ਪੇਂਡੂ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਪੁਲਿਸ ਅਧਿਕਾਰੀ ਮੁਲਾਕਾਤ ਲਟਕਦੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ

0
49
ਪੇਂਡੂ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਪੁਲਿਸ ਅਧਿਕਾਰੀ ਮੁਲਾਕਾਤ ਲਟਕਦੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ

ਪੇਂਡੂ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਪੁਲਿਸ ਅਧਿਕਾਰੀ ਮੁਲਾਕਾਤ
ਲਟਕਦੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ
ਦਲਜੀਤ ਕੌਰ
ਜਲੰਧਰ, 09 ਅਗਸਤ, 2024:ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸਾਂਝੇ ਵਫ਼ਦ ਵਲੋਂ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਅਨੇਕਾਂ ਮਸਲਿਆਂ ਨੂੰ ਲਟਕਾਈ ਰੱਖਣ ਤੇ ਦੁੱਖ਼ ਪ੍ਰਗਟ ਕਰਦਿਆਂ ਲਟਕ ਰਹੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ। ਜਿਹਨਾਂ ਵਫ਼ਦ ਨੂੰ ਧਿਆਨ ਨਾਲ ਸੁਣਨ ਉਪਰੰਤ ਹਾਂ ਪੱਖੀ ਹੁੰਗਾਰਾ ਭਰਿਆ ਅਤੇ ਮਸਲਿਆਂ ਦੇ ਹੱਲ ਲਈ ਐੱਸ ਪੀ ਪੱਧਰ ਦੇ ਅਧਿਕਾਰੀ ਦੀ ਜ਼ਿੰਮੇਵਾਰੀ ਲਗਾਉਣ ਦਾ ਭਰੋਸਾ ਦਿੱਤਾ। ਮਜ਼ਦੂਰਾਂ ਕਿਸਾਨਾਂ ਦੇ ਸਾਂਝੇ ਵਫਦ ਨੇ ਆਏ ਦਿਨ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਮਾਮਲਾ ਵੀ ਉਠਾਇਆ। ਉਦਾਹਰਨ ਦੇ ਤੌਰ ਉੱਤੇ ਅੰਮ੍ਰਿਤਪਾਲ ਸਿੰਘ ਉਰਫ਼ ਲਵਲੀ ਵਾਸੀ ਬਾਂਗੀਵਾਲ ਅਤੇ ਇਸ ਤੋਂ ਪਹਿਲਾਂ ਇਸਦੇ ਭਰਾ ਦੀ ਮੌਤ ਬਾਰੇ ਦੱਸਿਆ। ਵਫਦ ਨੇ ਕਿਹਾ ਕਿ ਜਿਸ ਥਾਣੇ ਅਧੀਨ ਨਸ਼ਾ ਕਾਰਨ ਮੌਤ ਹੁੰਦੀ ਹੈ। ਉਸ ਥਾਣੇ ਦੇ ਮੁਖੀ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਮਨੁੱਖਤਾ ਵਿਰੋਧੀ ਲੋਕਾਂ ਦੀਆਂ ਜਾਇਦਾਤਾਂ ਤੁਰੰਤ ਜ਼ਬਤ ਕੀਤੀਆਂ ਜਾਣ।
