ਬਰਸਾਤੀ ਮੌਸਮ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਲੋੜ-ਸਿਵਲ ਸਰਜਨ

0
154

ਮਾਨਸਾ 27 ਜੂਨ:
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ’ਤੇ ਸਿਹਤ ਵਿਭਾਗ ਵੱਲੋਂ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਦੇ ਬਚਾਅ ਅਤੇ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸੇਸ਼ ਮੁਹਿੰਮ ਵਿੱਢੀ ਗਈ ਹੈ।
ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬਰਸਾਤੀ ਮੋਸਮ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇ ਡੇਂਗੂ, ਮਲੇਰੀਆ, ਚਿਕਨਗੁਨੀਆ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਖੜੇ ਪਾਣੀ ਵਿਚ ਮੱਛਰ ਦਾ ਲਾਰਵਾ ਅਤੇ ਮੱਛਰ ਪੈਦਾ ਹੁੰਦਾ ਹੈ ਜਿਸ ਕਰਕੇ ਡੇਂਗੂ ਤੇ ਮਲੇਰੀਆ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਮੱਛਰ ਖੜ੍ਹੇ ਅਤੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਜੇਕਰ ਮਜਬੂਰੀ ਕਾਰਨ ਕਿਤੇ ਪਾਣੀ ਖੜ੍ਹਾ ਹੈ ਤਾਂ ਉਸ ਉੱਤੇ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ। ਆਪਣੇ ਘਰਾਂ ਦੀ ਛੱਤਾਂ ’ਤੇ ਪਏ ਗਮ੍ਹਲੇ, ਖਾਲੀ ਬਰਤਨ, ਟਾਇਰਾਂ ਆਦਿ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਖਾਲੀ ਕਰਕੇ ਸਾਫ਼ ਕੀਤਾ ਜਾਵੇ ਤਾਂ ਜੋ ਮੱਛਰ ਦੀ ਪੈਦਾਇਸ਼ ਨਾ ਹੋ ਸਕੇ। ਮੱਛਰ ਤੋਂ ਬਚਾਅ ਲਈ ਸਰੀਰ ਨੂੰ ਢਕ ਕੇ ਰੱਖਣਾ ਚਾਹੀਦਾ ਹੈ ਅਤੇ ਮੱਛਰ ਤੋਂ ਬਚਾਅ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
ਸਿਵਲ ਸਰਜਨ ਨੇ ਕਿਹਾ ਕਿ ਬਰਸਾਤੀ ਮੌਸਮ ਦੇ ਮੱਦੇਨਜ਼ਰ ਟਾਇਫਾਈਡ, ਹੈਜਾ, ਪੀਲੀਆ, ਦਸਤ, ਉਲਟੀਆਂ ਤੋ ਬਚਾਅ ਲਈ ਪਾਣੀ ਸਾਫ਼ ਸੁਥਰਾ ਕਲੋਰੀਨੇਟ ਕਰਕੇ, ਉਬਾਲ ਕੇ ਜਾਂ ਫਿਲਟਰ ਵਾਲਾ ਪਾਣੀ ਹੀ ਪੀਣਾ ਚਾਹੀਦਾ ਹੈ। ਵਧੇਰੇ ਪੱਕੇ ਫ਼ਲ ਅਤੇ ਬੇਹਾ ਖਾਣਾ ਨਹੀਂ ਖਾਣਾ ਚਾਹੀਦਾ ਤਾਂ ਜੋ ਇਸ ਮੌਸਮ ਵਿੱਚ ਹੋਣ ਵਾਲੀਆਂ ਡਾਇਰੀਆ,ਹੈਜਾ ਅਤੇ ਟਾਈਫਾਇਡ ਜਿਹੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ ਅਤੇ ਲੋੜ ਅਨੁਸਾਰ ਲਾਰਵੀਸਾਈਡ ਬੀ.ਟੀ.ਆਈ ਆਦਿ ਦਾ ਸਪਰੇਅ ਕੀਤਾ ਜਾ ਰਿਹਾ ਹੈ। ਟੀਮ ਵਿਚ ਇਕ ਸਿਹਤ ਕਰਮਚਾਰੀ ਇੱਕ ਇੰਸੈਕਟ ਕੁਲੈਕਟਰ,ਬਰੀਡਿੰਗ ਚੈਕਰ ਅਤੇ ਸਪਰੇਅ ਵਰਕਰ ਸ਼ਾਮਲ ਕੀਤੇ ਗਏ ਹਨ, ਜੋ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕਤਾ ਪੈਂਫਲਟ ਵੀ ਵੰਡਦੇ ਹਨ।
ਇਸ ਮੋਕੇ ਡਾਕਟਰ ਸੂਭਮ ਬਾਂਸਲ ਮੈਡੀਕਲ ਅਫ਼ਸਰ, ਡਾ. ਅਰਸ਼ਦੀਪ ਸਿੰਘ ਮੈਡੀਕਲ ਅਫਸਰ, ਡਾ. ਸ੍ਰੀ ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡਮੈਲੋਜਿਸਟ, ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ,ਦਰਸ਼ਨ ਸਿੰਘ ਧਾਲੀਵਾਲ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ,ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫਸਰ, ਰਾਮ ਕੁਮਾਰ ਅਤੇ ਸੰਜੀਵ ਕੁਮਾਰ ਹੈਲਥ ਸੁਪਰਵਾਈਜ਼ਰ, ਸੰਦੀਪ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here