ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਸਰਕਾਰ ਨੂੰ ਦਿੱਲੀ ਵਾਂਗ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀ ਬੱਸਾ ਚਲਾਉਣ ਅਤੇ ਸਹਾਇਤਾ ਕੇਂਦਰ ਸਥਾਪਤ ਕਰਨ ਦੀ ਕੀਤੀ ਮੰਗ
ਪੰਜਾਬ ਸਰਕਾਰ ਅੰਮ੍ਰਿਤਸਰ ਨੂੰ ਅਣਗੌਲਿਆਂ ਕਰ ਦਿੱਲੀ ਹਵਾਈ ਅੱਡੇ ਨੂੰ ਦੇ ਰਹੀ ਤਰਜੀਹ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ
ਅਗਸਤ 31, 2024: ਪੰਜਾਬ ਸਰਕਾਰ ਵੱਲੋਂ ਹਾਲ ਵਿੱਚ ਹੀ ਪ੍ਰਵਾਸੀ ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ਉੱਪਰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਨੂੰ ਹੋਰ ਵਿਕਸਤ ਅਤੇ ਉਡਾਣਾਂ ਸ਼ੁਰੂ ਕਰਾਉਣ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਸਿਫਤੀ ਦੇ ਘਰ ਅੰਮ੍ਰਿਤਸਰ ਅਤੇ ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਵਿਤਕਰਾ ਕਰਕੇ ਇਸ ਨੂੰ ਪੂਰੀ ਤਰਾਂ ਨਜ਼ਰ–ਅੰਦਾਜ਼ ਕਰ ਰਹੀ ਹੈ।
ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ (ਕੈਨੇਡਾ), ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ (ਅਮਰੀਕਾ) ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਇੱਕ ਸਾਂਝੇ ਬਿਆਨ ‘ਚ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸੂਬਾ ਸਰਕਾਰ ਵੱਲੋਂ ਜਿਹੜੀਆਂ ਸੰਬੰਧਤ ਸਹੂਲਤਾਂ ਮਿਲ਼ਨੀਆਂ ਚਾਹੀਦੀਆਂ ਹਨ, ਉਨ੍ਹਾਂ ਦੇ ਬਾਬਤ ਉਹ ਜਲਦ ਹੀ ਲੋੜੀਂਦੇ ਕਦਮ ਚੁੱਕੇ। ਬੜੀ ਹੈਰਾਨੀ ‘ਤੇ ਚਿੰਤਾਂ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਭਾਰਤ ਦਾ ਇੱਕੋ ਇੱਕ ਅਜਿਹਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜਿੱਥੇ ਸੂਬਾ ਸਰਕਾਰ ਨੇ ਬੱਸ ਸੇਵਾ ਦਾ ਪ੍ਰਬੰਧ ਨਹੀਂ ਕੀਤਾ ਹੈ। ਇਸ ਦੇ ਉਲਟ ਪੰਜਾਬ ਸਰਕਾਰ ਨੇ ਦਿੱਲੀ ਹਵਾਈ ਅੱਡੇ ਲਈ ਪੰਜਾਬ ਤੋਂ ਵੋਲਵੋ ਬੱਸ ਸੇਵਾ ਅਤੇ ਹੁਣ ਨਵੇਂ ਖੋਲੇ ਗਏ ਸਹਾਇਤਾ ਕੇਂਦਰ ਉੱਪਰ ਤਿੰਨ ਮੁਲਾਜ਼ਮ ਅਤੇ ਦੋ ਗੱਡੀਆਂ ਹਰ ਵੇਲੇ ਤਾਇਨਾਤ ਕਰਨ ਦਾ ਦਾਅਵਾ ਕੀਤਾ ਹੈ।
