ਬੀਕੇਯੂ (ਏਕਤਾ-ਡਕੌਂਦਾ) ਨੇ ਗੁੰਡਾ-ਪੁਲਿਸ-ਕਲੋਨਾਈਜਰ-ਸਿਆਸੀ ਗੱਠਜੋੜ ਦੀ ਅਰਥੀ ਸਾੜੀ

0
115

1 ਜੁਲਾਈ ਦੀ ਸੂਬਾਈ ਮੀਟਿੰਗ ਵਿੱਚ ਵਿਚਾਰ ਕੇ ਗੁੰਡਾਗਰਦੀ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ: ਕੁਲਵਿੰਦਰ ਸਿੰਘ ਉੱਪਲੀ

ਬਰਨਾਲਾ, 26 ਜੂਨ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਬਰਨਾਲਾ ਵੱਲੋਂ ਸੰਘਰਸ਼ ਸੱਦੇ ਤਹਿਤ ਗੁੰਡਾ-ਪੁਲਿਸ-ਕਲੋਨਾਈਜਰ ਅਤੇ ਸਿਆਸੀ ਗੱਠਜੋੜ ਦੀਆਂ ਅਰਥੀਆਂ ਸਾੜਨ ਦੇ ਸੱਦੇ ਨੂੰ ਲਾਗੂ ਕਰਦਿਆਂ ਪਿੰਡ ਉੱਪਲੀ ਵਿਖੇ ਅਰਥੀ ਸਾੜੀ ਗਈ। ਇਸ ਸਬੰਧੀ ਬਲਾਕ ਬਰਨਾਲਾ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਉੱਪਲੀ ਨੇ ਦੱਸਿਆ ਕਿ ਪੁਲਿਸ ਨੇ ਪੁਲਿਸ ਸਟੇਸ਼ਨ ਸਿਟੀ ਬਰਨਾਲਾ ਵਿਖੇ ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ ਬਰਨਾਲਾ ਵਿਰੁੱਧ ਧਾਰਾ 323, 341, 427, 186, 506 ਤਹਿਤ ਪਰਚਾ ਦਰਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਆਪਣੇ ਆਗੂ ਖਿਲਾਫ਼ ਪੁਲਿਸ ਵੱਲੋਂ ਨਜਾਇਜ਼ ਪਰਚਾ ਦਰਜ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀਆਂ ਪਿੰਡ-ਪਿੰਡ ਅਰਥੀਆਂ ਸਾੜਨ ਦਾ ਐਲਾਨ ਕੀਤਾ ਹੋਇਆ ਹੈ।

ਘਟਨਾ ਬਾਰੇ ਇਕੱਤਰ ਹੋਏ ਪਿੰਡ ਨਿਵਾਸੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ ਦੇ ਮਾਲਕ ਸੋਨੀ ਵੱਲੋਂ ਮਿਉਂਸਪਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਖ਼ਿਲਾਫ਼ 30 ਅਗਸਤ 2022 ਨੂੰ ਦਿੱਤੀ ਦਰਖਾਸਤ ਬਾਰੇ ਜਾਣਕਾਰੀ ਹਾਸਲ ਕਰਨ ਗਿਆ ਸੀ। ਮਿਉਂਸਪਲ ਕਮੇਟੀ ਅਧਿਕਾਰੀਆਂ ਸਲੀਮ ਮੁਹੰਮਦ ਜੇਈ ਅਤੇ ਹੋਰ ਕਰਮਚਾਰੀਆਂ ਨੂੰ ਨਾਲ ਲੈਕੇ ਆਸਥਾ ਕਲੋਨੀ ਬਰਨਾਲਾ ਦੇ ਕਾਲੋਨਾਈਜ਼ਰ ਸੋਨੀ ਦੀ ਸ਼ਹਿ ਤੇ ਗੁੰਡਾਗਰਦੀ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਾਈ ਹੈ। ਪੁਲਸ ਨੇ ਮਾਮੂਲੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਖਾਨਾ ਪੂਰਤੀ ਕਰ ਦਿੱਤੀ। ਪੁਲਿਸ ਦੇ ਇਸ ਪੱਖਪਾਤੀ ਰਵੱਈਏ ਬਾਰੇ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਕੇ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਨੂੰ ਬਣਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ, ਪਰ ਪੁਲਿਸ ਨੇ ਉਲਟਾ 21/06/2023 ਨੂੰ ਉਲਟਾ ਅਰੁਣ ਕੁਮਾਰ ਵਾਹਿਗੁਰੂ ਸਿੰਘ ਦੇ ਖ਼ਿਲਾਫ਼ ਹੀ ਉਸ ਦੀ ਕੁੱਟਮਾਰ ਕਰਨ ਵਾਲੇ ਮਿਉਂਸਪਲ ਕਮੇਟੀ ਦੇ ਜੇਈ ਦੀ ਝੂਠੀ ਸ਼ਿਕਾਇਤ ਤੇ ਸਖ਼ਤ ਧਾਰਾਵਾਂ ਤਹਿਤ ਝੂਠਾ ਪਰਚਾ ਦਰਜ ਕਰ ਦਿੱਤਾ ਹੈ।

ਇਸ ਸਮੇਂ ਸੁਖਵਿੰਦਰ ਸਿੰਘ ਉੱਪਲੀ ਅਤੇ ਰਾਣਾ ਸਿੰਘ ਉੱਪਲੀ ਨੇ ਕਿਹਾ ਕਿ ਮਿਉਂਸਪਲ ਅਧਿਕਾਰੀਆਂ ਦੀ ਗੁੰਡਾਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 1 ਜੁਲਾਈ ਦੀ ਸੂਬਾਈ ਮੀਟਿੰਗ ਵਿੱਚ ਗੁੰਡਾ-ਪੁਲਿਸ-ਸਿਆਸੀ-ਕਲੋਨਾਈਜਰਾਂ ਦੇ ਗੱਠਜੋੜ ਨੂੰ ਬੇਨਕਾਬ ਕਰਨ ਲਈ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਇਸ ਸਮੇਂ ਹਾਜ਼ਰ ਆਗੂਆਂ ਸੁਖਵਿੰਦਰ ਸਿੰਘ ਉੱਪਲੀ, ਰਾਣਾ ਸਿੰਘ ਉੱਪਲੀ, ਜਨਕ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ, ਕਾਲੋਨਾਈਜ਼ਰਾਂ ਨਾਲ ਮਿਲਕੇ ਬੇਨਿਯਮੀਆਂ ਰਾਹੀਂ ਸੈਂਕੜੇ ਕਰੋੜਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਗਾ ਰਹੇ ਹਨ। ਇਸ ਕਰੋੜਾਂ ਰੁਪਏ ਦੇ ਘਪਲਿਆਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਸਮੇਂ‌ ਭੂਰਾ ਸਿੰਘ, ਸਤਨਾਮ ਸਿੰਘ, ਜੱਸੀ ਸਿੰਘ, ਮੇਜਰ ਸਿੰਘ, ਜਰਨੈਲ ਸਿੰਘ, ਗੁਰਮੇਲ ਸਿੰਘ, ਚਰਨਾ ਸਿੰਘ, ਭੋਲਾ ਸਿੰਘ, ਜੱਸੀ ਸਿੰਘ, ਭਿੰਦਾ ਸਿੰਘ, ਛਿੰਦੂ ਸਿੰਘ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here