ਦਲੀਆਂ ਦੀ ਮੰਗ ਨੂੰ ਲੈ ਕੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਵੱਲ ਰੋਸ ਮਾਰਚ 2392 ਅਧਿਆਪਕ ਯੂਨੀਅਨ, ਪੰਜਾਬ ਅਤੇ ਨਵਨਿਯੁਕਤ ਅਧਿਆਪਕ ਫਰੰਟ, ਪੰਜਾਬ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ‘ਚ ਰੋਸ ਪ੍ਰਦਰਸ਼ਨ
ਬਦਲੀਆਂ ਦੀ ਮੰਗ ਨੂੰ ਲੈ ਕੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਵੱਲ ਰੋਸ ਮਾਰਚ
2392 ਅਧਿਆਪਕ ਯੂਨੀਅਨ, ਪੰਜਾਬ ਅਤੇ ਨਵਨਿਯੁਕਤ ਅਧਿਆਪਕ ਫਰੰਟ, ਪੰਜਾਬ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ‘ਚ ਰੋਸ ਪ੍ਰਦਰਸ਼ਨ
ਦਲਜੀਤ ਕੌਰ
ਗੰਭੀਰਪੁਰ, 26 ਅਗਸਤ, 2024: ਨਵਨਿਯੁਕਤ ਅਧਿਆਪਕ ਫਰੰਟ ਪੰਜਾਬ ਅਤੇ 2392 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਾਂਝੇ ਰੂਪ ਵਿੱਚ ਸਾਰੇ ਅਧਿਆਪਕ ਤੇ ਲੈਕਚਰਾਰ ਨੂੰ ਸਟੇਸ਼ਨ ਚੁਆਇਸ ਦੇ ਜਨਰਲ ਰਾਊਂਡ ਵਿੱਚ ਮੌਕਾ ਨਾ ਦੇਣ ਦੇ ਰੋਸ ਵਜੋਂ ਸਮੂਹ ਅਧਿਆਪਕਾਂ ਅਤੇ ਲੈਕਚਰਾਰਾਂ ਨੇ ਪਿੰਡ ਢੇਰ ਵਿਖੇ ਸਵੇਰ ਤੋਂ ਰੋਸ ਰੈਲੀ ਕਰਨ ਉਪਰੰਤ ਇਕੱਠੇ ਹੋ ਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵੱਲ ਰੋਸ ਮਾਰਚ ਕੀਤਾ ਅਤੇ ਕੋਠੀ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਜਿੱਥੇ ਸਿੱਖਿਆ ਮੰਤਰੀ ਨੇ ਫੋਨ ਰਾਹੀਂ ਗੱਲ ਕਰਕੇ ਭਰੋਸਾ ਦਿੱਤਾ ਉੱਥੇ ਹੀ ਆਨੰਦਪੁਰ ਪ੍ਰਸ਼ਾਸਨ ਦੇ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਨੇ ਅਧਿਆਪਕਾਂ ਦੇ ਇਕੱਠ ਵਿੱਚ ਆ ਕੇ ਮੰਗਲਵਾਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ।
ਇਸ ਮੌਕੇ 2392 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਯੁੱਧਜੀਤ ਸਿੰਘ ਤੇ ਨਵ ਨਿਯੁਕਤ ਅਧਿਆਪਕ ਫਰੰਟ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਨਾਭਾ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ 9 ਅਗਸਤ,2024 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨਾਲ ਬਦਲੀਆਂ ਦੀ ਮੰਗ ਨੂੰ ਲੈ ਕੇ ਮੀਟਿੰਗ ਹੋਈ ਸੀ, ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਦੋਨਾਂ ਜੱਥੇਬੰਦੀਆਂ ਨੂੰ ਵਿਸ਼ਵਾਸ ਦਵਾਇਆ ਸੀ ਕਿ 569 ਲੈਕਚਰਾਲ ਅਤੇ 2392 ਅਧਿਆਪਕਾਂ ਨੂੰ ਆਨਲਾਈਨ ਬਦਲੀਆਂ ਦੇ ਜਨਰਲ ਰਾਊਂਡ ਵਿੱਚ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਤੋਂ ਛੋਟ ਦਿੰਦਿਆਂ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇਗਾ।
