ਮਾਨਸਾ (ਸਾਂਝੀ ਸੋਚ ਬਿਊਰੋ) -ਨੇੜ ਭਵਿੱਖ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਸਵੀਪ ਮੁਹਿੰਮ ਤਹਿਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ-ਕਮ-ਨੋਡਲ ਅਫ਼ਸਰ ਸਵੀਪ ਸ੍ਰੀ ਨਵਨੀਤ ਜੋਸ਼ੀ ਦੀ ਅਗਵਾਈ ਹੇਠ ਜ਼ਿਲ੍ਹਾ ਪਰਿਸ਼ਦ ਵਿਖੇ ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਰਪੰਚਾਂ ਤੇ ਪੰਚਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਮਹਿੰਦਰ ਪਾਲ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪਿੰਡ ਪਿੰਡ ਵਿੱਚ ਸਵੀਪ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ ਜਿਸ ਲਈ ਗ੍ਰਾਮ ਪੰਚਾਇਤਾਂ ਦੇ ਵੱਡੇ ਸਹਿਯੋਗ ਦੀ ਜ਼ਰੂਰਤ ਹੈ। ਨੋਡਲ ਅਧਿਕਾਰੀ ਨੇ ਕਿਹਾ ਕਿ ਦਿਹਾਤੀ ਪੱਧਰ ‘ਤੇ ਲੋਕਾਂ ਦੀ ਜਾਗਰੂਕਤਾ ਲਈ ਕੈਲੰਡਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ, ਪੰਚਾਇਤ ਸਕੱਤਰ ਤੇ ਗ੍ਰਾਮ ਪੰਚਾਇਤਾਂ ਦਾ ਸਹਿਯੋਗ ਲੈ ਕੇ 18 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਆਪਣੀ ਵੋਟ ਜ਼ਰੂਰ ਬਣਵਾਉਣ ਤੇ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਪੰਚਾਂ ਤੇ ਸਰਪੰਚਾਂ ਨੂੰ ਇਸ ਜਾਗਰੂਕਤਾ ਅਭਿਆਨ ਵਿੱਚ ਸਰਗਰਮ ਸ਼ਮੂਲੀਅਤ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਵੀਪ ਮੁਹਿੰਮ ਦਾ ਮਕਸਦ ਮਤਦਾਨ ਦਰ ਵਿਚ ਵਾਧਾ ਕਰਨਾ ਹੈ । ਉਨ੍ਹਾਂ ਕਿਹਾ ਕਿ ਵੋਟ ਦੇ ਅਧਿਕਾਰ ਅਤੇ ਇਸ ਦੀ ਅਹਿਮੀਅਤ ਤੋਂ ਜਾਣੂ ਹੋਣਾ ਲਾਜ਼ਮੀ ਹੈ। ਉਨ੍ਹਾਂ ਹਰ ਵੋਟਰ ਨੂੰ ਮਤਦਾਨ ਕਰਨਾ ਯਕੀਨੀ ਬਣਾਉਣ ਦੀ ਅਪੀਲ ਕੀਤੀ।
Boota Singh Basi
President & Chief Editor