ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਮਨੁੱਖਾਂ, ਜੀਵਾਂ ਅਤੇ ਵਾਤਾਵਰਣ ਲਈ ਹਾਨੀਕਾਰਕ-ਕੁਲਵੰਤ ਸਿੰਘ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਮਨੁੱਖਾਂ, ਜੀਵਾਂ ਅਤੇ ਵਾਤਾਵਰਣ ਲਈ ਹਾਨੀਕਾਰਕ-ਕੁਲਵੰਤ ਸਿੰਘ
*ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ ਵੱਲੋਂ ਇੱਕ ਰੋਜ਼ਾ ਸਿਖਲਾਈ ਤੇ
ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਮਾਨਸਾ, 19 ਸਤੰਬਰ:
ਨੈਸ਼ਨਲ ਪਾਵਰ ਟੇ੍ਰਨਿੰਗ ਇੰਸਟੀਚਿਊਟ ਨੰਗਲ ਵੱਲੋਂ ਸਥਾਨਕ ਮਹਿਕ ਰਿੋਜ਼ਰਟ ਵਿਖੇ ਕੋਲਾ ਥਰਮਲ ਪਾਵਰ ਪਲਾਂਟ ਵਿੱਚ ਬਾਇਓਮਾਸ ਦੀ ਵਰਤੋਂ ਬਾਰੇ ਇੱਕ ਰੋਜ਼ਾ ਸਿਖਲਾਈ ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਸ੍ਰ. ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਜਾਂ ਕੋਈ ਹੋਰ ਫਸਲ ਦੀ ਕਟਾਈ ਤੋਂ ਬਾਅਦ ਕਿਸਾਨ ਭਰਾਵਾਂ ਵੱਲੋਂ ਉਸਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਹੀ ਇਸ ਤੋਂ ਜ਼ਹਿਰੀਲਾ ਧੂੰਆ ਪੈਦਾ ਹੁੰਦਾ ਹੈ ਜੋ ਕਿ ਮਨੁੱਖਾਂ ਅਤੇ ਜੀਵਾਂ ਲਈ ਕਾਫ਼ੀ ਹਾਨੀਕਾਰਕ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਅਸੀਂ ਖੇਤਾਂ ਵਿੱਚ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦੇ ਹਾਂ, ਤਾਂ ਉਸ ਕਾਰਨ ਆਲੇ-ਦੁਆਲੇ ਦਰੱਖਤਾਂ ਨੂੰ ਵੀ ਅੱਗ ਲੱਗ ਜਾਂਦੀ ਹੈ, ਜਿਸ ਨਾਲ ਵਾਤਾਵਰਨ ਦਾ ਕਾਫ਼ੀ ਨੁਕਸਾਨ ਹੁੰਦਾ ਹੈ। ਕਈ ਵਾਰ ਦਰੱਖਤਾਂ ’ਤੇ ਪੰਛੀਆਂ ਨੇ ਆਲ੍ਹਣੇ ਬਣਾਏ ਹੁੰਦੇ ਹਨ, ਜਿਸ ਵਿੱਚ ਪੰਛੀ ਅਤੇ ਉਨ੍ਹਾਂ ਦੇ ਛੋਟੇ ਬੱਚੇ ਹੁੰਦੇ ਹਨ, ਉਹ ਵੀ ਇਸ ਅੱਗ ਦੀ ਚਪੇਟ ਵਿੱਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਸਾਫ਼-ਸੁਥਰੇ ਵਾਤਾਵਰਣ ਵਿੱਚ ਹੀ ਅਸੀਂ ਬਿਮਾਰੀ ਰਹਿਤ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੇ ਸੁਚੱਜੇ ਪ੍ਰਬੰਧਨ ਵੱਲ ਧਿਆਨ ਦੇਣਾ ਚਾਹੀਦਾ ਹੈ। ਰਹਿੰਦ ਖੂੰਹਦ ਦੇ ਸੁਚੱਜੇ ਪ੍ਰਬੰਧਨ ਨਾਲ ਅਸੀਂ ਜ਼ਮੀਨ ਦੀ ਉਪਜਾਊ ਸਮਰੱਥਾ ਵਿੱਚ ਵਾਧਾ ਕਰ ਕੇ ਵੱਧ ਝਾੜ ਪੈਦਾ ਕਰ ਸਕਦੇ ਹਾਂ।
ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤਾਂ ਘਟਦੀ ਹੀ ਹੈ ਇਸ ਤੋਂ ਇਲਾਵਾ ਧਰਤੀ ਦੇ ਮਿੱਤਰ ਕੀੜੇ ਵੀ ਸੜ ਕੇ ਮਰ ਜਾਂਦੇ ਹਨ, ਜੋ ਫਸਲਾਂ ਨੂੰ ਬਚਾਉਣ ਲਈ ਕਾਫ਼ੀ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਪਿੰਡਾਂ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਸਬੰਧੀ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਕਿਸਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਬਸਿਡੀ ’ਤੇ ਮੁਹੱਈਆ ਕਰਵਾਈ ਜਾਂਦੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਯੋਗ ਪ੍ਰਬੰਧਨ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਡਾਇਰੈਕਟਰ ਨੈਸ਼ਨਲ ਪਾਵਰ ਟੇ੍ਰਨਿੰਗ ਇੰਸਟੀਚਿਊਟ ਡਾ. ਤ੍ਰਿਪਤਾ ਠਾਕੁਰ ਅਤੇ ਮਿਸ਼ਨ ਡਾਇਰੈਕਟਰ ਸਮਰੱਥ ਸ੍ਰੀ ਸਤੀਸ਼ ਉਪਾਧਿਆ ਵੱਲੋਂ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਜੁੜ ਕੇ ਪਰਾਲੀ ਦੇ ਯੋਗ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਵਢਮੁੱਲੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਡਾਇਰੈਕਟ ਨੈਸ਼ਨਲ ਪਾਵਰ ਟੇ੍ਰਨਿੰਗ ਇੰਸਟੀਚਿਊਟ (ਮੁੱਖ ਦਫ਼ਤਰ) ਡਾ. ਐਨ.ਕੇ. ਸ੍ਰੀਵਾਸਤਵ, ਡਾਇਰੈਕਟਰ ਡਾ. ਰਵੀਚੰਦਰਬਾਬੂ, ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਹਰਵਿੰਦਰ ਸਿੰਘ ਸਿੱਧੂ, ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਕਿਸਾਨ ਹਾਜ਼ਰ ਸਨ।