ਬੈਡਫ਼ੋਰਡ ਵਿਖੇ ਪੰਜਾਬੀਆਂ ਨੇ ਨਾਟਕ ‘ਧੰਨ ਲੇਖਾਰੀ ਨਾਨਕਾ’ ਦਾ ਮਾਣਿਆ ਭਰਪੂਰ ਆਨੰਦ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬੈਡਫ਼ਰਡ ਦੇ ‘ਦੀ ਪਲੇਸ’ ਥੀਏਟਰ ਵਿੱਚ ‘ਧੰਨ ਲਿਖਾਰੀ ਨਾਨਕਾ’ ਨਾਟਕ ਦਾ ਅਯੋਜਨ ਸ਼ ਬਲਵੰਤ ਸਿੰਘ ਗਿੱਲ ਨੇ ਆਪਣੇ ਦੋਸਤਾਂ ਸ਼; ਸ਼ਮਿੰਦਰ ਸਿੰਘ ਗਰਚਾ, ਸ਼; ਪਰਮਜੀਤ ਸਿੰਘ ਸੋਹਲ, ਸ਼; ਸਰਬਣ ਸਿੰਘ ਮੰਡੇਰ, ਸ਼; ਬਲਵੀਰ ਸਿੰਘ ਢੀਂਡਸਾ, ਸ਼; ਗੁਰਦਿਆਲ ਸਿੰਘ ਮੰਡੇਰ, ਸ:ਕਸ਼ਮੀਰ ਸਿੰਘ ਅਤੇ ਟੀਵੀ ਪੇਸ਼ਕਾਰਾ ਰੂਪ ਦਵਿੰਦਰ ਕੌਰ ਨਾਹਿਲ ਦੇ ਭਰਪੂਰ ਸਹਿਯੋਗ ਨਾਲ ਕਰਾਇਆ ਗਿਆ। ਰੂਪ ਦਵਿੰਦਰ ਨੇ ਨਾਟਕ ਸ਼ੁਰੂ ਹੋਣ ਤੱਕ ਆਏ ਦਰਸ਼ਕਾਂ ਦਾ ਗੱਲਾਂ ਬਾਤਾਂ ਨਾਲ ਦਿਲ ਪਰਚਾਈ ਰੱਖਿਆ। ਖਚਾਖਚ ਭਰੇ ਥੀਏਟਰ ਵਿੱਚ ਡਾਕਟਰ ਸਾਹਿਬ ਸਿੰਘ ਨੇ ਆਪਣੇ ਮਸ਼ਹੂਰ ਨਾਟਕ ‘ਧੰਨ ਲਿਖਾਰੀ ਨਾਨਕਾ’ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਨਾਟਕ ਪੰਜਾਬ ਦੇ ਅਤੀਤ ਦੇ ਅਤੇ ਮੌਜ਼ੂਦਾ ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਮਸਲਿਆਂ ‘ਤੇ ਅਧਾਰਿਤ ਸੀ। ਪੰਜਾਬ ਵਿੱਚ ਹੋ ਰਹੀਆਂ ਕਿਸਾਨ/ਮਜ਼ਦੂਰਾਂ ਦੀਆਂ ਖੁਦਕਸ਼ੀਆਂ, ਗਰੀਬੀ ‘ਚ ਪਿਸਦੇ ਗਰੀਬ ਮਜ਼ਦੂਰ, 84 ਦੇ ਕਤਲੇਆਮ ਦੀ ਦਰਦਨਾਕ ਦਾਸਤਾਂ, ਗੋਦੀ ਮੀਡਿਆ ਦੀ ਇੱਕਤਰਫ਼ਾ ਕਾਰਗੁਜ਼ਾਰੀ ਅਤੇ ਜਲਿਆਂ ਵਾਲੇ ਬਾਗ ਦੀ ਖ਼ੌਫ਼ਨਾਕ ਕਹਾਣੀ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਖ਼ਾਸ ਕਰਕੇ ਸਾਹਿਬ ਸਿੰਘ ਇੱਕ ਲਿਖਾਰੀ ਦੀ ਭੂਮਿਕਾ ਨਿਭਾਉਂਦਾ ਹੋਇਆ ਜਦੋਂ ਆਪਣੀ ਜੇਲ੍ਹ ਬੈਠੀ ਧੀ ਨੂੰ ਪੁੱਤੂ ਪੁੱਤੂ ਕਹਿ ਕੇ ਬੁਲਾਉਂਦਾ ਹੈ, ਉਸ ਸੀਨ ਨੂੰ ਦਰਸ਼ਕ ਬਾਅਦ ਵਿੱਚ ਵੀ ਆਪਣੇ ਹਿਰਦੇ ‘ਚ ਵਸਾਈ ਬੈਠੇ ਹਨ। ਨਾਟਕ ਦੇਖ ਰਹੇ ਦਰਸ਼ਕਾਂ ਦੀਆਂ ਅੱਖਾਂ ਨਾਟਕਕਾਰ ਦੀ ਹਰ ਕਾਰਗੁਜ਼ਾਰੀ ਨਾਲ ਨਮ ਹੋਈਆਂ ਦੇਖੀਆਂ ਜਾ ਸਕਦੀਆਂ ਸਨ। ਦਰਸ਼ਕਾਂ ਵਿੱਚ ਔਰਤਾਂ ਦੀ ਬਹੁਤਾਤ ਸੀ। ਅਦਾਕਾਰੀ ਇੰਨੀ ਬਹਿਤਰੀਨ ਸੀ ਕਿ ਕੁਝ ਦਰਸ਼ਕ ਤਾਂ ਹੁਬਕੀਆਂ ਲੈ ਲੈ ਕੇ ਆਪਣੇ ਹਾਵ ਭਾਵ ਜਾਹਿਰ ਕਰ ਰਹੇ ਸਨ। ਜਦੋਂ ਨਾਟਕ ਖਤਮ ਹੋਇਆ ਤਾਂ ਨਾਟਕ ਦੇਖਦੇ ਸਾਰੇ ਦਰਸ਼ਕਾਂ ਨੇ ਖੜੇ ਹੋ ਕੇ ਨਾਟਕਕਾਰ ਦੀ ਬਾਕਮਾਲ ਪੇਸ਼ਕਾਰੀ ਦਾ ਭਰਪੂਰ ਤਾੜੀਆਂ ਨਾਲ ਸੁਆਗਤ ਕੀਤਾ। ਦਰਸ਼ਕਾਂ ਵਲੋਂ ਨਾਟਕ ਪ੍ਰਬੰਧਿਕ ਬਲਵੰਤ ਸਿੰਘ ਗਿੱਲ ਨੂੰ ਬੇਨਤੀ ਕੀਤੀ ਗਈ ਕਿ ਇਹੋ ਜਿਹੇ ਪਰੋਗ੍ਰਾਮ ਬੈਡਫ਼ੋਰਡ ਵਿੱਚ ਛੇਤੀ ਛੇਤੀ ਕਰਾਏ ਜਾਣੇ ਚਾਹੀਦੇ ਹਨ, ਤਾਂਕਿ ਇੰਗਲੈਂਡ ਵਸਦੇ ਪੰਜਾਬੀ ਇਹਨਾਂ ਵੱਡਮੁੱਲੇ ਪ੍ਰੋਗ੍ਰਾਮਾਂ ਦਾ ਪੂਰਾ ਅਨੰਦ ਮਾਣ ਸਕਣ। ਬਲਵੰਤ ਸਿੰਘ ਗਿੱਲ ਵਲੋਂ ਸਾਰੇ ਸਹਿਯੋਗੀ ਦੋਸਤਾਂ ਮਿੱਤਰਾਂ ਅਤੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਮਾਇਆ ਅਤੇ ਹੋਰ ਸਾਧਨਾਂ ਨਾਲ ਇਸ ਪ੍ਰੋਗ੍ਰਾਮ ਨੂੰ ਸਫ਼ਲ ਬਣਾਇਆ।