਤਾ ਦੀ ਗੱਲ ਕਰਦਿਆਂ ਕਿਹਾ ਕਿ ਅਗਲੇਰੇ ਅਧਿਐਨਾਂ ਵਿਚ ਜੇ ਸਾਹਿਤ ਅਤੇ ਅਰਥ-ਵਿਗਿਆਨ ਦੇ ਅਧਿਐਨ ਸੰਯੋਗੀ ਬਿਰਤੀ ਵਾਲ਼ੇ ਹੋਣ ਤਾਂ ਪਰਵਾਸ ਦੇ ਮਾਨਵੀ ਪੱਖਾਂ ਨੂੰ ਹੋਰ ਵਧੇਰੇ ਸਮਰੱਥਾ ਨਾਲ ਸਮਝਿਆ ਜਾ ਸਕਦਾ ਹੈ।
ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਵਾਸ ਨੂੰ ਚੰਗੇ ਅਤੇ ਮਾੜੇ ਦੀ ਇਕਹਿਰੀ ਦੁਵੰਡ ਤੋਂ ਪਾਰ ਜਾ ਕੇ ਸਮਝਣ ਦੀ ਲੋੜ ਹੈ; ਨਾ ਏਥੇ ਹੀ ਸਭ ਕੁਝ ਖਤਮ ਹੋ ਗਿਆ ਹੈ ਅਤੇ ਨਾ ਹੀ ਵਿਦੇਸ਼ਾਂ ਵਿਚ ਸਭ ਚੰਗਾ ਹੈ।
ਡਾ. ਹਰਜਿੰਦਰ ਸਿੰਘ ਵਾਲੀਆ ਨੇ ਕਿਤਾਬ ਦੀਆਂ ਵਿਭਿੰਨ ਪਰਤਾਂ ਨੂੰ ਉਘਾੜਦਿਆਂ ਕਿਹਾ ਕਿ ਪੰਜਾਬ ਦੇ ਸਮਕਾਲੀ ਪਰਵਾਸ ਨੂੰ ਨੈਤਿਕਤਾ ਨੂੰ ਵੱਡੀ ਢਾਹ ਲਾਈ ਹੈ।
ਇਸ ਮੌਕੇ ਇਨ੍ਹਾਂ ਵਿਦਵਾਨਾਂ ਤੋਂ ਬਿਨਾ ਅਮਰਜੀਤ ਵੜੈਚ, ਡਾ. ਮਾਨ ਸਿੰਘ ਢੀਂਡਸਾ, ਡਾ. ਆਰ ਕੇ ਮਹਾਜਨ, ਡਾ. ਜਸਦੀਪ ਸਿੰਘ ਤੂਰ ਅਤੇ ਡਾ. ਗੁਰਮੁਖ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਵੱਡੀ ਗਿਣਤੀ ਵਿਚ ਹਾਜ਼ਰ ਸਰੋਤਿਆਂ ਨੇ ਸਮਾਗਮ ਦੇ ਅੰਤ ਵਿਚ ਸੰਵਾਦ ਰਚਾਉਂਦਿਆਂ ਪੰਜਾਬ ਅਤੇ ਪਰਵਾਸ ਦੇ ਉਲਝੀ ਤਾਣੀ ਨੂੰ ਸਮਝਣ ਵਿਚ ਗਹਿਰੀ ਦਿਲਚਸਪੀ ਦਿਖਾਈ।