ਪੰਜਾਬ ਦੀ ਆਪ ਸਰਕਾਰ ਨੇ ਪੂਰਾ ਕੀਤਾ 1 ਸਾਲ, ਰਿਪੋਰਟ ਕਾਰਡ ਲਾਲ ਲਕੀਰਾਂ ਨਾਲ ਭਰਿਆ: ਜੈਵੀਰ ਸ਼ੇਰਗਿੱਲ

0
153

ਆਪ ਸਰਕਾਰ ਦੇ ਇੱਕ ਸਾਲ ਨੇ ਪੰਜਾਬ ਨੂੰ 40 ਸਾਲ ਪਿੱਛੇ ਧੱਕ ਦਿੱਤਾ: ਭਾਜਪਾ

ਜਲੰਧਰ/ਚੰਡੀਗੜ੍ਹ, 16 ਮਾਰਚ: ਆਮ ਆਦਮੀ ਪਾਰਟੀ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਬਦਲਾਅ ਲਿਆਉਣ ਦੇ ਵੱਡੇ-ਵੱਡੇ ਦਾਅਵੇ ਇੱਕ ਸਾਲ ਦੇ ਅੰਦਰ ਹੀ ਆਪਣੇ ਸਭ ਤੋਂ ਮਾੜੇ ਕਾਰਜਕਾਲ ਵਿੱਚ ਬਦਲ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਲਈ ਪਿਛਲੇ ਇੱਕ ਸਾਲ ਨੂੰ ਕਾਲੇ ਦੌਰ ਦਾ ਸਮਾਂ ਦੱਸਿਆ ਹੈ।

ਇੱਥੇ ਜਾਰੀ ਬਿਆਨ ਵਿੱਚ, ਸ਼ੇਰਗਿੱਲ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਬਦਤਰ ਹਾਲਾਤਾਂ ਤੋਂ ਇਲਾਵਾ, ਕੁਸ਼ਾਸਨ, ਵਿਗੜੀ ਕਾਨੂੰਨ ਵਿਵਸਥਾ, ਵਾਅਦਿਆਂ ਦੀ ਪੂਰਤੀ ਨਾ ਹੋਣਾ, ਵੱਧਦੀ ਨਸ਼ਾਖੋਰੀ, ਗੈਂਗ ਵਾਰ, ਗੈਰ-ਕਾਨੂੰਨੀ ਮਾਈਨਿੰਗ, ਸ਼ਰਾਬ ਨੀਤੀ ਘਪਲਾ, ਆਰਥਿਕਤਾ ਦੀ ਮੰਦੀ ਹਾਲਤ, ਭ੍ਰਿਸ਼ਟਾਚਾਰ, ਫਜੂਲਖਰਚੀ, ਵੀਆਈਪੀ ਕਲਚਰ ਦਾ ਪ੍ਰਚਾਰ ਅਤੇ ਜ਼ਿੰਮੇਵਾਰੀ ਤੋਂ ਭੱਜਣਾ, ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ 1 ਸਾਲ ਦੇ ਸ਼ਾਸਨ ਦੀ ਭਿਆਨਕਤਾ ਨੂੰ ਦਰਸਾਉਂਦਾ ਹੈ।

