ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਤਰਰਾਸ਼ਟਰੀ ਯੋਗ ਦਿਵਸ -2024 ਮਨਾਇਆ
ਚੰਡੀਗੜ੍ਹ, 21 ਜੂਨ
ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਐਕਟਿੰਗ ਚੀਫ਼ ਜਸਟਿਸ ਮਾਣਯੋਗ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ -2024 ਮਨਾਇਆ ਗਿਆ। ਇਹ ਦਿਵਸ ਆਯੂਸ਼ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ। ਇਸ ਸਮਾਗਮ ਵਿੱਚ ਮਾਣਯੋਗ ਜੱਜ ਸਾਹਿਬਾਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਹਾਈ ਕੋਰਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬੜੇ ਉਤਸ਼ਾਹ ਨਾਲ ਵੱਖ-ਵੱਖ ਯੋਗ ਆਸਣ ਅਤੇ ਧਿਆਨ ਸਾਧਨਾ ਕੀਤੀ।
ਇਸ ਮੌਕੇ ਗੌਰਮਿੰਟ ਕਾਲਜ ਆਫ਼ ਯੋਗਾ ਐਜੂਕੇਸ਼ਨ ਐਂਡ ਹੈਲਥ, ਸੈਕਟਰ 23-ਏ, ਚੰਡੀਗੜ੍ਹ ਦੇ ਯੋਗਾ ਇੰਸਟਰਕਟਰ ਨੇ ਭਾਗ ਲੈਣ ਵਾਲਿਆਂ ਨੂੰ ਯੋਗ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ, ਜੋ ਨਾ ਕੇਵਲ ਪੁਰਾਤਨ ਭਾਰਤੀ ਪਰੰਪਰਾ ਦਾ ਇੱਕ ਵਡਮੁੱਲਾ ਤੋਹਫ਼ਾ ਹੈ ਸਗੋਂ ਸਰੀਰਕ ਵਿਕਾਸ, ਮਾਨਸਿਕ ਆਰਾਮ ਦੇ ਨਾਲ-ਨਾਲ ਰਿਸ਼ਟਪੁਸ਼ਟ ਅਤੇ ਨਿਰੋਗੀ ਸ਼ਰੀਰ ਦੇ ਵਿਕਾਸ ਵਿੱਚ ਵੀ ਸਹਾਈ ਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗਾ ਮਹਿਜ਼ ਸ਼ਰੀਰਕ ਕਸਰਤ ਨਹੀਂ ਹੈ ਬਲਕਿ ਇਹ ਵਿਸ਼ਵ ਅਤੇ ਕੁਦਰਤ ਨਾਲ ਏਕਤਾ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਮਦਦ ਕਰਦਾ ਹੈ।
ਅੰਤਰਰਾਸ਼ਟਰੀ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਯੋਗਾ ਨੂੰ ਹਰ ਵਿਅਕਤੀ ਦੇ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣਾ ਅਤੇ ਸੰਪੂਰਨ ਵਿਕਾਸ ਵਿੱਚ ਇਸ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ।
———-
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਆਪ੍ਰੇਸ਼ਨ ਈਗਲ-4: ਨਸ਼ਾ ਤਸਕਰਾਂ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ 254 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ; 2.6 ਕਿਲੋਗ੍ਰਾਮ ਹੈਰੋਇਨ, 15.71 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
– ਸੂਬੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਤਿੰਨ-ਪੱਖੀ ਰਣਨੀਤੀ ਅਪਣਾਈ
– ਮਾਰਚ 2022 ਤੋਂ ਵੱਡੇ ਤਸਕਰਾਂ ਦੀਆਂ 200 ਕਰੋੜ ਰੁਪਏ ਦੀ ਕੀਮਤ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ, ਸਮਰੱਥ ਅਥਾਰਟੀ ਕੋਲ 246 ਕਰੋੜ ਰੁਪਏ ਦੀਆਂ 559 ਹੋਰ ਤਜਵੀਜ਼ਾਂ ਲੰਬਿਤ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
– ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਧਿਕਾਰੀਆਂ ਨੇ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਨਿੱਜੀ ਤੌਰ ’ਤੇ ਕੀਤੀ ਆਪ੍ਰੇਸ਼ਨ ਦੀ ਨਿਗਰਾਨੀ
