ਪੰਜਾਬ ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅਫੀਮ ਬਰਾਮਦਗੀ; ਫਾਜ਼ਿਲਕਾ ਤੋਂ 66 ਕਿਲੋ ਅਫੀਮ ਸਮੇਤ ਦੋ ਕਾਬੂ

0
34

ਚੰਡੀਗੜ੍ਹ/ਫਾਜ਼ਿਲਕਾ, 28 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਫਾਜ਼ਿਲਕਾ ਪੁਲਿਸ ਨੇ ਝਾਰਖੰਡ ਤੋਂ ਚੱਲ ਰਹੇ ਅੰਤਰ-ਰਾਜੀ ਅਫੀਮ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ ਦੋ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਦਹਾਕੇ ਦੀ  ਸਭ ਤੋਂ ਵੱਡੀ ਅਫ਼ੀਮ ਬਰਾਮਦਗੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਉਕਤ ਮੁਲਜ਼ਮਾਂ ਪਾਸੋਂ 66 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਮਾਰੂਤੀ ਸਵਿਫਟ ਕਾਰ ਦੇ ਹੇਠਾਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਖਾਨਿਆਂ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ।
ਫੜੇ ਗਏ ਵਿਅਕਤੀਆਂ ਦੀ ਪਛਾਣ ਸੁਖਯਾਦ ਸਿੰਘ ਉਰਫ ਯਾਦ ਵਾਸੀ ਪਿੰਡ ਦਲਮੀਰ ਖੇੜਾ ਅਤੇ ਜਗਰਾਜ ਸਿੰਘ ਵਾਸੀ ਪਿੰਡ ਭੰਮਾ ਸਿੰਘ ਵਾਲਾ, ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਅਫੀਮ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ਵਿੱਚੋਂ 40,000 ਰੁਪਏ ਦੀ ਡਰੱਗ ਮਨੀ, 400 ਗ੍ਰਾਮ ਸੋਨਾ, ਸਵਿਫਟ ਕਾਰ (ਪੀਬੀ 05 ਏਸੀ 5015) ਅਤੇ ਇੱਕ ਟਰੈਕਟਰ ਵੀ ਜ਼ਬਤ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਵਿੱਤੀ ਜਾਂਚ ਅਤੇ ਪੈਰਵੀ ਦੇ ਨਤੀਜੇ ਵਜੋਂ 42 ਬੈਂਕ ਖਾਤਿਆਂ ਦਾ ਪਤਾ ਲਗਾਇਆ ਗਿਆ ਹੈ, ਜੋ ਸੰਗਠਿਤ ਅਫੀਮ ਸਿੰਡੀਕੇਟ ਦੁਆਰਾ ਵਿੱਤੀ ਲੈਣ-ਦੇਣ ਲਈ ਵਰਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਵਿੱਤੀ ਲੈਣ-ਦੇਣ ਦੀਆਂ ਕੜੀਆਂ ਨੂੰ ਜੋੜਦਿਆਂ ਫਾਜ਼ਿਲਕਾ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸਾਰੇ 42 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ, ਜਿਨ੍ਹਾਂ ਵਿੱਚ 1.86 ਕਰੋੜ ਰੁਪਏ ਦੀ ਡਰੱਗ ਮਨੀ ਜਮ੍ਹਾਂ ਸੀ। ਡੀਜੀਪੀ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਐਨਡੀਪੀਐਸ ਐਕਟ ਦੀ  ਧਾਰਾ 68ਐਫ ਤਹਿਤ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਐਸਐਸਪੀ ਫਾਜ਼ਿਲਕਾ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਬਾਰੇ ਉਨ੍ਹਾਂ ਨੂੰ ਠੋਸ ਸੂਚਨਾ ਮਿਲੀ ਹੈ ਕਿ ਉਹ ਝਾਰਖੰਡ ਤੋਂ ਅਫੀਮ ਦੀ ਢੋਆ-ਢੁਆਈ ਕਰਦੇ ਰਹਿੰਦੇ ਹਨ ਅਤੇ ਉਹ ਆਪਣੀ ਸਵਿਫਟ ਕਾਰ ਵਿੱਚ ਭਾਰੀ ਮਾਤਰਾ ਵਿੱਚ ਅਫੀਮ ਲੈ ਕੇ ਝਾਰਖੰਡ ਤੋਂ ਸ੍ਰੀ ਗੰਗਾਨਗਰ ਦੇ ਰਸਤੇ ਦਲਮੀਰ ਖੇੜਾ ਜਾਣਗੇ। ਪ੍ਰਾਪਤ ਜਾਣਕਾਰੀ ‘ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਐਸ.ਐਚ.ਓ ਥਾਣਾ ਖੂਈਆਂ ਸਰਵਰ ਰਮਨ ਕੁਮਾਰ ਵੱਲੋਂ ਡੀ.ਐਸ.ਪੀ ਅਬੋਹਰ ਅਰੁਣ ਮੁੰਡਨ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਸਮੇਤ ਅਬੋਹਰ-ਗੰਗਾਨਗਰ ਰੋਡ ‘ਤੇ ਪਿੰਡ ਸੱਪਾਂ ਵਾਲੀ ਦੇ ਬੱਸ ਅੱਡੇ ਵਿਖੇ ਨਾਕਾਬੰਦੀ ਕੀਤੀ ਗਈ ਅਤੇ ਨਿਰਧਾਰਿਤ ਵਾਹਨ ਨੂੰ ਸਫ਼ਲਤਾਪੂਰਵਕ ਰੋਕ ਲਿਆ।