ਸ਼ੇਰਗਿੱਲ ਨੇ ਆਪਣੇ ਦਾਅਵਿਆਂ ਨੂੰ ਮਜ਼ਬੂਤੀ ਦਿੰਦਿਆਂ ਕਿਹਾ ਕਿ ਅਮਨ-ਕਾਨੂੰਨ ਦੀ ਹੁਣ ਤੱਕ ਦੀ ਬਦਤਰ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਏ ਦਿਨ ਹੋਣ ਵਾਲੇ ਕਤਲ, ਲੁੱਟ-ਖੋਹ, ਜਬਰੀ ਵਸੂਲੀ ਅਤੇ ਪੈਸਿਆਂ ਲਈ ਹੱਤਿਆ ਦੀਆਂ ਘਟਨਾਵਾਂ ਤੋਂ ਇਲਾਵਾ ਪੁਲਿਸ ਦੇ ਸੰਸਥਾਨਾਂ ਤੇ ਦੋ ਆਰ.ਪੀ.ਜੀ. ਹਮਲੇ ਹੋ ਚੁੱਕੇ ਹਨ ਅਤੇ ਹਾਲ ਹੀ ਵਿਚ ਅਜਨਾਲਾ (ਅੰਮ੍ਰਿਤਸਰ) ਦੇ ਇਕ ਥਾਣੇ ‘ਤੇ ਬੇਕਾਬੂ ਭੀੜ ਨੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜੁਲਾਈ 2022 ਤੋਂ ਪੰਜਾਬ ਵਿੱਚ ਰੈਗੂਲਰ ਡੀਜੀਪੀ ਦੀ ਤਾਇਨਾਤੀ ਨਹੀਂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਸੱਤਾ ‘ਚ ਆਉਣ ਤੋਂ ਬਾਅਦ ਆਪ ਸਰਕਾਰ ਵੱਲੋਂ ਸੂਬੇ ‘ਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਕੀਤੇ ਵੱਡੇ ਦਾਅਵਿਆਂ ਦੇ ਉਲਟ ਨਸ਼ਾ ਤਸਕਰੀ ਬੇਰੋਕ ਜਾਰੀ ਹੈ। ਹਰ ਰੋਜ਼ ਮੀਡੀਆ ਵਿੱਚ ਨਸ਼ੇ ਦੀ ਉਪਲਬਧਤਾ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀਆਂ ਖ਼ਬਰਾਂ ਆਉਂਦੀਆਂ ਹਨ।

ਝੂਠੇ ਚੋਣ ਵਾਅਦਿਆਂ ਰਾਹੀਂ ਲੋਕਾਂ ਨਾਲ ਧੋਖਾ ਕਰਨ ਵਾਲੀ ਮਾਨ ਸਰਕਾਰ ‘ਤੇ ਵਰ੍ਹਦਿਆਂ, ਸ਼ੇਰਗਿੱਲ ਨੇ ਕਿਹਾ ਕਿ ਆਪ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ‘ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇਨ੍ਹਾਂ ਵਲੋ 18 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ 1.3 ਕਰੋੜ ਯੋਗ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਾ ਦੇ ਕੇ ਮਹਿਲਾ ਵਰਗ ਨਾਲ ਧੋਖਾ ਕੀਤਾ ਗਿਆ ਹੈ।

ਸੂਬੇ ਦੀ ਆਰਥਿਕਤਾ ਨੂੰ ਹੋਏ ਨੁਕਸਾਨ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ, ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਵਿੱਤੀ ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ ਆਪ ਸਰਕਾਰ ਨੇ ਥੋੜ੍ਹੇ ਜਿਹੇ ਕਾਰਜਕਾਲ ‘ਚ 30,986 ਕਰੋੜ ਰੁਪਏ ਦਾ ਵੱਡਾ ਕਰਜ਼ਾ ਲਿਆ ਹੈ ਅਤੇ ਇਹ ਆਪਣੀਆਂ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦੇ ਰਹੀ ਹੈ। ਇਥੋਂ ਤੱਕ ਕਿ ਵਿੱਤੀ ਸਾਲ 2023-24 ਦੇ ਅੰਤ ਤੱਕ ਸੂਬੇ ‘ਤੇ ਕਰਜ਼ਾ 3.47 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।

ਸ਼ੇਰਗਿੱਲ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੇ ਮੁੱਖ ਮੰਤਰੀ ਦੇ ਦਾਅਵਿਆਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ‘ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਜਿਸਦੀ ਸਭ ਤੋਂ ਵੱਡੀ ਉਦਾਹਰਣ ਆਪ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਕਥਿਤ ਤੋਰ ਤੇ ਰਿਸ਼ਵਤ ਲੈਣ ਦੇ ਕੇਸ ਵਿੱਚ ਹੋਈ ਗ੍ਰਿਫਤਾਰੀ ਦਾ ਮਾਮਲਾ ਹੈ। ਉਹ ਮਾਨ ਸਾਹਬ ਨੂੰ ਸਵਾਲ ਕਰਨਾ ਚਾਹੁਣਗੇ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਪਣੇ ਦੋ ਸਾਬਕਾ ਮੰਤਰੀਆਂ ਅਤੇ ਇੱਕ ਵਿਧਾਇਕ ਵਿਰੁੱਧ ਕਾਰਵਾਈ ਕਰਨ ਵਿੱਚ ਕਿਉਂ ਨਾਕਾਮ ਰਹੀ ਹੈ। ਉਹ ਅਜੇ ਵੀ ਪਾਰਟੀ ਵਿਚ ਕਿਉਂ ਹਨ?