– 500 ਤੋਂ ਵੱਧ ਪੁਲਿਸ ਟੀਮਾਂ ਨੇ ਨਸ਼ਿਆਂ ਦੇ 392 ਹੌਟਸਪੌਟਸ ’ਤੇ ਚਲਾਈ ਤਲਾਸ਼ੀ ਮੁਹਿੰਮ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਚੰਡੀਗੜ੍ਹ, 21 ਜੂਨ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਜਾਰੀ ਜੰਗ ਨੂੰ ਹੋਰ ਤੇਜ਼ ਕਰਦਿਆਂ, ਪੰਜਾਬ ਪੁਲਿਸ ਹੈੱਡਕੁਆਰਟਰ (ਪੀਪੀਐਚਕਿਊ) ਦੇ ਸੀਨੀਅਰ ਅਧਿਕਾਰੀਆਂ ਨੇ ਸੀ. ਪੀਜ਼./ਐਸ.ਐਸ.ਪੀਜ਼ ਨਾਲ ਮਿਲ ਕੇ ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਾਲੀਆਂ ਥਾਵਾਂ (ਡਰੱਗ ਹੌਟਸਪੌਟਸ) ’ਤੇ ’ਈਗਲ-9V’ ਨਾਮੀ ਆਪ੍ਰੇਸ਼ਨ ਅਧੀਨ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ।
ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ ਅਤੇ ਆਪਰੇਸ਼ਨ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਲਈ ਪੀਪੀਐਚਕਿਊ ਦੇ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਧਿਕਾਰੀ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਗਏ ਸਨ।
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਕਿ ਰੂਪਨਗਰ ਵਿੱਚ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਗੁਲਨੀਤ ਸਿੰਘ ਖੁਰਾਣਾ ਨਾਲ ਆਪ੍ਰੇਸ਼ਨ ਵਿੱਚ ਸ਼ਾਮਲ ਹੋਏ, ਨੇ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਸੀ ਕਿ ਉਹ ਆਪੋ-ਆਪਣੇ ਜ਼ਿਲਿ੍ਹਆਂ ਵਿੱਚ ਇਸ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਅਜਿਹੀਆਂ ਥਾਵਾਂ ‘ਤੇ ਛਾਪੇਮਾਰੀ ਕਰਨ, ਜੋ ਕਿ ਪੁਲਿਸ ਫੋਰਸ ਦੀ ਵੱਡੇ ਪੱਧਰ ‘ਤੇ ਤੈਨਾਤੀ ਨੂੰ ਦੇਖਦਿਆਂ ਨਸ਼ਾ ਤਸਕਰਾਂ ਲਈ ਸੁਰੱਖਿਅਤ ਪਨਾਹਗਾਹ ਬਣ ਗਏ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ ਇਨਫੋਰਸਮੈਂਟ, ਡੀਐਡੀਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ) ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਜਾ ਰਹੇ ਸਾਰੇ ਕੇਸਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਡਰੋਨਾਂ ਦੀ ਆਵਾਜਾਈ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ, ਜੋ ਕਿ ਸਰਹੱਦ ਪਾਰ ਤੋਂ ਨਸ਼ਿਆਂ, ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਕਰਨ ਦੇ ਨਵਾਂ ਜ਼ਰੀਆ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਤੰਬਰ 2019 ਤੋਂ ਹੁਣ ਤੱਕ ਸੂਬੇ ਦੇ ਸਾਰੇ ਸਰਹੱਦੀ ਜ਼ਿਲਿ੍ਹਆਂ ਵਿੱਚ ਕੁੱਲ 906 ਡਰੋਨ ਦੇਖੇ ਗਏ ਹਨ, ਜਿਨ੍ਹਾਂ ਵਿੱਚੋਂ 187 ਡਰੋਨ ਸਫਲਤਾਪੂਰਵਕ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ 2 ਕਿਲੋ ਜਾਂ ਇਸ ਤੋਂ ਵੱਧ ਹੈਰੋਇਨ ਸਮੇਤ ਫੜੇ ਗਏ ਵੱਡੇ ਨਸ਼ਾ ਤਸਕਰਾਂ ਜਾਂ ਵੱਡੀਆਂ ਮੱਛੀਆਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹਨ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੱਡੇ ਸਮੱਗਲਰਾਂ ਦੀਆਂ 200 ਕਰੋੜ ਰੁਪਏ ਦੀਆਂ 459 ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਦੋਂ ਕਿ 246 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀਆਂ 559 ਹੋਰ ਤਜਵੀਜ਼ਾਂ ਸਮਰੱਥ ਅਧਿਕਾਰੀ ਕੋਲ ਲੰਬਿਤ ਹਨ।
