ਪ੍ਰਦੂਸ਼ਿਤ ਗੈਸ ਫੈਕਟਰੀਆਂ ਵਿਰੁੱਧ ਜਿਲ੍ਹਾ ਪੱਧਰੀ ਤਾਲਮੇਲ ਸੰਘਰਸ਼ ਕਮੇਟੀ ਦਾ ਗਠਨ

0
26
11 ਜੂਨ ਨੂੰ ਡੀ.ਸੀ. ਦਫਤਰ ਲੁਧਿਆਣਾ ਵਿਖੇ ਵਿਸ਼ਾਲ ਰੋਸ ਮੁਜਾਹਰੇ ਦਾ ਐਲਾਨ
ਦਲਜੀਤ ਕੌਰ
ਲੁਧਿਆਣਾ, 03 ਜੂਨ 2024: ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਜਿਲ੍ਹੇ ਅੰਦਰ ਜਾਰੀ ਅਤੇ ਉਸਾਰੀ ਅਧੀਨ ਬਾਇਓ/ਸੀ.ਐਨ.ਜੀ. ਗੈਸ ਫੈਕਟਰੀਆਂ ਵਿਰੁੱਧ ਚੱਲ ਰਹੇ ਸੰਘਰਸ਼ ਸਬੰਧੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪ੍ਰਦੂਸ਼ਿਤ ਗੈਸ ਫੈਕਟਰੀਆਂ ਵਿਰੁੱਧ ਤਾਲਮੇਲ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਭੂੰਦੜੀ, ਅਖਾੜਾ, ਘੁੰਗਰਾਲੀ ਰਾਜਪੂਤਾਂ ਅਤੇ ਮੁਸ਼ਕਾਬਾਦ ਪਿੰਡਾਂ ਵਿਖੇ ਜਾਰੀ ਪੱਕੇ ਮੋਰਚਿਆਂ ਦੀ ਅਗਵਾਈ ਕਰ ਰਹੇ ਨੁਮਾਇੰਦੇ ਸ਼ਾਮਲ ਹੋਏ। ਤਾਲਮੇਲ ਕਮੇਟੀ ਨੇ 11 ਜੂਨ ਨੂੰ ਡੀ.ਸੀ. ਦਫਤਰ ਲੁਧਿਆਣਾ ਵਿਖੇ ਵਿਸ਼ਾਲ ਰੋਸ ਮੁਜਾਹਰਾ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਸਬੰਧਤ ਪਿੰਡਾਂ ਦੇ ਹਜਾਰਾਂ ਲੋਕਾਂ ਤੋਂ ਇਲਾਵਾ ਜਿਲ੍ਹੇ ਦੀਆਂ ਜਨਤਕ ਜੱਥੇਬੰਦੀਆਂ ਵੱਲੋਂ ਵੀ ਵੱਡੇ ਪੱਧਰ ਉੱਤੇ ਸ਼ਮੂਲੀਅਤ ਕੀਤੀ ਜਾਵੇਗੀ।
ਤਾਲਮੇਲ ਸੰਘਰਸ਼ ਕਮੇਟੀ ਦੇ ਕੋਆਡੀਨੇਟਰ ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਅੱਜ ਏ.ਡੀ.ਸੀ. ਮੇਜਰ ਅਮਿਤ ਸਰੀਨ ਨਾਲ਼ ਵਿਸਥਾਰਪੂਰਕ ਮੀਟਿੰਗ ਹੋਈ। ਏ.ਡੀ.ਸੀ. ਨੇ ਭਰੋਸਾ ਦਵਾਇਆ ਹੈ ਕਿ ਉਹ ਖੁਦ ਘੁੰਗਰਾਲ਼ੀ ਰਾਜਪੂਤਾਂ ਫੈਕਟਰੀ ਦਾ ਦੌਰਾ ਕਰਨਗੇ ਅਤੇ ਮਸਲੇ ਨੂੰ ਹੱਲ ਕਰਨਗੇ। ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਉਹਨਾਂ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਗੈਸ ਫੈਕਟਰੀਆਂ ਕਾਰਨ ਲੋਕਾਂ ਦੇ ਜਾਨ-ਮਾਲ ਦਾ ਵੱਡੇ ਪੱਧਰ ਉੱਤੇ ਖਤਰਾ ਖੜ੍ਹਾ ਹੋ ਗਿਆ ਹੈ। ਇਲਾਕੇ ਵਿੱਚ ਬਦਬੂ, ਪ੍ਰਦੂਸ਼ਣ, ਬਿਮਾਰੀਆਂ ਫੈਲਣਗੇ। ਇਹ ਫੈਕਟਰੀਆਂ ਅਬਾਦੀ ਦੇ ਬਿਲਕੁਲ ਨੇੜੇ ਹਨ। ਘੁੰਗਰਾਲੀ ਰਾਜਪੂਤਾਂ (ਨੇੜੇ ਖੰਨਾ) ਵਿਖੇ ਜਾਰੀ ਫੈਕਟਰੀ ਨੇ ਇਲਾਕੇ ਵਿੱਚ ਜੋ ਕਹਿਰ ਮਚਾਇਆ ਹੈ ਉਹ ਸਭ ਦੇ ਸਾਹਮਣੇ ਹੈ ਪਰ ਇਸਦੇ ਬਾਵਜੂਦ ਨਾ ਇਹ ਫੈਕਟਰੀ ਬੰਦ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਹੋਰ ਉਸਾਰੀ ਅਧੀਨ ਫੈਕਟਰੀਆਂ ਦੇ ਲਾਈਸੈਂਸ ਰੱਦ ਕੀਤੇ ਜਾ ਰਹੇ ਹਨ। ਲੋਕ ਪੱਕੇ ਮੋਰਚੇ ਲਾ ਕੇ ਜੋਰਦਾਰ ਰੋਸ ਜਤਾ ਰਹੇ ਹਨ ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਇਸ ਲਈ ਲੋਕਾਂ ਨੇ ਚੋਣਾਂ ਦਾ ਵੀ ਬਾਈਕਾਟ ਕੀਤਾ। ਪੱਕੇ ਮੋਰਚਿਆਂ ਵਾਲ਼ੇ ਪਿੰਡਾਂ ਵਿੱਚ ਲੱਗਭਗ ਪੂਰਣ ਬਾਈਕਾਟ ਰਿਹਾ ਅਤੇ ਇਹਨਾਂ ਇਲਾਕਿਆਂ ਦੇ ਹੋਰ ਪਿੰਡਾਂ ਵਿੱਚ ਵੀ ਵੱਡੇ ਪੱਧਰ ਉੱਤੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕੀਤਾ। ਹੁਣ ਤਾਲਮੇਲ ਕਮੇਟੀ ਬਣਾ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਦੀਆਂ ਸਮੁੱਚੀਆਂ ਇਨਸਾਫਪਸੰਦ ਜਨਤਕ ਜੱਥੇਬੰਦੀਆਂ, ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ ਨੂੰ ਉਹਨਾਂ ਦੇ ਸੰਘਰਸ਼ ਦੀ ਪੁਰਜੋਰ ਹਿਮਾਇਤ ਕਰਨ ਅਤੇ 11 ਜੂਨ ਦੇ ਵਿਸ਼ਾਲ ਰੋਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਅੱਜ ਮੀਟਿੰਗ ਵਿੱਚ ਪਿੰਡ ਭੂੰਦੜੀ ਤੋਂ ਸੁਖਦੇਵ ਸਿੰਘ, ਅਮਰੀਕ ਸਿੰਘ, ਸਤਵੰਤ ਸਿੰਘ, ਭਿੰਦਰ ਸਿੰਘ ਭਿੰਦੀ, ਜਗਤਾਰ ਸਿੰਘ, ਸੁਰਜੀਤ ਸਿੰਘ, ਪਿੰਡ ਅਖਾੜਾ ਤੋਂ ਕੰਵਲਜੀਤ ਖੰਨਾ, ਇੰਦਰਜੀਤ ਸਿੰਘ, ਗੁਰਤੇਜ ਸਿੰਘ, ਤਾਰਾ ਸਿੰਘ, ਪਿੰਡ ਘੁੰਗਰਾਲੀ ਰਾਜਪੂਤਾਂ ਤੋਂ ਕਰਮਜੀਤ ਸਿੰਘ ਸਹੋਤਾ, ਅਮਨਦੀਪ ਸਿੰਘ, ਹਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰਪਾਲ ਸਿੰਘ, ਪਿੰਡ ਮੁਸ਼ਕਾਬਾਦ ਤੋਂ ਮਾਲਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲ਼ਾ, ਨਿਰਮਲ ਸਿੰਘ, ਜਸਦੀਪ ਸੋਨੂੰ, ਪਿੰਡ ਪਾਇਲ ਤੋਂ ਤੇਜਪਾਲ ਸਿੰਘ, ਨਵਪ੍ਰੀਤ ਸਿੰਘ ਸ਼ਾਮਲ ਹੋਏ।

LEAVE A REPLY

Please enter your comment!
Please enter your name here