ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਨੇ ਪਾਵਰਕਾਮ ਤੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

0
310

ਭਵਾਨੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ)-ਖੇਤੀ ਲਈ ਬਿਜਲੀ ਸਪਲਾਈ ਸਹੀ ਢੰਗ ਨਾਲ ਨਾ ਮਿਲਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਿੰਡ ਘਰਾਚੋਂ ਦੇ ਪਾਵਰਕਾਮ ਦਫ਼ਤਰ ਅੱਗੇ ਪਾਵਰਕਾਮ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਕਿਯੂ (ਏਕਤਾ ਉਗਰਾਹਾਂ) ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਰਘਬੀਰ ਸਿੰਘ ਘਰਾਚੋਂ ਤੋਂ ਇਲਾਵਾ ਵੱਡੀ ਗਿਣਤੀ ‘ਚ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਖੇਤੀ ਲਈ ਬਿਜਲੀ ਸਪਲਾਈ ਸਹੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਕਿਸਾਨਾਂ ਨੇ ਦੱਸਿਆਂ ਕਿ ਝੋਨੇ ਦੀ ਫਸਲ ਪੱਕ ਕੇ ਤਿਆਰ ਹੈ ਅਤੇ ਫਸਲ ਨੂੰ ਆਖਰੀ ਪਾਣੀ ਲਾਉਣ ਲਈ ਪਾਵਰਕਾਮ ਵੱਲੋਂ ਠੀਕ ਢੰਗ ਨਾਲ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ। ਵਿਭਾਗ ਵੱਲੋਂ ਪਹਿਲਾਂ ਤਾਂ ਖੇਤੀ ਵਾਲੀ ਸਪਲਾਈ ਕਈ ਕਈ ਦਿਨ ਨਹੀਂ ਛੱਡੀ ਜਾਂਦੀ ਜੇਕਰ ਛੱਡੀ ਵੀ ਜਾਂਦੀ ਹੈ ਤਾਂ ਉਸ ਦੌਰਾਨ ਵੀ ਪਾਵਰਕਾਮ ਵੱਲੋਂ 4-5 ਘੰਟਿਆਂ ਦੇ ਲੰਬੇ ਕੱਟ ਲਾਏ ਜਾ ਰਹੇ ਹਨ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਫਸਲ ਨੂੰ ਅਖ਼ਰੀਲਾ ਪਾਣੀ ਲਾਉਣਾ ਜ਼ਰੂਰੀ ਹੈ ਪਰ ਬਿਜਲੀ ਵਿਭਾਗ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਹੀੰ ਦੇ ਰਿਹਾ ਜਿਸ ਕਰਕੇ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਰਹੀ ਹੈ। ਕਿਸਾਨਾਂ ਨੇ ਪਾਵਰਕਾਮ ਮਹਿਕਮੇ ਤੇ ਪੰਜਾਬ ਸਰਕਾਰ ਤੋਂ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਇਸ ਮੌਕੇ ਗੁਰਮੇਲ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ ਤੋਤੀ, ਕੁਲਵਿੰਦਰ ਸਿੰਘ, ਬਚਨ ਸਿੰਘ, ਗੁਰਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆਂ ਸਮੱਸਿਆ ਦੇ ਹੱਲ ਲਈ ਕਿਸਾਨਾਂ ਵੱਲੋਂ ਐੱਸਈ ਦਫ਼ਤਰ ਸੰਗਰੂਰ ਵਿਖੇ ਜਾ ਕੇ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਲਈ ਕਿਸਾਨ ਸੰਗਰੂਰ ਧਰਨਾ ਲਗਾਉਣ ਲਈ ਰਵਾਨਾ ਹੋ ਗਏ।

LEAVE A REPLY

Please enter your comment!
Please enter your name here