ਜ਼ਿਕਰਯੋਗ ਹੈ ਕਿ ਇਸ ਆਪ੍ਰੇਸ਼ਨ ਦੌਰਾਨ 4000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਸ਼ਮੂਲੀਅਤ ਵਾਲੀਆਂ 500 ਤੋਂ ਵੱਧ ਪੁਲਿਸ ਟੀਮਾਂ ਨੇ ਨਸ਼ਿਆਂ ਦੇ 392 ਹੌਟਸਪੌਟਸ ਦੀ ਘੇਰਾਬੰਦੀ ਕੀਤੀ। ਇਸ ਦੇ ਨਾਲ ਹੀ ਨਸ਼ਿਆਂ ਦੇ ਹੌਟਸਪੌਟਸ ’ਤੇ ਅਤੇ ਇਸ ਦੇ ਆਲੇ-ਦੁਆਲੇ 352 ਮਜ਼ਬੂਤ ਨਾਕੇ ਵੀ ਲਗਾਏ ਗਏ ਸਨ।
ਅਪਰੇਸ਼ਨ ਦੌਰਾਨ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 254 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 221 ਐਫਆਈਆਰਜ਼ ਦਰਜ ਕੀਤੀਆਂ ਹਨ। ਪੁਲਿਸ ਟੀਮਾਂ ਨੇ 4575 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ 2.6 ਕਿਲੋਗ੍ਰਾਮ ਹੈਰੋਇਨ, 15.71 ਲੱਖ ਰੁਪਏ ਡਰੱਗ ਮਨੀ, 83 ਕਿਲੋ ਭੁੱਕੀ, 2.6 ਕਿਲੋ ਗਾਂਜਾ, 550 ਗ੍ਰਾਮ ਅਫੀਮ, 7553 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਨ ਬਰਾਮਦ ਕੀਤੀ ਹੈ।
———–
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
ਪੰਜਾਬ ਸਰਕਾਰ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਸ਼ੁਰੂ ਕੀਤੇ ਗਏ 5 ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲ ਸੈਂਟਰ: ਲਾਲਜੀਤ ਸਿੰਘ ਭੁੱਲਰ
ਰੈੱਡ ਕਰਾਸ ਸੋਸਾਇਟੀ ਤਰਨ ਤਾਰਨ ਵੱਲੋਂ ਚਲਾਏ ਜਾ ਰਹੇ ਤਰਨ ਤਾਰਨ ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲ ਸੈਂਟਰ ਦਾ ਕੀਤਾ ਦੌਰਾ
ਚੰਡੀਗੜ੍ਹ/ਤਰਨ ਤਾਰਨ, 21 ਜੂਨ:
ਪੰਜਾਬ ਸਰਕਾਰ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ਬਠਿੰਡਾ, ਰੂਪਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਤਰਨ ਤਾਰਨ ਵਿਖੇ 5 ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲ ਸੈਂਟਰ ਸ਼ੁਰੂ ਕੀਤੇ ਗਏ ਹਨ ਤਾਂ ਜੋ ਲੋੜਵੰਦਾਂ ਨੂੰ ਡਰਾਇਵਿੰਗ ਸਕਿੱਲ ਸਿੱਖਣ ਲਈ ਦੂਰ-ਦੁਰਾਡੇ ਨਾ ਜਾਣਾ ਪਵੇ।
ਇਹ ਜਾਣਕਾਰੀ ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਰੈੱਡ ਕਰਾਸ ਸੋਸਾਇਟੀ ਤਰਨ ਤਾਰਨ ਵੱਲੋਂ ਚਲਾਏ ਜਾ ਰਹੇ ਤਰਨ ਤਾਰਨ ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲ ਸੈਂਟਰ ਦਾ ਨਿਰੀਖਣ ਕਰਨ ਮੌਕੇ ਦਿੱਤੀ। ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਵੱਲੋਂ ਸਿਖਿਆਰਥੀਆ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਸ. ਭੁੱਲਰ ਨੇ ਕਿਹਾ ਕਿ ਪਹਿਲਾਂ ਨਵਾਂ ਡਰਾਈਵਿੰਗ ਲਾਇਸੈਂਸ ਬਣਾਉਣ ਜਾਂ ਪੁਰਾਣਾ ਲਾਇਸੈਂਸ ਰਿਨਿਊ ਕਰਾਉਣ ਲਈ ਰਿਫ੍ਰੈਸਰ ਕੋਰਸ ਕਰਨ ਲਈ ਮਹੂਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਾਣਾ ਪੈਂਦਾ ਸੀ ਜਿਸ ਕਾਰਨ ਲੋਕਾ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਮਹੂਆਣੇ ਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਲੋਕ ਆਪਣੀ ਟ੍ਰੇਨਿੰਗ ਰੈੱਡ ਕਰਾਸ ਦਫਤਰ ਤਰਨ ਤਾਰਨ ਵਿਖੇ ਬਣੇ ਸੈਂਟਰ ਵਿੱਚ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਭਵਨ ਤਰਨ ਤਾਰਨ ਵਿਖੇ ਬਣੇ ਤਰਨ ਤਾਰਨ ਇੰਨਸੀਚਿਊਟ ਆਫ਼ ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲਜ਼ ਸੈਂਟਰ ਵਿੱਚ ਸੜਕੀ ਨਿਯਮਾਂ ਸਬੰਧੀ ਦੋ ਦਿਨ ਦੀ ਟ੍ਰੇਨਿੰਗ ਕਰਵਈ ਜਾਂਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ, ਕਾਰਜਕਾਰੀ ਸਕੱਤਰ ਸਰਬਜੀਤ ਸਿੰਘ ਥਿੰਦ, ਸ੍ਰੀ ਦਿਲਬਾਗ਼ ਸਿੰਘ ਚੇਅਰਮੈਨ ਅਤੇ ਜ਼ਿਲ੍ਹਾ ਟ੍ਰੇਨਿੰਗ ਸੁਰਵਾਈਜ਼ਰ ਸੁਰਜੀਤ ਸਿੰਘ ਨਿੱਜਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
——-
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
15 ਸਾਲਾਂ ਤੋਂ ਬੰਦ ਪਿਆ ਡਲਹੌਜ਼ੀ ਸਥਿਤ ਪੰਜਾਬ ਦਾ ਇੱਕੋ-ਇੱਕ ਸਰਕਾਰੀ ਰੇਸ਼ਮ ਬੀਜ ਉਤਪਾਦਨ ਸੈਂਟਰ ਮਾਨ ਸਰਕਾਰ ਵੱਲੋਂ ਮੁੜ ਸ਼ੁਰੂ
ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਰੇਸ਼ਮ ਬੀਜ ਉਤਪਾਦਨ ਸੈਂਟਰ ਦਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਜ਼ਰੂਰੀ ਨਿਰਦੇਸ਼
ਵਧੀਆ ਗੁਣਵੱਤਾ ਵਾਲਾ ਰੇਸ਼ਮ ਬੀਜ ਤਿਆਰ ਕਰਕੇ ਘੱਟ ਖ਼ਰਚੇ ’ਤੇ ਕਿਸਾਨਾਂ ਨੂੰ ਕੀਤਾ ਜਾਵੇਗਾ ਸਪਲਾਈ
ਕੰਢੀ ਜ਼ਿਲਿ੍ਹਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਆਦਿ ਦੇ ਕਿਸਾਨਾਂ ਨੂੰ ਮਿਲੇਗਾ ਫ਼ਾਇਦਾ
ਚੰਡੀਗੜ੍ਹ/ਡਲਹੌਜ਼ੀ, 21 ਜੂਨ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ, ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਸਥਿਤ ਪਿਛਲੇ 15 ਸਾਲਾਂ ਤੋਂ ਬੰਦ ਪਏ ਪੰਜਾਬ ਦੇ ਇੱਕੋ-ਇੱਕ ਸਰਕਾਰੀ ਸੈਰੀਕਲਚਰ ਰੇਸ਼ਮ ਬੀਜ ਉਤਪਾਦਨ ਸੈਂਟਰ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇਸ ਸਰਕਾਰੀ ਸੈਰੀਕਲਚਰ ਰੇਸ਼ਮ ਬੀਜ ਉਤਪਾਦਨ ਸੈਂਟਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ।
ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਇਸ ਅਮਾਨਤ ਨੂੰ ਅਣਗੌਲਿਆ ਹੋਇਆ ਸੀ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਉਨ੍ਹਾਂ ਨੇ ਇਸ ਕੇਂਦਰ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਤਹੱਈਆ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਲਈ ਪਹਿਲੀ ਕਿਸ਼ਤ ਵਜੋਂ 14 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ ਜਿਸ ਨਾਲ ਸਤੰਬਰ ਤੋਂ ਸਿਲਕ ਸੀਡ ਗ੍ਰੇਨੇਜ ਤਿਆਰ ਕਰਕੇ ਕਿਸਾਨਾਂ ਨੂੰ ਰੇਸ਼ਮ ਦਾ ਬੀਜ ਸਸਤੇ ਭਾਅ ’ਤੇ ਦਿੱਤਾ ਜਾਵੇਗਾ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਡਲਹੌਜ਼ੀ ਦਾ ਵਾਤਾਵਰਣ ਰੇਸ਼ਮ ਬੀਜ ਉਤਪਾਦਨ ਲਈ ਬਹੁਤ ਅਨੁਕੂਲ ਹੈ ਅਤੇ ਇਸ ਕੇਂਦਰ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਕੰਢੀ ਖੇਤਰ ਦੇ ਲਗਭਗ 1500 ਕਿਸਾਨ ਨੂੰ ਸਿੱਧੇ ਤੌਰ ’ਤੇ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਤੋਂ ਕੰਢੀ ਜ਼ਿਲਿ੍ਹਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਆਦਿ ਦੇ ਕਿਸਾਨਾਂ ਨੂੰ ਲਾਭ ਪਹੁੰਚੇਗਾ।
