ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਹਰ ਭਾਈਚਾਰੇ ਨੂੰ ਬਣਦਾ ਮਾਣ ਮਿਲੇ : ਇਕਬਾਲ ਸਿੰਘ ਲਾਲਪੁਰਾ
ਨਵੀਂ ਦਿਲੀ 14 ਫਰਵਰੀ
ਭਾਰਤ ਸਰਕਾਰ ਨੇ ਘੱਟ ਗਿਣਤੀ ਭਾਈਚਾਰੇ ਦੀਆਂ ਵੱਖ ਵੱਖ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਇਕ ਮਹਤਵਪੂਰਨ ਨਿਯੁਕਤੀ ਕੀਤੀ ਹੈ। ਭਾਰਤ ਸਰਕਾਰ ਦੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਉੱਘੇ ਸਿੱਖ ਬੁੱਧੀਜੀਵੀ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੂੰ ਸਲਾਹਕਾਰ ਵਜੋਂ ਨਾਮਜ਼ਦ ਕੀਤਾ ਹੈ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਨਿਯੁਕਤੀ ਉਨ੍ਹਾਂ ਦੀ ਯੋਗਤਾ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਹੈ। ਉਹ ਆਪਣੇ ਰਾਜ ਵਿੱਚ ਸਬੰਧਿਤ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਨੂੰ ਸਰਕਾਰ ਤਕ ਪਹੁੰਚਾਉਣਗੇ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਕਮਿਸ਼ਨ ਨੂੰ ਆਪਣੀਆਂ ਸਲਾਵਾਂ ਦੇਣਗੇ। ਸ: ਲਾਲਪੁਰਾ ਨੇ ਪ੍ਰੋ. ਸਰਚਾਂਦ ਸਿੰਘ ਨੂੰ ਇਸ ਅਹਿਮ ਨਿਯੁਕਤੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਉਹ ਇਸ ਜ਼ਿੰਮੇਵਾਰੀ ਨੂੰ ਪਹਿਲਾਂ ਨਾਲੋਂ ਵੀ ਵੱਧ ਸੰਜੀਦਗੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਘਟ ਗਿਣਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਢੁਕਵੇਂ ਸਾਧਨਾਂ ਰਾਹੀਂ ਉਠਾਉਣ ਅਤੇ ਉਨ੍ਹਾਂ ਦੇ ਹੱਲ ਦਾ ਰਾਹ ਲੱਭਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕੋ ਮਨਸ਼ਾ ਹੈ ਕਿ ਦੇਸ਼ ਦੇ ਹਰ ਕੋਨੇ ਦੇ ਵਿਚ ਵਸਦੇ ਹਰ ਭਾਈਚਾਰੇ ਦੇ ਲੋਕਾਂ ਨੂੰ ਬਰਾਬਰ ਇਨਸਾਫ਼ ਮਿਲੇ ਅਤੇ ਉਹ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਸਕਣ। ਜ਼ਿਕਰਯੋਗ ਹੈ ਕਿ ਪ੍ਰੋ: ਸਰਚਾਂਦ ਸਿੰਘ ਦਾ ਪਿਛੋਕੜ ਜਿੱਥੇ ਸਿੱਖ ਕੌਮ ਦੀ ਅਹਿਮ ਜਥੇਬੰਦੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਨਾਲ ਜੁੜਿਆ ਹੋਇਆ ਹੈ। ਉੱਥੇ ਹੀ ਉਨ੍ਹਾਂ ਦਾ ਵਿਦਿਆਰਥੀ ਜੀਵਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਵੀ ਜੁੜਿਆ ਰਿਹਾ। ਉਹ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ। ਉਹ ਪ੍ਰਧਾਨ ਮੰਤਰੀ ਮੋਦੀ ਦੀ ਸਿਖ ਭਾਈਚਾਰੇ ਪ੍ਰਤੀ ਸੁਹਿਰਦਤਾ ਤੋਂ ਪ੍ਰਭਾਵਤ ਹੋ ਕੇ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ( ਬਾਦਲ ) ’ਚ ਅਹਿਮ ਸੇਵਾਵਾਂ ਨਿਭਾ ਚੁਕੇ ਹਨ। ਸਰਗਰਮ ਪੰਥਕ ਸਿੱਖ ਸਿਆਸਤ ਵਿਚ ਕਈ ਅਹਿਮ ਪੜਾਵਾਂ ਵਿਚੋਂ ਗੁਜ਼ਰਦਿਆਂ ਉਨ੍ਹਾਂ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖ ਪੰਥ ਅਤੇ ਸਿੱਖ ਸਿਆਸਤ ਦੇ ਚਲੰਤ ਮਸਲਿਆਂ ’ਤੇ ਵੀ ਪੂਰੀ ਪਕੜ ਬਣਾਈ ਰੱਖੀ। ਇਸ ਨੇ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਮੁੱਦਿਆਂ ਨੂੰ ਉਠਾਉਂਦਿਆਂ ਭਾਰਤ ਦੀ ਸਿਆਸਤ ਵਿਚ ਹੀ ਨਹੀਂ ਪ੍ਰਵਾਸੀ ਸਿੱਖਾਂ ਵਿਚ ਵੀ ਆਪਣੀ ਵਖਰੀ ਪਛਾਣ ਬਣਾਈ ਹੈ। ਭਾਰਤ ਸਰਕਾਰ ਦੇ ਅਧੀਨ ਸਕੱਤਰ, ਸ਼ਰੀਕ ਸਈਦ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਲਈ ਉਨਾਂ ਨੂੰ ਪੱਤਰ ਜਾਰੀ ਕੀਤਾ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਤੋਂ ਇਲਾਵਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਨ ਚੁੱਘ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ, ਕਰਨਲ ਜੈਬੰਸ ਸਿੰਘ ਅਤੇ ਸ: ਰਜਿੰਦਰਮੋਹਨ ਸਿੰਘ ਛੀਨਾ ਦਾ ਤਹਿ ਦਿਲੋਂ ਧੰਨਵਾਦੀ ਹੈ, ਜਿਨ੍ਹਾਂ ਨੇ ਉਨਾਂ ਨੂੰ ਇਸ ਅਹੁਦੇ ਲਈ ਕਾਬਲ ਸਮਝਿਆ। ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਅਤੇ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸਰਕਾਰ ਤਕ ਪਹੁੰਚਾ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਤੋਂ ਇਲਾਵਾ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਪੂਰੀ ਸ਼ਿੱਦਤ ਨਾਲ ਯਤਨ ਜਾਰੀ ਰੱਖਣਗੇ।
Boota Singh Basi
President & Chief Editor