ਉਨ੍ਹਾਂ ਦੱਸਿਆ ਕਿ ਡਰਾਈਵਰ ਵੱਲੋਂ ਭੱਜਣ ਦੀ ਕੋਸ਼ਿਸ਼ ਦੇ ਬਾਵਜੂਦ ਪੁਲਿਸ ਪਾਰਟੀ ਨੇ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 66 ਕਿੱਲੋ ਅਫ਼ੀਮ ਅਤੇ 40 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰ ਲਈ | ਉਸ ਨੇ ਅੱਗੇ ਕਿਹਾ ਕਿ ਮੁਲਜ਼ਮਾਂ ਦਾ ਪਿੱਛਾ ਕਰਨ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਐਸਐਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਇਸ ਸਿੰਡੀਕੇਟ ਦੇ ਪਿੱਛੇ ਵੱਡੇ ਤਸਕਰ ਦੀ ਵੀ ਸ਼ਨਾਖਤ ਕੀਤੀ ਹੈ, ਜੋ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਅਤੇ ਆਬਕਾਰੀ ਐਕਟ ਤੇ ਐਨਡੀਪੀਐਸ ਐਕਟ ਤਹਿਤ ਕਤਲ ਦੀ ਕੋਸ਼ਿਸ਼ ਅਤੇ ਚੋਰੀ ਦੇ ਘੱਟੋ-ਘੱਟ 9 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮ ਦਾ ਨਾਮ ਐਫਆਈਆਰ ਵਿੱਚ ਦਰਜ ਹੈ ਅਤੇ ਉਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਖੂਈਆਂ ਸਰਵਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18 (ਅਫੀਮ ਦੇ ਡੋਡੇ ਅਤੇ ਅਫੀਮ ਦੇ ਸਬੰਧ ਵਿੱਚ ਉਲੰਘਣਾ ਲਈ ਸਜ਼ਾ), 27ਏ (ਜੋ ਕੋਈ ਵੀ ਨਸ਼ਾ ਤਸਕਰਾਂ ਨੂੰ ਵਿੱਤੀ ਸਹਾਇਤਾ ਜਾਂ ਪਨਾਹ ਦੇਣ ਵਿੱਚ ਸ਼ਾਮਲ ਹੁੰਦਾ ਹੈ) ਅਤੇ 29 (ਉਕਸਾਉਣ ਅਤੇ ਅਪਰਾਧਿਕ ਸਾਜ਼ਿਸ਼ ਲਈ ਸਜ਼ਾ) ਤਹਿਤ ਐਫਆਈਆਰ ਨੰਬਰ 71 ਮਿਤੀ 26.06.2024 ਦਰਜ ਹੈ।

LEAVE A REPLY

Please enter your comment!
Please enter your name here