ਬਾਗ਼ਬਾਨੀ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਵਲੋਂ ਰੇਸ਼ਮ ਕੀਟ ਪਾਲਕਾਂ ਨੂੰ ਕੇਂਦਰੀ ਰੇਸ਼ਮ ਬੋਰਡ ਦੇ ਸੈਂਟਰਾਂ ਤੋਂ ਰੇਸ਼ਮ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਸੀ ਪਰ ਹੁਣ ਡਲਹੌਜ਼ੀ ਸਥਿਤ ਇਸ ਰੇਸ਼ਮ ਬੀਜ ਸੈਂਟਰ ਦੇ ਚਾਲੂ ਹੋਣ ਨਾਲ ਸੂਬਾ ਸਰਕਾਰ ਵਲੋਂ ਆਪਣੀ ਪੱਧਰ ’ਤੇ ਰੇਸ਼ਮ ਬੀਜ ਤਿਆਰ ਕੀਤਾ ਜਾ ਸਕੇਗਾ ਅਤੇ ਟਰਾਂਸਪੋਰਟੇਸ਼ਨ ਦੇ ਘੱਟ ਖ਼ਰਚੇ ’ਤੇ ਰੇਸ਼ਮ ਕੀਟ ਪਾਲਕਾਂ ਨੂੰ ਰੇਸ਼ਮ ਬੀਜ ਮੁਹੱਈਆ ਕਰਵਾਇਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਰਾਜ ਵਿਚ ਆਪਣੀ ਪੱਧਰ ’ਤੇ ਰੇਸ਼ਮ ਬੀਜ ਸੈਂਟਰ ਚਾਲੂ ਹੋਣ ਨਾਲ ਰੇਸ਼ਮ ਬੀਜ ਦਾ ਵੱਧ ਉਤਪਾਦਨ ਹੋਵੇਗਾ ਅਤੇ ਇਸ ਨਾਲ ਰਾਜ ਵਿੱਚ ਰੇਸ਼ਮ ਦੀ ਪੈਦਾਵਾਰ ਵੀ ਵਧੇਗੀ ਅਤੇ ਵੱਧ ਤੋਂ ਵੱਧ ਕਿਸਾਨਾਂ ਮੁੱਖ ਤੌਰ ’ਤੇ ਔਰਤਾਂ ਨੂੰ ਇਸ ਕਿੱੱਤੇ ਨਾਲ ਜੋੜਿਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਸੈਰੀਕਲਚਰ ਵਿੰਗ ਬਾਗ਼ਬਾਨੀ ਵਿਭਾਗ ਦਾ ਇੱਕ ਅਹਿਮ ਹਿੱਸਾ ਹੈ, ਜੋ ਰਾਜ ਵਿੱਚ ਰੇਸ਼ਮ ਉਤਪਾਦਨ ਦੇ ਨਾਲ-ਨਾਲ ਕੰਢੀ ਖੇਤਰ ਦੇ ਗ਼ਰੀਬ ਰੇਸ਼ਮ ਕੀਟ ਪਾਲਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਬਹੁਤ ਸਹਾਈ ਹੋ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਡਾਇਰੈਕਟਰ ਬਾਗ਼ਬਾਨੀ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਵੱਖ-ਵੱਖ ਸਕੀਮਾਂ ਤਹਿਤ ਰੇਸ਼ਮ ਕੀਟ ਪਾਲਕਾਂ ਨੂੰ ਹਰ ਪੱਖ ਤੋਂ ਲੋੜੀਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਉਪਲੱਬਧ ਕਰਵਾਉਣ ਤਾਂ ਜੋ ਰਾਜ ਵਿੱਚ ਵੱਧ ਤੋਂ ਵੱਧ ਰੇਸ਼ਮ ਉਤਪਾਦਨ ਕੀਤਾ ਜਾ ਸਕੇ ਅਤੇ ਗ਼ਰੀਬ ਕਿਸਾਨਾਂ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੱਕਿਆ ਜਾ ਸਕੇ।
ਇਸ ਮੌਕੇ ਕੈਬਨਿਟ ਮੰਤਰੀ ਨਾਲ ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗ਼ਬਾਨੀ, ਜਤਿੰਦਰ ਕੁਮਾਰ ਬਾਗ਼ਬਾਨੀ ਵਿਕਾਸ ਅਫ਼ਸਰ, ਅਵਤਾਰ ਸਿੰਘ ਮੈਨਜਰ, ਸੁਖਵੀਰ ਸਿੰਘ ਸੈਰੀਕਲਚਰ ਪਰਮੋਸ਼ਨ ਅਫ਼ਸਰ ਅਤੇ ਹੋਰ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ।
———-
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
ਪੀ.ਐਸ.ਡੀ.ਐਮ. ਵੱਲੋਂ ਪੰਜਾਬ ਦੇ 10 ਹਜ਼ਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਮਾਈਕ੍ਰੋਸਾਫਟ ਨਾਲ ਸਮਝੌਤਾ ਸਹੀਬੱਧ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ: ਅਮਨ ਅਰੋੜਾ
ਚੰਡੀਗੜ੍ਹ, 21 ਜੂਨ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਆਲਮੀ ਲੋੜਾਂ ਅਨੁਸਾਰ ਰੋਜ਼ਗਾਰ ਦੇ ਮੌਕਿਆਂ ਦੇ ਸਮਰੱਥ ਬਣਾਉਣ ਵਾਸਤੇ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਮਾਈਕ੍ਰੋਸਾਫਟ ਨਾਲ ਇੱਕ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਹੈ, ਜਿਸ ਤਹਿਤ ਇਕ ਸਾਲ ਅੰਦਰ 10 ਹਜ਼ਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।
ਇਸ ਸਮਝੌਤੇ ਉਤੇ ਡਾਇਰੈਕਟਰ ਪੀ.ਐਸ.ਡੀ.ਐਮ. ਅੰਮ੍ਰਿਤ ਸਿੰਘ ਅਤੇ ਮਾਈਕ੍ਰੋਸਾਫਟ ਕਾਰਪੋਰੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਵਿੱਚ ਐਜੂਕੇਸ਼ਨ ਦੇ ਕੰਟਰੀ ਹੈੱਡ ਸ਼੍ਰੀ ਸੰਜੈ ਢੀਂਗਰਾ ਵੱਲੋਂ ਹਸਤਾਖ਼ਰ ਕੀਤੇ ਗਏ।
