ਪੰਜਾਪੰਜਾਬ ਅਤੇ ਪੰਥ ਦੇ ਸਿਆਸੀ ਨਕਸ਼ੇ ਉੱਪਰ ਹੋ ਰਹੀ ਉਥਲ ਪੁਥਲ ਅਤੇ ਬਦਲਦੇ ਸਮੀਕਰਨਾਂ ਉਤੇ ਵਿਦੇਸ਼ੀਂ ਵਸਦੇ (ਡਾਇਸਪੋਰਾ) ਸਿੱਖਾਂ ਦੀ ਬਾਜ਼ ਵਾਲੀ ਅੱਖ
ਖ਼ਾਲੀ ਪੰਥਕ ਸਪੇਸ ਨੂੰ ਭਰਨ ਲਈ ਤਰਲੋਮੱਛੀ, ਕੌਮ ਦੀ ਪਿੱਠ ਚ ਛੁਰਾ ਮਾਰਨ ਵਾਲੇ ਅਤੇ ਕੇਂਦਰ ਦੇ ਪਿੱਠੂ ਕਦੇ ਪ੍ਰਵਾਨ ਨਹੀਂ ਹੋਣਗੇ- SCCEC, AGPC
ਨਿਊਯਾਰਕਃ ਉੱਤਰੀ ਅਮਰੀਕਾ ਦੀਆਂ ਸਿਰਮੌਰ ਸਿੱਖ ਸੰਸਥਾਵਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (SCCEC), ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (AGPC) ਨੇ ਪਿਛਲੇ ਦਿਨਾਂ ਤੋਂ ਪੰਜਾਬ ਦੀ ਧਰਤੀ ਉੱਤੇ ਹੋ ਰਹੀਆਂ ਗਤੀਵਿਧੀਆਂ ਦਾ ਵਿਸ਼ੇਸ਼ ਨੋਟਿਸ ਲੈੰਦਿਆਂ ਦੁਨੀਆਂ ਭਰ ਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਮੌਕਾਪ੍ਰਸਤ ਅਤੇ ਖੁਦਗਰਜ ਕਿਸਮ ਦੇ ਲੋਕਾਂ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ। ਜਿਸ ਤਰਾਂ ਬਾਦਲ ਅਕਾਲੀ ਦਲ ਦਾ ਅਕਸ ਨੀਵਾਂ ਹੁੰਦਾ ਹੋਇਆ ਹੁਣ ਪਤਾਲ ਤੱਕ ਚਲਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰ ਕੇ ਬੇਅਦਬੀ ਦੇ ਦੋਸ਼ੀਆਂ ਅਤੇ ਦੋਖੀਆਂ ਨਾਲ ਖੜਨ ਵਾਲੇ, ਅਤੇ ਪੰਥ ਨਾਲ ਪੈਰ ਪੈਰ ਤੇ ਵਿਸਾਹਘਾਤ ਕਰਨ ਵਾਲੀ ਬਾਦਲ ਦਲ ਦੀ ਕਾਬਜ ਅਤੇ ਬਾਗ਼ੀ ਲੀਡਰਸ਼ਿਪ ਆਪਣੇ ਢੰਗਾਂ ਨਾਲ ਕਠਪੁਤਲੀ ਜਥੇਦਾਰਾਂ ਅਤੇ ਸ਼ੋਮਣੀ ਕਮੇਟੀ ਨੂੰ ਵਰਤ ਕੇ ਪੰਥ ਤੇ ਪੰਜਾਬ ਦੀ ਸਿਆਸਤ ਤੇ ਕਾਬਜ਼ ਰਹਿਣ ਲਈ ਤਰਲੋਮੱਛੀ ਹੋ ਰਹੀ ਹੈ।
ਦੂਜੇ ਪਾਸੇ ਭਾਰਤੀ ਸਟੇਟ ਅਤੇ ਬੀਜੇਪੀ ਸਰਕਾਰ ਵੀ ਸਿੱਧੇ ਤੌਰ ੳਤੇ ਪੰਜਾਬ ਤੇ ਕਾਬਜ਼ ਹੋਣ ਲਈ ਵਿਉਤਾਂ ਬਣਾ ਰਹੀ ਹੈ, ਤੇ ਨਾਲ ਹੀ ਆਰ ਐਸ ਐਸ ਦੇ ਫ਼ੀਲਿਆਂ ਰਾਹੀਂ ਅਤੇ ਖਾੜਕੂ ਸੰਘਰਸ਼ ਨੂੰ ਢਾਹ ਲਾਉਣ ਵਾਲੇ ਆਪਣੇ ਪੁਰਾਣੇ ਟੁਕੜਬੋਚਾਂ ਰਾਹੀਂ ਪੰਥਕ ਸਿਆਸਤ ਨੂੰ ਆਪਣੇ ਅਧੀਨ ਕਰਨ ਦੀਆਂ ਚਾਲਾਂ ਚੱਲ ਰਹੀ ਹੈ। ਡਾਇਸਪੋਰਾ ਸਿੱਖ ਆਗੂਆਂ ਨੇ ਇੰਨਾਂ ਪੰਥ ਵਿਰੋਧੀ ਤਾਕਤਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਸਿੱਖ ਸੰਸਥਾਵਾਂ ਉੱਤੇ ਕਾਬਜ਼ ਹੋਣ ਦੇ ਮਨਸੂਬੇ ਛੱਡ ਦੇਣ ਕਿਉਂਕਿ ਪੰਜਾਬ ਪ੍ਰਸਤ ਲੋਕ ਅਤੇ ਸਿੱਖ ਸਿਧਾਂਤਾਂ ਨੂੰ ਪਿਆਰ ਕਰਨ ਵਾਲੇ ਉੱਨਾਂ ਦੋਖੀਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਡਾਇਸਪੋਰਾ ਸਿੱਖ ਲੀਡਰਾਂ ਨੇ ਕਿਹਾ ਕਿ ਦਲਬਦਲੂ ਅਤੇ ਮੌਕਾਪ੍ਰਸਤ ਲੋਕ ਪੰਥਕ ਸਿਆਸਤ ਨੂੰ ਹੋਰ ਗੰਧਲਾ ਕਰਨ ਤੋਂ ਬਾਜ਼ ਜਾਣ।
ਇਸ ਦੇ ਨਾਲ ਹੀ ਬਾਦਲਾਂ ਦੇ ਕਠਪੁਤਲੀ ਜਥੇਦਾਰਾਂ ਵੱਲੋਂ ਇੱਕ ਸੱਤ ਮੈਂਬਰੀ ਕਾਗਜ਼ੀ ਕਮੇਟੀ ਬਣਾ ਕੇ ਵਿਦੇਸ਼ਾਂ ਵਿਚਲੇ ਸਿੱਖਾਂ ਨੂੰ ਕਾਬੂ ਕਰਕੇ ਆਪਣੇ ਮਾਲਕਾਂ ਦੇ ਅਧੀਨ ਚਲਾਉਣ ਦੀ ਵਿਉਂਤ ਦਾ ਡਟਵਾਂ ਵਿਰੋਧ ਹੋ ਰਿਹਾ ਹੈ, ਜਦੋਂ ਕਿ ਸਰਕਾਰੀ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਬਿਨਾਂ ਕਿਸੇ ਆਧਾਰ ਵਾਲੇ ਕੁਝ ਬੰਦਿਆਂ ਦੀ ਕਮੇਟੀ ਬਣਾ ਕੇ ਡਾਇਸਪੋਰਾ ਸਿੱਖਾਂ ਨੂੰ ਪਹਿਲਾਂ ਧਾਰਮਿਕ ਅਤੇ ਫਿਰ ਰਾਜਨੀਤਕ ਪੱਖ ਤੋਂ ਵਿਦੇਸ਼ੀ ਸਿੱਖਾਂ ਨੂੰ ਭਰਮਾ ਕੇ, ਬਾਦਲਾਂ ਅਤੇ ਭਾਰਤੀ ਸਟੇਟ ਦੀ ਨੀਤੀ ਅਨੁਸਾਰ ਚਲਾਉਣਾ ਚਾਹੁੰਦੇ ਹਨ, ਪਰ ਸਿੱਖ ਸੰਗਤਾਂ ਇਹਨਾਂ ਦੀਆਂ ਚਾਲਾਂ ਤੋਂ ਚੰਗੀ ਤਰਾਂ ਜਾਣੂ ਹੋਣ ਕਰਕੇ ਕਦੇ ਵੀ ਐਸੇ ਧੋਖਿਆਂ ਦਾ ਸ਼ਿਕਾਰ ਨਹੀ ਹੋਣਗੀਆਂ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਗੁਰਦੁਆਰਿਆਂ ਅਤੇ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਸੰਸਥਾਵਾਂ, ਸਿੱਖ ਕੋਆਰਡੀਨੇਸ਼ਨ ਕਮੇਟੀ (SCCEC), ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (AGPC) ਪਹਿਲਾਂ ਤੋਂ ਹੀ ਸਿੱਖ ਕੌਮ ਦੇ ਧਾਰਮਿਕ, ਰਾਜਨੀਤਕ, ਸਿੱਖ ਪਹਿਚਾਣ, ਅਤੇ ਅੰਦਰੂਨੀ ਆਦਿ ਸਾਰੇ ਮਸਲਿਆਂ ਨੂੰ ਸੁਲਝਾਉਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀਆਂ ਹਨ। ਜਿਸ ਨਾਲ ਕੇ ਕਿਸੇ ਵੀ ਹੋਰ ਨਾਮ ਧਰੀਕ ਕਮੇਟੀ ਦਾ ਵਿਦੇਸ਼ੀ ਸਿੱਖ ਮਸਲਿਆਂ ਵਿੱਚ ਕੋਈ ਅਰਥ ਨਹੀ ਰਹਿ ਜਾਂਦਾ।
ਪੰਜਾਬ ਵਿਚਲੀਆਂ ਸਾਰੀਆਂ ਸਿਆਸੀ ਧਿਰਾਂ ਬਾਦਲ ਦਲ, ਕਾਂਗਰਸ, ਬੀਜੇਪੀ, ਆਪ ਤੇ ਹੋਰ ਜਿੰਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਰਾਮ ਰਹੀਮ ਨਾਲ ਸਾਂਝ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦਾ ਪਾਣੀ ਤੇ ਹੋਰ ਹੱਕੀ ਮੁੱਦਿਆਂ ਤੇ ਸਿਰਫ ਰਾਜਨੀਤੀ ਹੀ ਖੇਡੀ, ਇਸ ਤਰਾਂ ਦੇ ਖੁਦਗਰਜ ਤੇ ਪੰਜਾਬ ਵਿਰੋਧੀ ਲੋਕਾਂ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ। ਸਗੋਂ ਆਉਣ ਵਾਲੇ ਸਮੇਂ ਵਿਚ ਪੰਜਾਬ ਪ੍ਰਸਤ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪਿਆਰ ਕਰਨ ਵਾਲੀ ਸੱਚੀ ਤੇ ਸੁੱਚੀ ਅਕਾਲੀ ਸਿਆਸਤ ਨੂੰ ਉਭਾਰਨ ਲਈ ਸਮੁੱਚੀਆਂ ਧਿਰਾਂ ਰਲ ਮਿਲ ਕੇ ਯਤਨਸ਼ੀਲ ਹੋਣ ਤਾਂ ਕਿ ਪੰਜਾਬ ਦੇ ਭਵਿੱਖ ਨੂੰ ਰੌਸ਼ਨ ਬਣਾਇਆ ਜਾ ਸਕੇ।
ਸ. ਹਿੰਮਤ ਸਿੰਘ ਕੋਆਰਡੀਨੇਟਰ SCCEC,
ਡਾ. ਪ੍ਰਿਤਪਾਲ ਸਿੰਘ ਕੋਆਰਡੀਨੇਟਰ AGPC,
ਸ. ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ SCCEC