ਪੰਜਾਬ ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਸੀ-ਪਾਈਟ ਕੈਂਪ ਨੂੰ ਮਨਜ਼ੂਰੀ
* ਪਠਾਨਕੋਟ ਵਿੱਚ ਸੀ-ਪਾਈਟ ਕੈਂਪ ਦੀ ਉਸਾਰੀ ਲਈ 5.5 ਏਕੜ ਜ਼ਮੀਨ ਦੀ ਪਛਾਣ: ਅਮਨ ਅਰੋੜਾ
* ਕਾਰਜਕਾਰੀ ਬੋਰਡ ਵੱਲੋਂ ਸੀ-ਪਾਈਟ ਕੈਂਪਸ ‘ਚ ਐਨ.ਐਸ.ਡੀ.ਸੀ. ਪ੍ਰਮਾਣਿਤ ਸੁਰੱਖਿਆ ਗਾਰਡ ਸਿਖਲਾਈ ਤੋਂ ਇਲਾਵਾ ਪ੍ਰਸਨੈਲਿਟੀ ਡਿਵੈਲਪਮੈਂਟ ਅਤੇ ਸਾਫ਼ਟ ਸਕਿੱਲ ਕੋਚਿੰਗ ਸ਼ੁਰੂ ਕਰਨ ਨੂੰ ਮਨਜ਼ੂਰੀ
ਚੰਡੀਗੜ੍ਹ, 22 ਨਵੰਬਰ 2024 :
ਸੂਬੇ ਦੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਪੁਲੀਸ, ਹਥਿਆਰਬੰਦ ਬਲਾਂ ਅਤੇ ਸੀ.ਏ.ਪੀ.ਐਫ. ਵਿੱਚ ਰੋਜ਼ਗਾਰ ਦੇ ਸਮਰੱਥ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਸੀ-ਪਾਈਟ ਕੈਂਪ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ।
ਇਹ ਫ਼ੈਸਲਾ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਸੈਂਟਰ ਆਫ਼ ਇੰਪਲਾਇਮੈਂਟ ਜੈਨਰੇਸ਼ਨ ਐਂਡ ਟਰੇਨਿੰਗ ਦੇ ਕਾਰਜਕਾਰੀ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ।
ਮੌਜੂਦਾ ਸਮੇਂ ਪੰਜਾਬ ਵਿੱਚ 14 ਸੀ-ਪਾਈਟ ਕੈਂਪ ਚੱਲ ਰਹੇ ਹਨ ਅਤੇ ਪਠਾਨਕੋਟ ਜ਼ਿਲ੍ਹੇ ਦੇ ਤੰਗੋ ਸ਼ਾਹ ਵਿਖੇ ਇੱਕ ਨਵਾਂ ਕੈਂਪ ਬਣਾਇਆ ਜਾਵੇਗਾ, ਜਿਸ ਵਾਸਤੇ 5.5 ਏਕੜ ਜ਼ਮੀਨ ਦੀ ਸ਼ਨਾਖ਼ਤ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੀ-ਪਾਈਟ ਕੈਂਪਾਂ ਵਿੱਚ ਹੁਣ ਤੱਕ 2,57,595 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ 1,14,861 ਨੌਜਵਾਨਾਂ ਨੂੰ ਰੋਜ਼ਗਾਰ ਮਿਲ ਚੁੱਕਾ ਹੈ।
ਕਾਰਜਕਾਰੀ ਬੋਰਡ ਵੱਲੋਂ ਸੀ-ਪਾਈਟ ਦੇ ਸਿਲੇਬਸ ਵਿੱਚ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਪ੍ਰਮਾਣਿਤ ਸੁਰੱਖਿਆ ਗਾਰਡ ਸਿਖਲਾਈ ਦੀ ਸ਼ੁਰੂਆਤ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸਿਖਲਾਈ ਟਰੇਨਿੰਗ ਪਾਰਟਨਰ ਰਾਹੀਂ ਦਿੱਤੀ ਜਾਵੇਗੀ ਅਤੇ ਸੀ-ਪਾਈਟ ਯੋਗਤਾ ਪ੍ਰਾਪਤ ਨੌਜਵਾਨਾਂ ਦੀ ਪਲੇਸਮੈਂਟ ਲਈ ਪੈਸਕੋ ਨਾਲ ਸਮਝੌਤਾ ਵੀ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਲਏ ਗਏ ਇੱਕ ਹੋਰ ਅਹਿਮ ਫ਼ੈਸਲੇ ਬਾਰੇ ਦੱਸਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸੀ-ਪਾਈਟ ਕੈਂਪਾਂ ਵਿੱਚ ਪ੍ਰਸਨੈਲਿਟੀ ਡਿਵੈੱਲਪਮੈਂਟ ਅਤੇ ਸਾਫ਼ਟ ਸਕਿੱਲ ਦੀ ਕੋਚਿੰਗ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਨੌਜਵਾਨਾਂ ਦੀ ਰੋਜ਼ਗਾਰ ਸਮਰੱਥਾ ਨੂੰ ਹੋਰ ਨਿਖਾਰਿਆ ਜਾ ਸਕੇ। ਜ਼ਿਕਰਯੋਗ ਹੈ ਕਿ ਇਹ ਕਦਮ ਨੌਜਵਾਨਾਂ ਵਿੱਚ ਇਮਾਨਦਾਰੀ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਇਕਾਗਰਤਾ ਨੂੰ ਹੋਰ ਵਿਕਸਤ ਕਰਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ ਇਹ ਕੋਚਿੰਗ ਨੌਜਨਾਵਾਂ ਨੂੰ ਬਿਹਤਰ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕਰੇਗੀ।
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸੀ-ਪਾਈਟ ਕੈਂਪ ਨੌਜਵਾਨਾਂ ਵਿੱਚ ਅਨੁਸ਼ਾਸਨ, ਸਮਾਜਿਕ ਸਰੋਕਾਰ ਅਤੇ ਰਾਸ਼ਟਰ ਨਿਰਮਾਣ ਸਮੇਤ ਹੋਰ ਕਦਰਾਂ-ਕੀਮਤਾਂ ਪੈਦਾ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਥਿਆਰਬੰਦ ਬਲਾਂ, ਪੁਲਿਸ, ਪੈਰਾ ਮਿਲਟਰੀ ਫੋਰਸਿਜ਼ ਅਤੇ ਹੋਰ ਉਦਯੋਗਿਕ ਖੇਤਰਾਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਲਈ ਵੀ ਸਿਖਲਾਈ ਦੇ ਰਹੇ ਹਨ।
ਸੀ-ਪਾਈਟ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ (ਸੇਵਾਮੁਕਤ) ਰਾਮਬੀਰ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਨਾਲ ਪੰਜਾਬ ਦੇ ਨੌਜਵਾਨਾਂ ਦੀ ਸਿਖਲਾਈ ਨੂੰ ਹੋਰ ਸੁਚਾਰੂ ਨਾਲ ਚਲਾਉਣ ਅਤੇ ਸਮੇਂ ਦੇ ਹਾਣ ਦਾ ਬਣਾਉਣ ਵਿੱਚ ਮਦਦ ਮਿਲੇਗੀ। ਇਸ ਮੀਟਿੰਗ ਵਿੱਚ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।