ਇਸ ਮੌਕੇ ਵਫ਼ਦ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਹੰਸ ਰਾਜ ਪੱਬਵਾਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਸਮਰਾ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਚੰਨਣ ਸਿੰਘ ਬੁੱਟਰ, ਦਰਸ਼ਨ ਸਿੰਘ ਬੁੰਡਾਲਾ, ਜੀ ਐੱਸ ਅਟਵਾਲ,ਕੇ ਐੱਸ ਅਟਵਾਲ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਦਲਜੀਤ ਕੌਰ ਪਾੜਾ ਆਦਿ ਸ਼ਾਮਲ ਸਨ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਹੰਸ ਰਾਜ ਪੱਬਵਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਜ਼ਮੀਨੇ ਦਲਿਤ ਮਜ਼ਦੂਰ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਥਾਣਾ ਲੋਹੀਆਂ ਦੇ ਅਧੀਨ ਪੈਂਦੇ ਪਿੰਡ ਸਰਦਾਰਵਾਲਾ ਵਿਖੇ ਯੂਨੀਅਨ ਦੀ ਅਗਵਾਈ ਹੇਠ ਸੰਘਰਸ਼ ਕਰ ਰਹੇ ਸਨ। ਆਪਣੇ ਹੱਕੀ ਸੰਘਰਸ਼ ਲਈ ਉਹਨਾਂ ਪੰਚਾਇਤੀ ਜ਼ਮੀਨ ਵਿੱਚ ਦਿਨ ਰਾਤ ਦਾ ਧਰਨਾ ਲਗਾਇਆ ਹੋਇਆ ਸੀ। ਦਲਿਤ ਮਜ਼ਦੂਰਾਂ ਦੀ ਇਸ ਮੰਗ ਦਾ ਕੁੱਝ ਰਸੂਖ਼ ਪ੍ਰਾਪਤ ਲੋਕ ਵਿਰੋਧ ਕਰ ਰਹੇ ਸਨ। ਇਸ ਚਲਦਿਆਂ ਹੀ 25 ਅਕਤੂਬਰ 2020 ਨੂੰ ਧਰਨਾਕਾਰੀ ਦਲਿਤਾਂ ਉੱਪਰ ਉਹਨਾਂ ਵਿਅਕਤੀਆਂ ਨੇ ਆਪਣੇ ਉੱਚ ਜਾਤੀ ਦੇ ਹੰਕਾਰ ਵਿੱਚ ਹਮਲਾ ਕਰ ਦਿੱਤਾ। ਮੌਕੇ ਉੱਤੇ ਪੁੱਜ ਥਾਣਾ ਲੋਹੀਆਂ ਪੁਲਿਸ ਨੇ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਲੋਹੀਆਂ ਭਰਤੀ ਕਰਵਾਇਆ ਅਤੇ ਹਮਲਾਵਰਾਂ ਖਿਲਾਫ਼ ਐੱਸ ਸੀ, ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਪ੍ਰੰਤੂ  ਦਲਿਤ ਵਿਰੋਧੀ ਧਿਰ ਨੇ ਆਪਣੇ ਗੁਨਾਹ ਤੋਂ ਬਚਣ ਲਈ ਆਪਣਾ ਰਸੂਖ਼ ਵਰਤਦੇ ਹੋਏ ਪੀੜਤ ਦਲਿਤ ਮਜ਼ਦੂਰਾਂ ਖਿਲਾਫ਼ ਝੂਠਾ ਕਰਾਸ ਕੇਸ ਦੀ ਰਪਟ ਦਰਜ ਕਰਵਾ ਦਿੱਤੀ। ਜਿਸਨੂੰ ਰੱਦ ਕਰਨ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵਾਰ ਵਾਰ ਭਰੋਸਾ ਦਿੱਤਾ ਲੇਕਿਨ ਉਸ ਉੱਪਰ ਅਮਲ ਨਾ ਕੀਤਾ।