ਇਸ ਸਮਝੌਤੇ ਲਈ ਸਮੁੱਚੇ ਵਿਭਾਗ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਦੇ 10,000 ਨੌਜਵਾਨਾਂ ਨੂੰ ਕਲਾਊਡ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਸਾਈਬਰ ਸੁਰੱਖਿਆ ਅਤੇ ਸਸਟੇਨਿਬਿਲਟੀ, ਡਿਜੀਟਲ ਪ੍ਰੋਡਕਟੀਵਿਟੀ, ਰੋਜ਼ਗਾਰ, ਇੰਗਲਿਸ਼ ਕਮਿਊਨੀਕੇ਼ਸ਼ਨ ਸਕਿੱਲਜ਼, ਤਕਨਾਲੋਜੀ ਅਤੇ ਉੱਦਮੀ ਹੁਨਰ ਸਿਖਲਾਈ ਪ੍ਰਦਾਨ ਕਰਨ ਵਿੱਚ ਅਹਿਮ ਸਿੱਧ ਹੋਵੇਗਾ। ਉਨ੍ਹਾਂ ਦੁਹਰਾਇਆ ਕਿ ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
ਸਮਝੌਤੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਸਾਲ 2024-25 ਲਈ ਮਾਈਕ੍ਰੋਸਾਫਟ ਨਾਲ ਕੀਤੇ ਗਏ ਇਸ ਸਮਝੌਤੇ ਵਿੱਚ ਅਜਿਹੀਆਂ ਵੱਖ-ਵੱਖ ਪਹਿਲਕਦਮੀਆਂ ਸ਼ਾਮਲ ਹਨ, ਜੋ ਪੀ.ਐਸ.ਡੀ.ਐਮ. ਦੇ ਸਹਿਯੋਗ ਨਾਲ ਸਿਖਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਆਲਮੀ ਲੋੜਾਂ ਅਨੁਸਾਰ ਨੌਜਵਾਨਾਂ ਦੇ ਹੁਨਰ ਅਤੇ ਯੋਗਤਾ ਨੂੰ ਵਧਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਏ.ਆਈ. ਦੇ ਬੋਲਬਾਲੇ ਵਾਲੀ ਅਰਥਵਿਵਸਥਾ ਵਿੱਚ ਰੋਜ਼ਗਾਰ ਦੇ ਮੌਕਿਆਂ ਦੇ ਸਮਰੱਥ ਬਣਾਇਆ ਜਾ ਸਕੇ।
ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕੰਪਨੀਆਂ ਨਾਲ ਵੀ ਅਜਿਹੇ ਸਮਝੌਤੇ ਸਹੀਬੱਧ ਕੀਤੇ ਜਾਣਗੇ।
ਡੱਬੀ
ਸਮਝੌਤੇ ਦੇ ਮੁੱਖ ਪਹਿਲੂ
– ਦਸ ਹਜ਼ਾਰ ਪੇਂਡੂ ਨੌਜਵਾਨਾਂ, ਮੁਟਿਆਰਾਂ, ਕੁੜੀਆਂ ਅਤੇ ਦਿਵਿਆਂਗਜਨਾਂ ਦੀ ਕਾਰਜਕੁਸ਼ਲਤਾ ਵਿੱਚ ਵਾਧੇ ਵਾਸਤੇ ਫਾਊਂਡੇਸ਼ਨਲ ਡਿਜੀਟਲ, ਰੋਜ਼ਗਾਰਯੋਗਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਬੰਧੀ ਹੁਨਰ ਦਾ ਵਿਕਾਸ।
– ਰੋਜ਼ਗਾਰ ਉਤਪਤੀ ਵਿਭਾਗ ਕੋਲ ਰਜਿਸਟਰਡ ਨੌਕਰੀ ਤਲਾਸ਼ ਰਹੇ ਨੌਜਵਾਨਾਂ ਨੂੰ ਉਦਯੋਗ ਦੀ ਲੋੜ ਅਨੁਸਾਰ ਡਿਜੀਟਲ ਹੁਨਰ ਸਿਖਲਾਈ ਪ੍ਰਦਾਨ ਕਰਨਾ।
– ਤਕਨੀਕੀ ਅਤੇ ਪੇਸ਼ੇਵਰ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਲਈ ਟ੍ਰੇਨਰਾਂ ਰਾਹੀਂ ਕਲਾਊਡ, ਆਰਟੀਫਿਸ਼ੀਅਲ ਇੰਟੈਲੀਜੈਂਸ, ਸੁਰੱਖਿਆ ਅਤੇ ਸਸਟੇਨਿਬਿਲਟੀ (ਗ੍ਰੀਨ ਸਕਿੱਲਜ਼) ਬਾਰੇ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ।
– ਆਧੁਨਿਕ ਨਾਗਰਿਕ ਸੇਵਾਵਾਂ ਨੂੰ ਹੋਰ ਸੁਚਾਰੂ ਢੰਗ ਨਾਲ ਪ੍ਰਦਾਨ ਕਰਨ ਲਈ ਡਿਜੀਟਲ ਪ੍ਰੋਡਕਟੀਵਿਟੀ ਸਕਿੱਲਜ਼ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸਬੰਧੀ ਹੁਨਰ ਪ੍ਰਦਾਨ ਕਰਕੇ ਸਰਕਾਰੀ ਮੁਲਾਜ਼ਮਾਂ ਦੀ ਸਮਰੱਥਾ ਵਿੱਚ ਵਾਧਾ ਕਰਨਾ।
– ਨੌਜਵਾਨਾਂ ਨੂੰ ਰੋਜ਼ਗਾਰ ਮੌਕਿਆਂ ਦੇ ਸਮਰੱਥ ਬਣਾਉਣ ਲਈ ਹਾਈ ਸਕੂਲ ਸਿੱਖਿਆ, ਅੰਡਰਗ੍ਰੈਜੁਏਟ ਕੋਰਸਾਂ ਅਤੇ ਕਿੱਤਾਮੁਖੀ ਸਿਖਲਾਈ ਦੌਰਾਨ ਨੌਜਵਾਨਾਂ ਵਿੱਚ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲਜ਼, 21ਵੀਂ ਸਦੀ ਦੇ ਹੁਨਰ ਅਤੇ ਏ.ਆਈ. ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ।
——
ਵਿਜੀਲੈਂਸ ਬਿਊਰੋ ਪੰਜਾਬ
ਵਿਜੀਲੈਂਸ ਬਿਊਰੋ ਨੇ ਗਰੀਬ ਪਰਿਵਾਰਾਂ ਲਈ ਚੌਲਾਂ ਦੀ ਵੰਡ ’ਚ ਹੋਏ 1.55 ਕਰੋੜ ਰੁਪਏ ਦੇ ਗ਼ਬਨ ਦਾ ਕੀਤਾ ਪਰਦਾਫਾਸ਼
1138 ਬੋਰੀਆਂ ਨਾਲ ਲੱਦੇ ਦੋ ਟਰੱਕ ਕੀਤੇ ਜ਼ਬਤ-ਤਿੰਨ ਦੋਸ਼ੀ ਗ੍ਰਿਫਤਾਰ
ਚੰਡੀਗੜ੍ਹ, 21 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਗੋਦਾਮ ’ਤੇ ਛਾਪੇਮਾਰੀ ਕਰਕੇ 1.55 ਕਰੋੜ ਰੁਪਏ ਦੇ ਵੱਡੇ ਗ਼ਬਨ ਦਾ ਪਰਦਾਫਾਸ਼ ਕਰਦਿਆਂ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ 2 ਟਰੱਕ ਜ਼ਬਤ ਕੀਤੇ ਹਨ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਸ਼ਿਵ ਸ਼ਕਤੀ ਰਾਈਸ ਮਿੱਲ, ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ ਸਣੇ ਦੋ ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਜੈ ਜੈਨੇਂਦਰ ਫਰਮ ਦੇ ਠੇਕੇਦਾਰ ਹਰੀਸ਼ ਦਲਾਲ, ਸ਼ਿਵ ਸ਼ਕਤੀ ਰਾਈਸ ਮਿੱਲ ਗੜ੍ਹਸ਼ੰਕਰ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ, ਅੰਜਨੀ ਰਾਈਸ ਮਿੱਲ ਕੁੱਤੀਵਾਲ ਕਲਾਂ, ਮੌੜ ਮੰਡੀ, ਬਠਿੰਡਾ ਦੇ ਮਾਲਕ, ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਦੀ ਜਾਂਚ ਦੌਰਾਨ ਭਾਰਤੀ ਖੁਰਾਕ ਨਿਗਮ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਗਲੋਬਲ ਵੇਅਰਹਾਊਸ ਦੇ ਅਧਿਕਾਰੀਆਂ/ਕਰਮਚਾਰੀਆਂ/ਨਿਗਰਾਨਾਂ ਦੀ ਭੂਮਿਕਾ ਵੀ ਵਿਚਾਰੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ‘ਭਾਰਤ ਬ੍ਰਾਂਡ’ ਸਕੀਮ ਤਹਿਤ ਰਾਸ਼ਟਰੀ ਸਹਿਕਾਰੀ ਖ਼ਪਤਕਾਰ ਫੈਡਰੇਸ਼ਨ ਆਫ ਇੰਡੀਆ ਵੱਲੋਂ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੇ ਗਰੀਬ ਪਰਿਵਾਰਾਂ ਨੂੰ ਲਗਭਗ 70,000 ਮੀਟ੍ਰਿਕ ਟਨ ਚੌਲ ਵੰਡੇ ਜਾ ਰਹੇ ਸਨ, ਜਿੰਨ੍ਹਾਂ ਦੀ ਕੀਮਤ ਲਗਭਗ 130 ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਵਿੱਚੋਂ 1000 ਮੀਟ੍ਰਿਕ ਟਨ ਚੌਲ 5 ਕਿਲੋ ਅਤੇ 10 ਕਿਲੋ ਦੀ ਥੈਲਿਆਂ ਵਿੱਚ 18.50 ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੰਡੇ ਜਾਣੇ ਸੀ। ਬਠਿੰਡਾ ਜ਼ਿਲ੍ਹੇ ਵਿੱਚ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਚੌਲ ਲਾਭਪਾਤਰੀਆਂ ਨੂੰ ਸਪਲਾਈ ਕਰਨ ਦਾ ਟੈਂਡਰ ਜੈ ਜੈਨੇਂਦਰ ਫਰਮ ਨੂੰ ਦਿੱਤਾ ਗਿਆ ਸੀ।
ਬੁਲਾਰੇ ਨੇ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਲਾਭਪਾਤਰੀਆਂ ਦੇ 3.40 ਕਰੋੜ ਰੁਪਏ ਦੇ ਚੌਲਾਂ ਵਿੱਚ ਗਬਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਚਨਾ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ 2 ਟਰੱਕ ਜ਼ਬਤ ਕਰ ਲਏ ਹਨ, ਜੋ ਫਤਿਆਬਾਦ ਦੇ ਕਸਬਾ ਹਮਜਾਪੁਰ ਭੇਜੇ ਜਾਣੇ ਸਨ ,ਪਰ ਟੈਂਡਰਰ ਫਰਮ ਨੇ ਚੌਲਾਂ ਨੂੰ ਅੱਗੇ ਚੌਲ-ਫ਼ਰੋਸ਼ਾਂ ਨੂੰ ਸਿੱਧੇ ਵੇਚਣ ਦੇ ਇਰਾਦੇ ਨਾਲ ਨਾ ਤਾਂ ਚੌਲਾਂ ਦੀ ਸਫਾਈ ਨਹੀਂ ਕੀਤੀ ਅਤੇ ਨਾ ਹੀ ਚੌਲ ਬੋਰੀਆਂ ਵਿੱਚ ਭਰੇ।
ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਫਰਮ ਗਰੀਬ ਲੋਕਾਂ ਲਈ ਰੱਖੇ ਸਰਕਾਰੀ ਸਟਾਕ ਨੂੰ 34 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਹਿੰਗੇ ਭਾਅ ਵੇਚ ਕੇ ਗਬਨ ਕਰਨਾ ਚਾਹੁੰਦੀ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਜੈ ਜਨੇਂਦਰ ਫਰਮ ਦੇ ਮਾਲਕਾਂ ਨੇ ਹਰੀਸ਼ ਕੁਮਾਰ ਨਾਮਕ ਦਲਾਲ ਅਤੇ ਭਾਰਤੀ ਖੁਰਾਕ ਨਿਗਮ ਦੇ ਅਣਪਛਾਤੇ ਅਧਿਕਾਰੀਆਂ ਰਾਹੀਂ ਇਸ ਗੋਦਾਮ ਦੇ ਅਧਿਕਾਰੀਆਂ/ਕਰਮਚਾਰੀਆਂ/ਨਿਗਰਾਨਾਂ ਨਾਲ ਮਿਲੀਭੁਗਤ ਕਰਕੇ ਗਲੋਬਲ ਵੇਅਰਹਾਊਸ (ਸੋਮਾ ਵੇਅਰਹਾਊਸ), ਮੌੜ ਮੰਡੀ ਤੋਂ ਚੌਲ ਹਾਸਲ ਕਰਕੇ ਰਿਸ਼ਵਤ ਦੇਣ ਤੋਂ ਬਾਅਦ ਇੰਨਾਂ ਚੌਲਾਂ ਦੀਆਂ ਬੋਰੀਆਂ ਨੂੰ ਅੰਜਨੀ ਰਾਈਸ ਮਿੱਲ, ਕੁੱਤੀਵਾਲ ਕਲਾਂ, ਮੌੜ ਮੰਡੀ ਵਿਖੇ ਭੇਜ ਦਿੱਤਾ ਅਤੇ ਇਸ ਤੋਂ ਬਾਅਦ ਚੌਲਾਂ ਦੀਆਂ ਬੋਰੀਆਂ ਨੂੰ ਇਨ੍ਹਾਂ ਟਰੱਕਾਂ ਰਾਹੀਂ ਸ਼ਿਵ ਸ਼ਕਤੀ ਰਾਈਸ ਮਿੱਲ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਲਿਜਾਇਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਸਾਰੇ ਮੁਲਜ਼ਮਾਂ ਅਤੇ ਉਕਤ ਫਰਮਾਂ ਦੇ ਮਾਲਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
———–
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ।
ਮਲੇਰਕੋਟਲਾ ਦੇ 185 ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 94.35 ਲੱਖ ਰੁਪਏ ਜਾਰੀ: ਡਾ.ਬਲਜੀਤ ਕੌਰ
ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਦਿੱਤਾ ਗਿਆ ਲਾਭ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ
ਚੰਡੀਗੜ੍ਹ, 21 ਜੂਨ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਦੇ ਮੰਤਰੀ ਡਾ. ਬਲਜੀਤ ਕੌਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਮਾਲੇਰਕੋਟਲਾ ਦੇ ਅਨੁਸੂਚਿਤ ਜਾਤੀਆਂ ਦੇ 185 ਲਾਭਪਾਤਰੀਆਂ ਨੂੰ 94.35 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲਾ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਨਾਲ ਸਬੰਧਤ 337 ਲਾਭਪਾਤਰੀਆਂ ਨੂੰ 1.71 ਕਰੋੜ ਰੁਪਏ ਜ਼ਾਰੀ ਕੀਤੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮਲੇਰਕੋਟਲਾ ਜਿਲੇ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀ ਭਲਾਈ ਲਈ ਸੂਬਾ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਦਸੰਬਰ 2022 ਦੇ 57, ਜਨਵਰੀ 2023 ਦੇ 26, ਫਰਵਰੀ 2023 ਦੇ 51 ਅਤੇ ਮਾਰਚ 2023 ਦੇ 51, ਕੁੱਲ 185 ਲਾਭਪਾਤਰੀਆਂ ਨੂੰ ਵਿੱਤੀ ਲਾਭ ਦਿੱਤਾ ਗਿਆ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ, ਉਸ ਦਾ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਦਾ ਹੋਵੇ, ਬਿਨੈਕਾਰ ਅਨੁਸੂਚਿਤ ਜਾਤੀ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹੋਵੇ ਅਤੇ ਪਰਿਵਾਰ ਦੀ ਸਾਰੇ ਸਾਧਨਾ ਤੋ ਸਲਾਨਾ ਆਮਦਨ 32,790 ਰੁਪਏ ਤੋ ਘੱਟ ਹੋਵੇ, ਅਜਿਹੇ ਪਰਿਵਾਰਾਂ ਦੀਆਂ ਦੋ ਧੀਆਂ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕਾਰਜ਼ਸ਼ੀਲ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਹਾਇਤਾ ਦੀ ਅਦਾਇਗੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾ ਨੂੰ ਆਰਥਿਕ ਤੌਰ ਤੇ ਹੋਰ ਮਜ਼ਬੂਤ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।
——-