ਮੀਤ ਪ੍ਰਧਾਨ ਵਿਸ਼ਵ ਭਾਨੂ, ਮਨਦੀਪ ਸਿੰਘ, ਕਿਰਨਦੀਪ ਕੋਰ, ਰਮਨਦੀਪ ਕੋਰ, ਰਾਜਿੰਦਰ ਕੋਰ, ਸੁਖਦੀਪ ਕੋਰ ਅਤੇ ਕੁਲਦੀਪ ਲੈਕਚਰਾਰ ਕੁਲਦੀਪ ਸਿੰਘ ਨੇ ਕਿਹਾ ਕਿ 24 ਅਗਸਤ ਸ਼ਾਮ ਨੂੰ ਜਦੋਂ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਦੇ ਸਟੇਸ਼ਨ ਚੁਆਇਸ ਲਈ ਪੋਰਟਲ ਖੋਲਿਆ ਤਾਂ ਲੈਕਚਰਾਰ ਤੇ ਅਧਿਆਪਕਾਂ ਨੂੰ ਉਸ ਵਿੱਚ ਮੌਕਾ ਨਹੀਂ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਜਿੱਥੇ 2392 ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ 25 ਅਗਸਤ ਨੂੰ ਪੂਰਾ ਹੋ ਰਿਹਾ ਹੈ, ਉੱਥੇ ਹੀ ਲੈਕਚਰਾਰ ਦਾ ਪ੍ਰੋਬੇਸ਼ਨ ਪੀਰੀਅਡ ਵੀ 30 ਅਗਸਤ ਤੋਂ ਸਤੰਬਰ ਦੇ ਪਹਿਲੇ ਹਫਤੇ ਤੱਕ ਪੂਰਾ ਹੋ ਜਾਣਾ ਹੈ।
ਅਧਿਆਪਕ ਆਗੂ ਮਨਪ੍ਰੀਤ ਸ਼ਰਮਾ, ਗੁਰਸੇਵਕ ਸਿੰਘ, ਗੁਰਬਾਜ ਸਿੰਘ ਅਮਨਦੀਪ ਸਿੰਘ ਅਤੇ ਲੈਕਚਰਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਵਾਅਦਾ ਨਾ ਪੂਰਾ ਕਰਨ ਤੇ ਅਧਿਆਪਕ ਅਤੇ ਲੈਕਚਰਾਰਾਂ ਵਿਚ ਬਹੁਤ ਰੋਸ ਹੈ। ਇਹ ਅਧਿਆਪਕ ਅਤੇ ਲੈਕਚਰਾਰ ਆਪਣੇ ਘਰਾਂ ਤੋਂ 200-300 ਕਿਲੋਮੀਟਰ ਦੂਰ ਨਿਯੁਕਤ ਹੋਣ ਕਰਕੇ ਬਹੁਤ ਮੁਸ਼ਕਲਾ ਦਾ ਸਾਹਮਣਾ ਕਰ ਰਹੇ ਹਨ।
ਅਧਿਆਪਕ ਆਗੂ ਪਰਮਜੀਤ ਫਿਰੋਜਪੁਰ, ਲਾਭਪ੍ਰੀਤ ਸਿੰਘ, ਸੰਜੀਵ ਗਰਗ, ਮਹਿਲ ਸਿੰਘ ਜੱਬੋਵਾਲ ਅਤੇ ਲੈਕਚਰਾਰ ਮੈਡਮ ਨਿਸ਼ਾ, ਮਨਜਿੰਦਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀਤੀ ਕਿ ਕੁਝ ਦਿਨਾਂ ਲਈ ਪ੍ਰੋਬੇਸ਼ਨ ਪੀਰੀਅਡ ਪੂਰਾ ਨਾ ਹੋਣ ਤੇ ਬਦਲੀਆਂ ਦੇ ਜਨਰਲ ਰਾਊਂਡ ‘ਚ ਮੌਕਾ ਨਾ ਦੇਣਾ ਬਹੁਤ ਮੰਦਭਾਗਾ ਹੈ। ਸਾਂਝੇ ਰੂਪ ਵਿੱਚ 2392 ਅਧਿਆਪਕ ਯੂਨੀਅਨ ਤੇ ਨਵ ਨਿਯੁਕਤ ਅਧਿਆਪਕ ਫਰੰਟ ਦੇ ਆਗੂਆਂ ਨੇ ਕਿਹਾ ਕਿ ਜੇਕਰ ਮੰਗਲਵਾਰ ਨੂੰ ਮਸਲੇ ਹੱਲ ਨਾ ਹੋਇਆ ਤਾਂ ਉਸ ਦਿਨ ਸਿੱਖਿਆ ਵਿਭਾਗ ਸਾਹਮਣੇ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸਮੂਹ ਅਧਿਆਪਕ ਤੇ ਲੈਕਚਰਾਰ ਨੂੰ ਵੱਡੀ ਗਿਣਤੀ ਵਿੱਚ ਆਉਣ ਲਈ ਕਿਹਾ।