ਕਿਰਤੀ ਕਿਸਾਨ ਯੂਨੀਅਨ ਆਗੂ ਸੁਰਜੀਤ ਸਿੰਘ ਸਮਰਾ ਨੇ ਕਿਹਾ ਕਿ ਤਹਿਸੀਲ ਫਲੌਰ ਅਤੇ ਮਹਿਤਪੁਰ ਥਾਣੇ ਦੇ ਮੰਡ ਅਧੀਨ ਪਿੰਡਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਨਸ਼ਾ ਤਸਕਰਾਂ ਅਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਗਰੋਹਾਂ ਨੂੰ ਜਥੇਬੰਦੀ ਦੇ ਕਾਰਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਜਥੇਬੰਦੀ ਵੱਲੋਂ ਸੰਘਰਸ਼ ਸਦਕਾ ਪਰਚੇ ਦਰਜ ਕਰਾਉਣ ਦੇ ਬਾਵਜੂਦ ਨਾ ਤਾਂ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਨਾ ਹੀ ਉਹਨਾਂ ਕੋਲੋਂ ਗੈਰ ਕਾਨੂੰਨੀ ਹਥਿਆਰ ਜਬਤ ਕੀਤੇ ਜਾ ਰਹੇ ਹਨ। ਪੁਲਿਸ ਥਾਣਿਆਂ ਵਿੱਚ ਬੈਠੀਆਂ ਕੁਝ ਕਾਲੀਆਂ ਭੇਡਾਂ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੀਆਂ ਹਨ।
ਉਨ੍ਹਾਂ ਅੱਗੇ ਦੱਸਦੇ ਹੋਏ ਕਿਹਾ ਕਿ ਕਰਤਾਰਪੁਰ ਸਥਿਤ ਇੱਕ ਹਸਪਤਾਲ ਦੇ ਮਾਲਕ ਹਿੱਸੇਦਾਰ ਨੇ ਸਾਡੇ ਸਥਾਨਕ ਯੂਨੀਅਨ ਆਗੂ ਤੋਂ ਬਲੇਕ ਮੇਲ ਕਰਕੇ ਪੈਸੇ ਬਟੋਰਨ ਖ਼ਾਤਰ ਝੂਠੀ ਇਰਾਦਾ ਕਤਲ ਦੀ ਆਪਣੇ ਹਸਪਤਾਲ ਤੋਂ ਰਿਪੋਰਟ ਭਿਜਵਾ ਕੇ ਇਰਾਦਾ ਕਤਲ ਦਾ ਮੁਕੱਦਮਾ ਨੰਬਰ 81/2021 ਦਰਜ ਕਰਵਾ ਦਿੱਤਾ। ਕਰਤਾਰਪੁਰ ਪੁਲਿਸ ਨੇ ਬਿਨ੍ਹਾਂ ਕੋਈ ਪੜਤਾਲ ਕੀਤੇ ਅਤੇ ਬਿਨ੍ਹਾਂ ਮੈਡੀਕਲ ਲੀਗਲ ਰਿਪੋਰਟ ਦੇ ਮੁਕੱਦਮਾ ਦਰਜ ਸਮੇਂ ਅੱਖਾਂ ਮੀਚ ਕੇ ਸਭ ਕਾਰਵਾਈ ਕਰ ਦਿੱਤੀ। ਵਾਅਦੇ ਦੇ ਬਾਵਜੂਦ ਅੱਜ ਤੱਕ ਉਸ ਮੁਕੱਦਮੇ ਨੂੰ ਰੱਦ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਧੀਕੀਆਂ ਦੇ ਜ਼ਿਲ੍ਹੇ ਭਰ ਚ ਹੋਰ ਵੀ ਮਾਮਲੇ ਲਟਕ ਰਹੇ। ਸਥਾਨਕ ਪੁਲਸ ਪ੍ਰਸ਼ਾਸਨ ਨਿਆਂ ਦੇਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਸ ਐੱਸ ਪੀ ਜਲੰਧਰ ਦਿਹਾਤੀ ਵਲੋਂ ਮਿਲੇ ਭਰੋਸੇ ਤਹਿਤ ਜੇਕਰ ਹੁਣ ਵੀ ਨਿਆਂ ਨਾ ਮਿਲਿਆ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।
ਫੋਟੋ: ਐੱਸ ਐੱਸ ਪੀ ਨੂੰ ਮਸਲਿਆਂ ਸੰਬੰਧੀ ਲਿਖਤੀ ਦਰਖ਼ਾਸਤ ਦਿੰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ

LEAVE A REPLY

Please enter your comment!
Please enter your name here