ਬਿੱਟੂ ਮਸੀਹ ਖੇਮਕਰਨ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਬਣੇ
ਖੇਮਕਰਨ 1 ਸਤੰਬਰ (ਮਨਜੀਤ ਸ਼ਰਮਾਂ)
ਦਿਹਾਤੀ ਮਜ਼ਦੂਰ ਸਭਾ ਬ੍ਰਾਂਚ ਖੇਮਕਰਨ ਦੀ ਜਨਰਲ ਬਾਡੀ ਮੀਟਿੰਗ ਤਰਸੇਮ ਮਸੀਹ ਖੇਮਕਰਨ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਮਰਦਾਂ, ਔਰਤਾਂ ਤੇ ਨੌਜਵਾਨਾ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਸਰਕਾਰ ਮਨਰੇਗਾ ਸਕੀਮ ਤਹਿਤ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ,ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ,ਪੰਚਾਇਤੀ ਜ਼ਮੀਨਾਂ ਵਿੱਚੋਂ ਦਸ-ਦਸ ਮਰਲੇ ਦੇ ਪਲਾਟ ਅਲਾਟ ਕਰ ਕੇ ਦਿੱਤੇ ਜਾਣ ਤੇ ਘਰ ਬਣਾਉਣ ਲਈ 5 ਲੱਖ ਦੀ ਗ੍ਰਾਂਟ ਦਿੱਤੀ ਜਾਵੇ,ਹਰ ਪਰਿਵਾਰ ਦੇ ਬਾਲਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਖੇਮਕਰਨ ਦੇ ਗ਼ਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਗ੍ਰਾਂਟ ਵਿੱਚ ਸ਼ਾਮਲ ਕੀਤਾ ਜਾਵੇ। ਜੇਕਰ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ 13 ਸਤੰਬਰ ਨੂੰ ਹੋ ਰਹੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੇ ਘਿਰਾਓ ਵਿੱਚ ਖੇਮਕਰਨ ਦੇ ਗ਼ਰੀਬ ਪਰਿਵਾਰਾਂ ਦੀ ਇਸ ਮੰਗ ਨੂੰ ਵੱਡੇ ਪੱਧਰ ਤੇ ਉਠਾਇਆ ਜਾਵੇਗਾ। ਮੀਟਿੰਗ ਦੇ ਅੰਤ ਵਿੱਚ ਦਿਹਾਤੀ ਮਜ਼ਦੂਰ ਸਭਾ ਬ੍ਰਾਂਚ ਖੇਮਕਰਨ ਦੀ ਚੋਣ ਕੀਤੀ ਗਈ ਜਿਸ ਵਿੱਚ ਬਿੱਟੂ ਮਸੀਹ ਪ੍ਰਧਾਨ,ਤਰਸੇਮ ਮਸੀਹ ਸੀਨੀਅਰ ਮੀਤ ਪ੍ਰਧਾਨ,ਨਿੰਦਰ ਕੌਰ ਮੀਤ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।