ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਨੂੰ ਰਿਹਾਅ ਕਰਨ ਲਈ ਪੁਲਿਸ ਅਧਿਕਾਰੀਆਂ ਦੀ ਵਾਅਦਾ ਖਿਲਾਫੀ ਵਿਰੁੱਧ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕਰਨ ਦਾ ਐਲਾਨ

0
101
ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਨੂੰ ਰਿਹਾਅ ਕਰਨ ਲਈ ਪੁਲਿਸ ਅਧਿਕਾਰੀਆਂ ਦੀ ਵਾਅਦਾ ਖਿਲਾਫੀ ਵਿਰੁੱਧ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਾਨੂੰਨ ਦੇ ਰਖਵਾਲੇ ਐੱਮ ਐੱਲ ਏ ਦੇ ਦਬਾਅ ਹੇਠ ਖ਼ੁਦ ਉਡਾ ਰਹੇ ਕਾਨੂੰਨ ਦੀਆਂ ਧੱਜੀਆਂ, ਕਰ ਰਹੇ ਦਲਿਤਾਂ ਨਾਲ ਅੱਤਿਆਚਾਰ

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਨੂੰ ਰਿਹਾਅ ਕਰਨ ਲਈ ਪੁਲਿਸ ਅਧਿਕਾਰੀਆਂ ਦੀ ਵਾਅਦਾ ਖਿਲਾਫੀ ਵਿਰੁੱਧ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕਰਨ ਦਾ ਐਲਾਨ
ਕਾਨੂੰਨ ਦੇ ਰਖਵਾਲੇ ਐੱਮ ਐੱਲ ਏ ਦੇ ਦਬਾਅ ਹੇਠ ਖ਼ੁਦ ਉਡਾ ਰਹੇ ਕਾਨੂੰਨ ਦੀਆਂ ਧੱਜੀਆਂ, ਕਰ ਰਹੇ ਦਲਿਤਾਂ ਨਾਲ ਅੱਤਿਆਚਾਰ
ਦਲਜੀਤ ਕੌਰ
ਹੁਸ਼ਿਆਰਪੁਰ,21 ਜੂਨ, 2024: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਸੂਬਾ ਪ੍ਰਧਾਨ ਤਰਸੇਮ ਪੀਟਰ ਦੀ ਪ੍ਰਧਾਨਗੀ ਹੇਠ ਆਪਣੀ ਮੀਟਿੰਗ ਕਰਕੇ ਮੰਗਲਵਾਰ 25 ਜੂਨ ਤੋਂ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਮੋਰਚਾ ਪਿੰਡ ਟਾਹਲੀ ਥਾਣਾ ਟਾਂਡਾ ਨਾਲ ਸਬੰਧਤ ਜੇਲ੍ਹ ਡੱਕੇ 3 ਦਲਿਤ ਮਜ਼ਦੂਰਾਂ ਨੂੰ ਰਿਹਾਅ ਕਰਨ ਅਤੇ ਦਲਿਤ ਨੌਜਵਾਨ ਦੇ ਹੱਥੋਂ ਮੋਬਾਇਲ ਫ਼ੋਨ ਝਪਟਣ ਤੇ ਦਲਿਤ ਮਜ਼ਦੂਰਾਂ ਨਾਲ ਵਧੀਕੀ ਕਰਨ ਵਾਲੇ ਜਾਤ ਹੰਕਾਰੀ ਐੱਮ.ਐੱਲ.ਏ. ਟਾਂਡਾ ਜਸਵੀਰ ਸਿੰਘ ਰਾਜਾ ਅਤੇ ਉਸਦੇ ਹਮਾਇਤੀਆਂ ਖਿਲਾਫ਼ ਐੱਸ.ਸੀ., ਐੱਸ.ਟੀ. ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦਾ ਵਾਅਦਾ ਕਰਨ ਉਪਰੰਤ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਕੀਤੀ ਗਈ ਵਾਅਦਾ ਖਿਲਾਫੀ ਵਿਰੁੱਧ ਸ਼ੁਰੂ ਕੀਤਾ ਜਾ ਰਿਹਾ ਹੈ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਅੱਜ ਏਥੋਂ ਇਹ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਤਹਿਸੀਲ ਟਾਂਡਾ ਦੇ ਪਿੰਡ ਟਾਹਲੀ ਵਿਖੇ 20 ਮਈ ਨੂੰ ਚੋਣ ਪ੍ਰਚਾਰ ਦੌਰਾਨ ਐੱਮ.ਐੱਲ.ਏ. ਟਾਂਡਾ ਜਸਵੀਰ ਸਿੰਘ ਰਾਜਾ ਨੂੰ ਦਲਿਤ ਮਜ਼ਦੂਰਾਂ ਨੇ ਸਵਾਲ ਕੀ ਪੁੱਛ ਲਏ ਕਿ ਪ੍ਰੋਵੈਨਸ਼ਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਕਿਉਂ ਨਹੀਂ ਦਿੱਤੇ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਕਿਉਂ ਨਹੀਂ ਦਿੱਤੇ, ਤੁਸੀਂ ਕਹਿੰਦੇ ਹੋ ਕਿ ਘਰੇਲੂ ਬਿਜਲੀ ਬਿੱਲ ਮੁਆਫ਼ ਹਨ , ਫ਼ਿਰ ਬਿਜਲੀ ਬਿੱਲ ਕਿਉਂ ਆ ਰਹੇ ਹਨ?? ਵਿਧਾਇਕ ਰਾਜਾ ਵਲੋਂ ਲੋਕਤੰਤਰੀ ਢੰਗ ਨਾਲ ਜਵਾਬ ਦੇਣ ਦੀ ਥਾਂ ਬੁਖਲਾਹਟ ਵਿੱਚ ਆ ਕੇ ਉਸ ਨੇ ਆਪਣੇ ਆਪ ਸੱਚੀ ਮੁੱਚੀ ਦਾ ਰਾਜਾ ਸਮਝਦਿਆਂ ਡਿਕਟੇਟਰੀ ਰੂਪ ਧਾਰ ਲਿਆ।ਪਹਿਲਾਂ ਤਾਂ ਉਸਨੇ ਵੀਡੀਓ ਬਣਾ ਰਹੇ ਦਲਿਤ ਮਜ਼ਦੂਰ ਤੋਂ ਮੋਬਾਇਲ ਫ਼ੋਨ ਝਪਟਿਆ ਤੇ ਫ਼ਿਰ ਦਲਿਤ ਮਜ਼ਦੂਰਾਂ ਨੂੰ ਧੱਕੇ ਮਾਰਦਿਆਂ ਵਧੀਕੀ ਕਰਨੀ ਸ਼ੁਰੂ ਕਰ ਦਿੱਤੀ। ਉਸਦੇ ਪੀਏ ਨੇ ਇੱਕ ਪਿੰਡ ਵਾਸੀ ਨਾਲ ਹੱਥੋਂ ਪਾਈ ਕਰਦਿਆਂ ਉਸਦੀ ਪੱਗ ਉਤਾਰ ਦਿੱਤੀ। ਉਲ਼ਟ ਹਲਕਾ ਵਿਧਾਇਕ ਨੇ ਸੱਤਾ ਦਾ ਰੋਅਬ ਪਾ ਕੇ ਥਾਣਾ ਟਾਂਡਾ ਵਿਖੇ ਪੀੜਤ ਦਲਿਤ ਮਜ਼ਦੂਰਾਂ ਖਿਲਾਫ਼ ਹੀ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਵਾ ਕੇ 3 ਦਲਿਤ ਮਜ਼ਦੂਰਾਂ ਨੂੰ 20 ਮਈ ਤੋਂ ਜੇਲ੍ਹ ਬੰਦ ਕਰਵਾ ਦਿੱਤਾ। ਪੁਲਿਸ ਪ੍ਰਸ਼ਾਸਨ ਵਲੋਂ ਕੇਸ ਦਰਜ ਕਰਨ ਅਤੇ ਦਲਿਤ ਮਜ਼ਦੂਰਾਂ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਨਾ ਤਾਂ ਕੋਈ ਪੜਤਾਲ ਕੀਤੀ ਅਤੇ ਨਾ ਹੀ ਘਟਨਾ ਸਥਾਨ ਗੁਰਦੁਆਰਾ ਸਾਹਿਬ ਸੰਤ ਬਾਬਾ ਪ੍ਰੇਮ ਸਿੰਘ ਵਿਖੇ ਲੱਗੇ ਸੀਸੀਵੀਟੀ ਫੁੱਟਜ਼ ਨੂੰ ਵਾਚਣਾ ਜ਼ਰੂਰੀ ਸਮਝਿਆ। ਜਦਕਿ ਸਾਰੀ ਘਟੀ ਘਟਨਾ ਦੀ ਸੀਸੀਵੀਵੀ ਫੁੱਟਜ਼ ਵੇਖਣ ਉਪਰੰਤ ਸਚਾਈ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਵਲੋਂ ਯੂਨੀਅਨ ਆਗੂਆਂ ਦੀ ਹਾਜ਼ਰੀ ਵਿੱਚ ਸੀਸੀਵੀਵੀ ਫੁੱਟਜ਼ ਵੇਖਣ ਉਪਰੰਤ 13 ਜੂਨ ਨੂੰ ਐੱਸਐੱਸਪੀ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਮੌਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ 19 ਜੂਨ ਨੂੰ ਜੇਲ੍ਹ ਬੰਦ ਕੀਤੇ ਦਲਿਤ ਮਜ਼ਦੂਰਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ। ਜਿਸ ਉੱਪਰ ਪੁਲਿਸ ਪ੍ਰਸ਼ਾਸਨ ਖ਼ਰਾ ਨਹੀਂ ਉੱਤਰਿਆ ਅਤੇ ਐੱਮ ਐੱਲ ਏ ਦੇ ਦਬਾਅ ਕਾਰਨ ਆਪਣੇ ਵਾਅਦੇ ਤੋਂ ਪਿੱਛੇ ਹਟ ਗਿਆ ਹੈ।
ਉਨ੍ਹਾਂ ਕਿਹਾ ਕਿ ਘਟਨਾ ਸਥਾਨ ਦਾ ਦੌਰਾ ਕਰਨ ਤੇ ਮੌਕਾ ਗਵਾਹਾਂ ਦੇ ਬਿਆਨ ਲੈਣ ਉਪਰੰਤ ਇੱਕ ਵਾਰ ਫਿਰ ਯੂਨੀਅਨ ਆਗੂਆਂ ਦੀ ਹਾਜ਼ਰੀ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਨੇ ਸੀਸੀਵੀਵੀ ਫੁੱਟਜ਼ ਦੇਖੀਂ।ਜਿਸ ਵਿੱਚ ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਜਾਂ ਉਹਨਾਂ ਦੇ ਬਾਕੀ ਸਾਥੀਆਂ ਵਲੋਂ ਕੋਈ ਲੜਾਈ ਝਗੜਾ ਕਰਨਾ ਜਾਂ ਕਿਸੇ ਨਾਲ ਕੋਈ ਬਦਸਲੂਕੀ ਕਰਨੀ ਸਾਬਿਤ ਨਹੀਂ ਹੁੰਦੀ। ਹਾਂ ਐੱਮ ਐੱਲ ਏ ਟਾਂਡਾ ਜਸਵੀਰ ਸਿੰਘ ਰਾਜਾ ਵਲੋਂ ਦਲਿਤ ਮਜ਼ਦੂਰ ਤੋਂ ਮੋਬਾਇਲ ਝਪਟਣ ਉਪਰੰਤ ਦਲਿਤ ਨੌਜਵਾਨ ਨੂੰ ਧੱਕੇ ਮਾਰਦਿਆਂ ਵਧੀਕੀ ਕਰਨੀ , ਉਸਦੇ ਪੀਏ ਕੇਸਵ ਸਿੰਘ ਸੈਣੀ ਵਲੋਂ ਇੱਕ ਪਿੰਡ ਵਾਸੀ ਨਾਲ ਹੱਥੋਂ ਪਾਈ ਕਰਦਿਆਂ ਉਸਦੀ ਪੱਗ ਉਤਾਰ ਦੇਣੀ ਸਾਫ਼ ਦਿਖਾਈ ਦੇ ਰਹੀ ਹੈ। ਇਹ ਸਭ ਕੁੱਝ ਦਲਿਤ ਮਜ਼ਦੂਰਾਂ ਨੂੰ ਜਾਤੀ ਨੀਵਾਂ ਦਿਖਾਉਣ ਖਾਤਰ ਕੀਤਾ ਗਿਆ। ਇਸ ਦੇ ਬਾਵਜੂਦ ਗੁਨਾਹਗਾਰ  ਵਿਧਾਇਕ ਤੇ ਉਸਦਾ ਪੀਏ ਜਿਸਦੀ ਜਗ੍ਹਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਣਦੀ ਹੈ ਸ਼ਰੇਆਮ ਬਾਹਰ ਘੁੰਮ ਰਹੇ ਹਨ ਅਤੇ ਜੋ ਪੀੜਤ ਬਾਹਰ ਚਾਹੀਦੇ ਸਨ ਉਹਨਾਂ ਦਲਿਤ ਮਜ਼ਦੂਰਾਂ ਨੂੰ ਜਾਣਬੁੱਝ ਕੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਸੀਨੀਅਰ ਪੁਲਿਸ ਅਧਿਕਾਰੀ ਸਹੀ ਤੱਥਾਂ ਦੀ ਉਸ ਦਿਨ ਹੀ ਕਾਨੂੰਨ ਅਨੁਸਾਰ ਪੜਤਾਲ ਕਰ ਲੈਂਦੇ ਅਤੇ ਸੀਸੀਵੀਵੀ ਫੁੱਟਜ਼ ਨੂੰ ਵਾਚ ਲੈਂਦੇ ਤਾਂ ਪੀੜਤ ਦਲਿਤ ਮਜ਼ਦੂਰ ਜੇਲ੍ਹ ਨਾ ਵੇਖਦੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਦੀ ਪੱਖਪਾਤੀ ਕਾਰਗੁਜ਼ਾਰੀ ਨੇ ਸਾਬਿਤ ਕਰ ਦਿੱਤਾ ਹੈ ਕਿ ਸੀਨੀਅਰ ਪੁਲਿਸ ਅਧਿਕਾਰੀ ਕਾਨੂੰਨ ਮੁਤਾਬਿਕ ਨਹੀਂ ਤਾਕਤਵਰ ਲੋਕਾਂ ਦੀ ਕੱਠਪੁਤਲੀ ਬਣ ਕੇ ਵਿਚਰਦੇ ਹਨ। ਇਸ ਸਭ ਕੁੱਝ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਦਲਿਤਾਂ, ਮਜ਼ਦੂਰਾਂ ਵਲੋਂ ਆਪਣੇ ਹਿੱਸੇ ਦੀ ਜ਼ਮੀਨ ਦਾ ਹੱਕ ਪ੍ਰਾਪਤ ਕਰਨ ਲਈ ਉਠਾਈ ਜਾ ਰਹੀ ਆਵਾਜ਼ ਨੂੰ ਪੇਂਡੂ ਧਨਾਢ, ਸੱਤਾਧਾਰੀ ਪਾਰਟੀ ਦੇ ਸਿਆਸਤਦਾਨ ਤੇ ਪੁਲਿਸ ਅਧਿਕਾਰੀ ਗੱਠਜੋੜ ਬਣਾ ਕੇ ਕੁਚਲਣਾ ਚਾਹੁੰਦੇ ਹਨ,ਜਿਸ ਵਿੱਚ ਇਸ ਦਲਿਤ ਵਿਰੋਧੀ ਗੱਠਜੋੜ ਨੂੰ ਸਫ਼ਲਤਾ ਹਾਸਿਲ ਨਹੀਂ ਹੋਵੇਗੀ,ਇਸ ਗੱਠਜੋੜ ਦਾ ਇਹ ਭਰਮ ਚਕਨਾਚੂਰ ਹੋ ਕੇ ਰਹੇਗਾ।
ਉਨ੍ਹਾਂ ਸਮੂਹ ਇਨਸਾਫ਼ਪਸੰਦ ਲੋਕਾਂ, ਜਥੇਬੰਦੀਆਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਪੰਜਾਬ ਭਰ ਚ ਯੂਨੀਅਨ ਕਾਰਕੁਨਾਂ ਨੂੰ 25 ਜੂਨ ਤੋਂ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਸ਼ੁਰੂ ਕੀਤੇ ਜਾ ਰਹੇ ਅਣਮਿੱਥੇ ਸਮੇਂ ਲਈ ਮੋਰਚਾ ਨੂੰ ਹਰ ਪੱਖ ਤੋਂ ਸਫ਼ਲ ਬਣਾਉਣ ਦਾ ਸੱਦਾ ਵੀ ਦਿੱਤਾ।
ਕੈਪਸਨ: ਮੋਰਚਾ ਲਗਾਉਣ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਹੋਰ ਆਗੂ।

LEAVE A REPLY

Please enter your comment!
Please enter your name here