ਸਨਅਤੀ ਖੇਤਰ ਦਾ ਜ਼ਿਕਰ ਕਰਦਿਆਂ, ਸ਼ੇਰਗਿੱਲ ਨੇ ਕਿਹਾ ਕਿ ਨਵੀਂ ਸਨਅਤੀ ਨੀਤੀ, ਜਿਸਦੇ ਕੁਝ ਹਿੱਸੇ ਮੌਜੂਦਾ ਸਨਅਤ ਲਈ ਨੁਕਸਾਨਦੇਹ ਹਨ ਅਤੇ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਕਾਰਨ ਪੰਜਾਬ ਦੀਆਂ ਸਨਅਤਾਂ ਦੂਜੇ ਸੂਬਿਆਂ ਵਿੱਚ ਜਾਣ ਦੀਆਂ ਯੋਜਨਾ ਬਣਾ ਰਹੀਆਂ ਹਨ। ਇਨ੍ਹਾਂ ਦੇ ਪੰਜਾਬ ਨੂੰ ਧਰਨਾ ਮੁਕਤ ਕਰਨ ਸਬੰਧੀ ਦਾਅਵਿਆਂ ਵਿਚਾਲੇ ਕਿਸਾਨ, ਅਧਿਆਪਕ, ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਡਾਕਟਰ, ਬੇਰੋਜ਼ਗਾਰ ਨੌਜਵਾਨ, ਉਦਯੋਗਪਤੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜਦੋਂ ਕਿ ਅਸੰਵੇਦਨਸ਼ੀਲ ਮਾਨ ਸਰਕਾਰ ਪ੍ਰਦਰਸ਼ਨਕਾਰੀਆਂ ‘ਤੇ ਬੇਰਹਿਮੀ ਨਾਲ ਲਾਠੀਚਾਰਜ ਕਰ ਰਹੀ ਹੈ, ਜਿਸ ਨਾਲ ਸਥਿਤੀ ਹੋਰ ਵਿਗੜ ਰਹੀ ਹੈ। ਲੋਕਾਂ ਦਾ ਇਸ ਅਰਾਜਕ ਅਤੇ ਹੰਕਾਰੀ ਸਰਕਾਰ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਗਿਆ ਹੈ।

ਸ਼ੇਰਗਿੱਲ ਨੇ ਇਸ਼ਤਿਹਾਰਾਂ ਰਾਹੀਂ ਝੂਠੀ ਪ੍ਰਸਿੱਧੀ ਹਾਸਲ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਬਰਬਾਦ ਕਰਨ ਲਈ ਮਾਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਪੰਜਾਬ ਦੇ ਵਸੀਲਿਆਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਦਿੱਲੀ ਦਰਬਾਰ ਦੇ ਇਸ਼ਾਰੇ ‘ਤੇ ਕੰਮ ਕਰਦੇ ਹਨ। ਅਸਲ ਵਿੱਚ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਰੂਪ ਵਿੱਚ ਕੇਜਰੀਵਾਲ ਦਾ ਅਸਿਸਟੈਂਟ ਮਿਲਿਆ ਹੈ।

ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਧਿਆਨ ਦਿੱਤੇ ਜਾਣ ਦੇ ਵੱਡੇ-ਵੱਡੇ ਦਾਅਵਿਆਂ ਬਾਰੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ, ਸ਼ੇਰਗਿੱਲ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੈਂਕੜੇ ਸਕੂਲਾਂ ਵਿੱਚ ਲੋੜੀਂਦੇ ਅਧਿਆਪਕ ਨਹੀਂ ਹਨ। ਇਸੇ ਤਰ੍ਹਾਂ ਆਪ ਸਰਕਾਰ ਨੇ ਪੇਂਡੂ ਡਿਸਪੈਂਸਰੀਆਂ ਬੰਦ ਕਰ ਦਿੱਤੀਆਂ ਹਨ ਅਤੇ ਪੇਂਡੂ ਸਿਹਤ ਸੇਵਾਵਾਂ ਨੂੰ ਵੈਂਟੀਲੇਟਰ ‘ਤੇ ਪਾ ਦਿੱਤਾ ਹੈ। ਇੱਥੋਂ ਤੱਕ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੀ 500 ਆਮ ਆਦਮੀ ਕਲੀਨਿਕਾਂ ਲਈ ਲੋੜੀਂਦਾ ਮੈਡੀਕਲ ਸਟਾਫ਼ ਨਹੀਂ ਲੱਭ ਸਕਿਆ ਹੈ।

ਭਾਜਪਾ ਆਗੂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਹੈਰਾਨੀਜਨਕ ਹੈ ਕਿ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਨ ਵਾਲੀ ਪਾਰਟੀ ਨੇ ਪੂਰੀ ਤਰ੍ਹਾਂ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮਾਨ ਦੇ ਕਾਫ਼ਲੇ ਵਿੱਚ 42 ਗੱਡੀਆਂ ਹਨ, ਜੋ ਕਿ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਸਾਬਕਾ ਮੁੱਖ ਮੰਤਰੀਆਂ ਨਾਲੋਂ ਵੱਧ ਹਨ। ਦਰਅਸਲ, ਹਾਲ ਹੀ ਵਿੱਚ ਹੁਕਮ ਜਾਰੀ ਕੀਤੇ ਗਏ ਸਨ ਕਿ ਹੁਣ ਤੋਂ ਮਾਨ ਦੀ ਪਤਨੀ ਦੇ ਸੂਬੇ ਦੇ ਜ਼ਿਲ੍ਹਿਆਂ ਦਾ ਦੌਰਾ ਕਰਨ ਸਮੇਂ 40 ਪੁਲਿਸ ਮੁਲਾਜ਼ਮ ਉਨ੍ਹਾਂ ਦੇ ਨਾਲ ਹੋਣਗੇ, ਜੋ ਕਿ ਮਾਨ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਦਾਅਵਿਆਂ ਨੂੰ ਦੇਖਦੇ ਹੋਏ ਸ਼ਰਮਨਾਕ ਹੈ।

ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਅਸਫਲਤਾਵਾਂ ਤੋਂ ਇਲਾਵਾ, ਆਪ ਸਰਕਾਰ ਕਈ ਵਿਵਾਦਾਂ ‘ਚ ਵੀ ਉਲਝੀ ਹੈ। ਜਿਸ ਵਿਚ ਰਾਜ ਸਭਾ ਸਮੇਤ ਪੰਜਾਬ ਦੇ ਅਹਿਮ ਅਹੁਦਿਆਂ ਲਈ ਬਾਹਰੀ ਵਿਅਕਤੀਆਂ ਦੀ ਚੋਣ ਕਰਨ ਤੋਂ ਲੈ ਕੇ ਸਰਕਾਰ ‘ਤੇ ਨਾਜਾਇਜ਼ ਮਾਈਨਿੰਗ ਅਤੇ ਸ਼ਰਾਬ ਨੀਤੀ ਵਿਚ ਘਪਲੇ ਦੇ ਦੋਸ਼ ਵੀ ਲੱਗ ਰਹੇ ਹਨ | ਇਸ ਸੰਦਰਭ ਵਿੱਚ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਕਿਵੇਂ ਸ਼ਰਮਿੰਦਾ ਹੋਇਆ ਸੀ ਜਦੋਂ ਬੀਐਮਡਬਲਯੂ ਕੰਪਨੀ ਨੇ ਜਰਮਨੀ ਦੇ ਦੌਰੇ ਦੌਰਾਨ ਮਾਨ ਵੱਲੋਂ ਪੰਜਾਬ ਵਿੱਚ ਬੀਐਮਡਬਲਯੂ ਯੂਨਿਟ ਸਥਾਪਤ ਕਰਨ ਬਾਰੇ ਕੀਤੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਸੀ।

LEAVE A REPLY

Please enter your comment!
Please enter your name here