ਪੰਜਾਬ ਸਰਕਾਰ ਵੱਲੋਂ ਮਿਲਿਆ ਡਾ. ਕਿਰਪਾਲ ਸਿੰਘ ਨੂੰ ਪ੍ਰਸ਼ੰਸਾ ਪੱਤਰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹਾਂ: ਡਾ ਕਿਰਪਾਲ ਸਿੰਘ
ਪੰਜਾਬ ਸਰਕਾਰ ਵੱਲੋਂ ਮਿਲਿਆ ਡਾ. ਕਿਰਪਾਲ ਸਿੰਘ ਨੂੰ ਪ੍ਰਸ਼ੰਸਾ ਪੱਤਰ
ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹਾਂ: ਡਾ ਕਿਰਪਾਲ ਸਿੰਘ
ਦਲਜੀਤ ਕੌਰ
ਸੰਗਰੂਰ, 1 ਜੁਲਾਈ, 2024: ਸੂਬੇ ਵਿੱਚ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਲਈ ਸਿਹਤ ਵਿਭਾਗ ਜ਼ਿਲ੍ਹਾ ਸੰਗਰੂਰ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਸਿਵਲ ਸਰਜਨ ਡਾ ਕਿਰਪਾਲ ਸਿੰਘ ਦੇ ਨਾਮ ਮਿਲਿਆ ਇਹ ਪ੍ਰਸ਼ੰਸਾ ਪੱਤਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਇੰਦਰਜੀਤ ਸਿੰਗਲਾ, ਸੀਨੀਅਰ ਮੈਡੀਕਲ ਅਫ਼ਸਰ ਭਵਾਨੀਗੜ੍ਹ ਡਾ. ਵਿਨੋਦ ਕੁਮਾਰ ਅਤੇ ਸਿਵਲ ਹਸਪਤਾਲ ਸੰਗਰੂਰ ਦੇ ਗਾਈਨੀ ਵਾਰਡ ਇੰਚਾਰਜ ਔਰਤਾਂ ਦੇ ਰੋਗਾਂ ਦੇ ਮਾਹਰ ਡਾ. ਹਰਪ੍ਰੀਤ ਕੌਰ ਰੇਖੀ ਵੱਲੋ ਪ੍ਰਾਪਤ ਕੀਤਾ ਗਿਆ।
ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਣੇਪਾ ਮੌਤ ਦੀ ਸਮੀਖਿਆ ਬਾਰੇ ਚੰਡੀਗੜ੍ਹ ਵਿਖੇ ਹੋਈ ਇੱਕ ਰੋਜ਼ਾ ਵਰਕਸ਼ਾਪ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਅਫ਼ਸਰ, ਐਸ.ਐਮ.ਓਜ਼ ਅਤੇ ਗਾਇਨੀਕੋਲੋਜਿਸਟ ਨੇ ਭਾਗ ਲਿਆ।
ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਅਤੇ ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ ਐਨਐਚਐਮ ਡਾ. ਅਭਿਨਵ ਤ੍ਰਿਖਾ ਨੇ ਹਾਈ ਰਿਸਕ ਗਰਭਵਤੀ ਔਰਤਾਂ ਦੀ ਸਾਂਭ ਸੰਭਾਲ ਯਕੀਨੀ ਬਣਾਉਣ ‘ਤੇ ਜੋਰ ਦਿੱਤਾ।
ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ਼੍ਰੀ ਅਜੋਏ ਸ਼ਰਮਾ ਵੀਡੀਓ ਕਾਨਫਰੰਸਿੰਗ ਰਾਹੀਂ ਵਰਕਸ਼ਾਪ ਵਿੱਚ ਸ਼ਾਮਲ ਹੋਏ।
ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਸੰਗਰੂਰ ਗਰਭਵਤੀ ਮਾਵਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਮਾਂਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਗਰਭਵਤੀਆਂ ਦੀ ਨਿਯਮਿਤ ਜਾਂਚ ਤੋਂ ਇਲਾਵਾ ਹਰ ਮਹੀਨੇ ਦੋ ਵਾਰ ਵਿਸ਼ੇਸ਼ ਜਾਂਚ ਕੈਂਪ ਲਾ ਕੇ ਚੈੱਕਅੱਪ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨੀ ਪੱਧਰ ਤੱਕ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਮੁਫਤ ਸਿਹਤ ਸੇਵਾਵਾਂ ਅਤੇ ਹੋਰ ਲਾਭ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਨਨੀ ਸੁਰੱਖਿਆ ਯੋਜਨਾ ਦੇ ਤਹਿਤ ਹਰ ਔਰਤ ਨੂੰ ਸ਼ਹਿਰੀ ਖੇਤਰਾਂ ਵਿੱਚ 6 ਸੌ ਰੁਪਏ ਅਤੇ ਪੇਂਡੂ ਖੇਤਰਾਂ ਵਿੱਚ 7 ਸੌ ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਨਾਰਮਲ ਡਿਲੀਵਰੀ ਹੋਣ ਦੀ ਸੂਰਤ ਵਿੱਚ ਔਰਤ ਨੂੰ ਤਿੰਨ ਦਿਨਾਂ ਲਈ ਮੁਫਤ ਨਾਰਮਲ ਡਿਲੀਵਰੀ, ਸੀ-ਸੈਕਸ਼ਨ, ਦਵਾਈਆਂ, ਡਾਇਗਨੌਸਟਿਕਸ, ਖੂਨ, ਪੌਸ਼ਟਿਕ ਖੁਰਾਕ ਅਤੇ ਸੀ-ਸੈਕਸ਼ਨ ਦੀ ਸੂਰਤ ਵਿੱਚ ਸੱਤ ਦਿਨਾਂ ਲਈ ਮੁਫਤ ਦਿੱਤੀ ਜਾਂਦੀ ਹੈ।
ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਜਣੇਪੇ ਤੋਂ ਪਹਿਲਾਂ, ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਦੀ ਦੇਖਭਾਲ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਉੱਤੇ ਡਾ ਹਰਬੰਸ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਡਾ ਰਾਹੁਲ, ਡਾ ਆਸਥਾ ਗਰਗ, ਆਈਐਸਐਮ ਵਿੰਗ ਦੇ ਇੰਚਾਰਜ ਹਰਪ੍ਰੀਤ ਸਿੰਘ ਭੰਡਾਰੀ, ਕਰਨੈਲ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਸ਼੍ਰੀਮਤੀ ਵੈਸ਼ਾਲੀ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵੀ ਮੌਜੂਦ ਸਨ।
ਫੋਟੋ: ਡਾ ਇੰਦਰਜੀਤ ਸਿੰਗਲਾ ਜ਼ਿਲ੍ਹਾ ਸੰਗਰੂਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਦੇ ਹੋਏ, ਉਨ੍ਹਾਂ ਨਾਲ ਡਾ ਵਿਨੋਦ ਅਤੇ ਡਾ ਹਰਪ੍ਰੀਤ ਕੌਰ ਵੀ ਨਜ਼ਰ ਆ ਰਹੇ ਹਨ।