ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਪੰਜਾਬ ‘ਚ ਸਕਾਲਰਸ਼ਿਪ ਸਕੀਮ ਅਧੀਨ ਦਿਵਿਆਂਗ ਵਿਦਿਆਰਥੀ ਨੂੰ ਦਿੱਤੇ ਜਾ ਰਹੇ ਹਨ ਵਜ਼ੀਫ਼ੇ: ਡਾ. ਬਲਜੀਤ ਕੌਰ
ਕਿਹਾ, ਸਕਾਲਰਸ਼ਿਪ ਸਕੀਮ ਅਧੀਨ 12607 ਦਿਵਿਆਂਗ ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਵੰਡੇ
ਚੰਡੀਗੜ੍ਹ, 11 ਜੂਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਮੰਤਵ ਨੂੰ ਪੂਰਾ ਕਰਨ ਲਈ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੀ ਰਹਿਨੁਮਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਿਵਿਆਂਗ ਵਿਦਿਆਰਥੀਆਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਿਹਾ ਹੈ। ਪੰਜਾਬ ਰਾਜ ਵਿੱਚ ਸਕਾਲਰਸ਼ਿਪ ਸਕੀਮ ਫਾਰ ਕੈਂਡੀਡੇਟ ਹੈਂਡੀਕੈਪਡ ਬੁਆਇਜ ਐਂਡ ਗਰਲਜ਼ ਅਤੇ ਸਕਾਲਰਸ਼ਿਪ ਸਕੀਮ ਫਾਰ ਹੈਂਡੀਕੈਪ ਅਧੀਨ 12607 ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਅਤੇ ਰਾਸ਼ਟਰੀ ਸਕਾਲਰਸ਼ਿਪ ਟੂ ਹੈਂਡੀਕੈਪ ਸਕੀਮ ਤਹਿਤ 249 ਵਿਦਿਆਰਥੀਆਂ ਨੂੰ 39.71 ਲੱਖ ਰੁਪਏ ਦਾ ਲਾਭ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਪੰਜਾਬ ਰਾਜ ਵਿੱਚ ਸਕਾਲਰਸ਼ਿਪ ਸਕੀਮ ਫਾਰ ਕੈਂਡੀਡੇਟ ਹੈਂਡੀਕੈਪਡ ਬੁਆਇਜ ਐਂਡ ਗਰਲਜ਼ ਅਤੇ ਸਕਾਲਰਸ਼ਿਪ ਸਕੀਮ ਫਾਰ ਹੈਂਡੀਕੈਪ ਅਧੀਨ 12607 ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਦੇ ਵਜ਼ੀਫੇ ਦਿੱਤੇ ਗਏ ਹਨ।
ਮੰਤਰੀ ਨੇ ਅੱਗੇ ਦੱਸਿਆ ਕਿ ਦਿਵਿਆਂਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਫਾਰ ਹੈਂਡੀਕੈਪਡ ਲੜਕੇ ਅਤੇ ਲੜਕੀਆਂ ਸਕੀਮ ਤਹਿਤ ਪਹਿਲੀ ਤੋਂ ਅੱਠਵੀਂ ਜਮਾਤ ਤੱਕ 200 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੌਵੀਂ ਤੋਂ ਡਿਗਰੀ ਪੱਧਰ ਤੱਕ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ 300 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਵਜੀਫਾ ਸਕੀਮ ਤਹਿਤ ਪਿੰਡਾਂ ਵਿੱਚ ਪੜ੍ਹਾਈ ਕਰ ਰਹੀਆਂ ਦਿਵਿਆਂਗਜਨ ਲੜਕੀਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੱਕਣ ਲਈ ਲਾਭ ਦਿੱਤਾ ਜਾਂਦਾ ਹੈ।
ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਹਿਲੀ ਤੋਂ ਦਸਵੀਂ ਤੱਕ 100 ਰੁਪਏ ਪ੍ਰਤੀ ਮਹੀਨਾ ਅਤੇ ਦਸਵੀਂ ਤੋਂ ਡਿਗਰੀ ਪੱਧਰ ਦੇ ਪੜ੍ਹਾਈ ਤੱਕ 200 ਰੁਪਏ ਪ੍ਰਤੀ ਮਹੀਨਾ ਵਾਧੂ ਵਜੀਫਾ ਦਿੱਤਾ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਰਾਸ਼ਟਰੀ ਸਕਾਲਰਸ਼ਿਪ ਟੂ ਹੈਂਡੀਕੈਪ ਸਕੀਮ ਤਹਿਤ 249 ਵਿਦਿਆਰਥੀਆਂ ਨੂੰ 39.71 ਲੱਖ ਰੁਪਏ ਦਾ ਲਾਭ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਦਿਵਿਆਂਗ ਵਿਦਿਆਰਥੀਆਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਜਿਸ ਨਾਲ ਉਹਨਾਂ ਦੀ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਨਾ ਆਵੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।