ਇਨੀਸ਼ੀਏਟਿਵ ਦੇ ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼ਹਿਰ ਦੇ ਨਾਲ ਨਾਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੱਕ ਬੱਸਾਂ ਚਲਾਉਣ ਲਈ ਪੰਜਾਬ ਸਰਕਾਰ ਨੂੰ ਕਿਸੇ ਤੋਂ ਮਨਜ਼ੂਰੀ ਲੈਣ ਦੀ ਕੋਈ ਲੋੜ ਨਹੀਂ ਹੈ, ਅਜਿਹਾ ਕੰਮ ਸਰਕਾਰ ਆਪਣੇ ਪੱਧਰ ‘ਤੇ ਕਰ ਸਕਦੀ ਹੈ। ਇਸ ਨਾਲ ਅੰਮ੍ਰਿਤਸਰ ਹਵਾਈ ਅੱਡੇ ਉੱਪਰ ਉਤਰਨ ਵਾਲੇ ਬਹੁਤ ਸਾਰੇ ਯਾਤਰੀ ਜਿਸ ਵਿੱਚ ਵੱਡੀ ਗਿਣਤੀ ਹੁਣ ਪ੍ਰਵਾਸੀ ਪੰਜਾਬੀਆਂ ਦੀ ਵੀ ਹੈ, ਸਸਤੇ ਵਿੱਚ ਆਪਣੇ ਘਰਾਂ ਤੱਕ ਪਹੁੰਚ ਸਕਣਗੇ ਅਤੇ ਅੰਮ੍ਰਿਤਸਰ ਤੋਂ ਹੋਰ ਉਡਾਣਾਂ ਲੈਣ ਲਈ ਉਤਸ਼ਾਹਿਤ ਹੋਣਗੇ। ਏਅਰਪੋਰਟ ਤੋਂ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਵਾਹਗਾ ਬਾਰਡਰ ਅਤੇ ਸ਼ਹਿਰ ਦੀਆਂ ਹੋਰਨਾਂ ਕਈ ਥਾਵਾਂ ਲਈ ਵੀ ਸੈਲਾਨੀ ਏਅਰਪੋਰਟ ਤੋਂ ਆ ਜਾ ਸਕਦੇ ਹਨ।
ਪਿਛਲੇ ਕਈ ਸਾਲਾਂ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸਮੇਂ–ਸਮੇਂ ਬੇਨਤੀ ਕੀਤੀ ਜਾਂਦੀ ਰਹੀ ਹੈ, ਕਈ ਚਿੱਠੀਆਂ ਵੀ ਲਿਖੀਆਂ ਜਾ ਚੁੱਕੀਆਂ ਹਨ, ਪਰ ਸਰਕਾਰ ਨੇ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਹੈ। ਇਸ ਸਭ ਤੋਂ ਇਹੀ ਜਾਹਰ ਹੁੰਦਾ ਹੈ ਕਿ ਸਿਫਤੀ ਦੇ ਘਰ, ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਏਅਰਪੋਰਟ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਢਿੱਲੋਂ ਨੇ ਅੱਗੇ ਕਿਹਾ ਕਿ ਕਈ ਵਾਰ ਵੇਖਣ ‘ਚ ਆਇਆ ਹੈ ਜਦੋਂ ਵੀ ਕੋਈ ਨਵੀਂ ਉਡਾਣ ਸ਼ੁਰੂ ਹੋਵੇ ਤਾਂ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਸਿਆਸਤਦਾਨਾਂ ਵਿਚ ਸਿਆਸੀ ਲਾਹਾ ਲੈਣ ਲਈ ਦੋੜ ਲੱਗ ਜਾਂਦੀ ਹੈ। ਸਰਕਾਰ ਅਤੇ ਨੇਤਾ ਪੰਜਾਬ ਦੇ ਹਵਾਈ ਅੱਡਿਆਂ ਤੋਂ ਉਡਾਣਾਂ ਨਾ ਸ਼ੁਰੂ ਹੋਣ ਦਾ ਦੋਸ਼ ਬਹੁਤੀ ਵਾਰ ਕੇਂਦਰ ਸਰਕਾਰ ‘ਤੇ ਵੀ ਲਾਉਂਦੇ ਹਨ ਪਰ ਸੂਬੇ ਦੀ ਸਰਕਾਰ ਵੱਲੋਂ ਹਵਾਈ ਅੱਡੇ ਲਈ ਬੱਸ ਸੇਵਾ ਜਾਂ ਹੋਰ ਸਹੂਲਤਾਂ ਮੁਹਈਆ ਕਰਨ ਸੰਬੰਧੀ ਇਹ ਕੋਈ ਕਾਰਵਾਈ ਨਹੀਂ ਕਰਦੇ, ਜੱਦ ਕਿ ਇਹ ਸਭ ਮਸਲੇ ਪੰਜਾਬ ਸਰਕਾਰ ਦੇ ਦਾਇਰੇ ‘ਚ ਹਨ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਜਾਨਾਂ ਔਸਤਨ 65 ਤੋਂ 70 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਹਨ ਅਤੇ 10,000 ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋ ਰਹੀ ਹੈ। ਇੱਥੋਂ ਭਾਰਤ ਦੇ 10 ਅਤੇ 9 ਵਿਦੇਸ਼ੀ ਹਵਾਈ ਅੱਡਿਆਂ ਜਿਨ੍ਹਾਂ ਵਿਚ ਲੰਡਨ, ਬਰਮਿੰਘਮ, ਮਿਲਾਨ ਮਿਲਪੇਨਸਾ, ਮਿਲਾਨ ਬਰਗਾਮੋ, ਰੋਮ, ਸਿੰਗਾਪੁਰ, ਕੁਆਲਾਲੰਪੂਰ, ਦੋਹਾ, ਸ਼ਾਰਜਾਹ, ਦੁਬਈ ਲਈ ਉਡਾਣਾਂ ਹਨ।