ਫਿਰੌਤੀ ਮੰਗਣ ਨੂੰ ਲੈ ਕੇ ਦੁਕਾਨਦਾਰ ‘ਤੇ ਹੋਏ ਹਮਲੇ ਦੀ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕੀਤੀ ਸਖਤ ਨਿਖੇਧੀ
‘ਆਪ’ ਸਰਕਾਰ ਦੇ ਰਾਜ ਵਿੱਚ ਲੁੱਟਾਂ-ਖੋਹਾਂ,ਕਤਲ ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਹੋਰ ਵਧੀਆਂ -ਹਰਜੀਤ ਸੰਧੂ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,2 ਜੁਲਾਈ
ਕਸਬਾ ਚੋਹਲਾ ਸਾਹਿਬ ਵਿਖੇ ਟੈਲੀਕਾਮ ਦੀ ਦੁਕਾਨ ਚਲਾ ਰਹੇ ਦੁਕਾਨਦਾਰ ਗੁਰਜਿੰਦਰ ਨੂੰ ਲਗਾਤਾਰ ਫਿਰੌਤੀ ਮੰਗਣ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਸ਼ਰੇਆਮ ਦਿਨ ਦਿਹਾੜੇ ਬੇਖੌਫ ਹੋ ਕੇ ਤਾਬੜਤੋੜ ਗੋਲੀਆਂ ਮਾਰ ਦੇ ਗੰਭੀਰ ਜਖਮੀਂ ਕਰ ਦਿੱਤਾ ਗਿਆ।ਇਸ ਮੌਕੇ ‘ਤੇ ਪੀੜਤ ਪਰਿਵਾਰ ਕੋਲ ਹਮਦਰਦੀ ਪ੍ਰਗਟਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਸ.ਹਰਜੀਤ ਸਿੰਘ ਸੰਧੂ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਜਿੱਥੇ ਦੁਕਾਨਦਾਰ ‘ਤੇ ਜਾਨ ਲੇਵਾ ਹਮਲੇ ਦੀ ਸਖਤ ਨਿਖੇਧੀ ਕੀਤੀ ਉੱਥੇ ਮੌਕੇ ਤੇ ਪੁੱਜੇ ਐੱਸਐੱਸਪੀ ਤਰਨਤਾਰਨ ਸ੍ਰੀ ਅਸ਼ਵਨੀ ਕਪੂਰ ਕੋਲੋਂ ਪਰਿਵਾਰ ਨੂੰ ਇਨਸਾਫ ਦੁਆਉਣ ਦੀ ਮੰਗ ਕੀਤੀ ਗਈ ਤੇ ਪੀੜਤ ਪਰਿਵਾਰ ਨੂੰ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ।ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੁਰੀ ਤਰਾਂ ਫੇਲ ਹੋਏ ਸਿਸਟਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਰਕਾਰ ਦੇ ਰਾਜ ਵਿੱਚ ਦਿਨ ਦਿਹਾੜੇ ਹੋ ਰਹੀਆਂ ਲੁਟਾਂ ਖੋਹਾਂ,ਕਤਲ ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਵਿੱਚ ਦਿਨੋਂ ਦਿਨ ਹੋਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਮੌਕੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਗੋਲੀ ਚੱਲਣ ਦੌਰਾਨ ਜਖਮੀਂ ਹੋਏ ਦੂਸਰੇ ਨੌਜਵਾਨ ਸਤਨਾਮ ਸਿੰਘ ਦਾ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਹਾਲ ਚਾਲ ਪੁੱਛਿਆ ਅਤੇ ਮੌਕੇ ਦੀ ਸਾਰੀ ਸਥਿਤੀ ਬਾਰੇ ਜਾਣਕਾਰੀ ਲੈ ਕੇ ਜਿਲਾ ਪ੍ਰਸਾਸ਼ਨ ਨੂੰ ਦੋਸ਼ੀਆਂ ਤੱਕ ਪਹੁੰਚ ਕਰਕੇ ਪੀੜਤਾਂ ਨੂੰ ਜਲਦ ਇਨਸਾਫ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਮੰਡਲ ਪ੍ਰਧਾਨ ਪਵਨ ਦੇਵਗਨ,ਸਰਕਲ ਪ੍ਰਧਾਨ ਯੁਵਾ ਮੋਰਚਾ ਜਸਕਰਨ ਨਈਅਰ ਅਤੇ ਹੋਰ ਆਗੂ ਮੌਜੂਦ ਸਨ।
ਫੋਟੋ ਕੈਪਸ਼ਨ: ਹਮਲੇ ਦੌਰਾਨ ਜ਼ਖ਼ਮੀ ਨੌਜਵਾਨ ਸਤਨਾਮ ਸਿੰਘ ਦਾ ਹਾਲ ਜਾਣਦੇ ਹੋਏ ਅਤੇ ਦੁਕਾਨਦਾਰ ਦੇ ਕਰਿੰਦਿਆਂ ਕੋਲੋਂ ਜਾਣਕਾਰੀ ਹਾਸਲ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)