ਭਾਜਪਾ ਸਰਕਾਰ ਨੇ ਜਾਣਬੁੱਝ ਕੇ ਇੰਟਰਪੋਲ ਨੂੰ ਸਬੂਤ ਨਹੀਂ ਸੌਂਪੇ, ਜਿਸ ਕਾਰਨ ਮੇਹੁਲ ਚੋਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ ਰੱਦ ਹੋਇਆ – ਰਾਘਵ ਚੱਢਾ

0
149

ਭਾਜਪਾ ਸਰਕਾਰ ਨੇ ਭਗੌੜੇ ਮੇਹੁਲ ਚੋਕਸੀ ਨੂੰ ਐਂਟੀਗੁਆ ਦੀ ਨਾਗਰਿਕਤਾ ਦਿਵਾਉਣ ਵਿਚ ਕੀਤੀ ਮਦਦ – ਰਾਘਵ ਚੱਢਾ

– 2016 ‘ਚ ਦੋਵਾਂ ਖਿਲਾਫ ਪੱਤਰ ਮਿਲਣ ਦੇ ਬਾਵਜੂਦ ਪ੍ਰਧਾਨ ਮੰਤਰੀ ਦਫਤਰ ਨੇ ਜਾਂਚ ਕਿਉਂ ਨਹੀਂ ਕਰਵਾਈ? – ਰਾਘਵ ਚੱਢਾ

– ਈਡੀ-ਸੀਬੀਆਈ ਜੋ ਕਾਰਵਾਈ ਵਿਰੋਧੀ ਨੇਤਾਵਾਂ ਖ਼ਿਲਾਫ਼ ਕਰਦੀ ਹੈ ਉਹ ਹਜ਼ਾਰਾਂ ਕਰੋੜਾਂ ਦੀ ਠੱਗੀ ਮਾਰਨ ਵਾਲੇ ਅਪਰਾਧੀਆਂ ਵਿਰੁੱਧ ਕਿਉਂ ਨਹੀਂ? – ਰਾਘਵ ਚੱਢਾ

ਚੰਡੀਗੜ੍ਹ, 21 ਮਾਰਚ

ਆਮ ਆਦਮੀ ਪਾਰਟੀ ਨੇ ਭਗੌੜੇ ਮੇਹੁਲ ਚੋਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ ਰੱਦ ਹੋਣ ਲਈ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ। ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸੀਬੀਆਈ-ਈਡੀ ਵਿਰੋਧੀ ਨੇਤਾਵਾਂ ਦੇ ਖਿਲਾਫ ਸਖਤ ਬਣੀ ਹੋਈ ਹੈ। ਉਹ ਝੂਠੇ ਕੇਸ ਬਣਾ ਕੇ ਉਨ੍ਹਾਂ ਨੂੰ ਫਸਾਉਂਦੀ ਹੈ, ਪਰ ਹਜ਼ਾਰਾਂ ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਭਾਜਪਾ ਦੇ ਦੋਸਤਾਂ ਨੂੰ ਕੁਝ ਨਹੀਂ ਕਰਦੀ।

ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਸਰਕਾਰ ਮੇਹੁਲ ਚੋਕਸੀ ਨੂੰ ਰੈੱਡ ਕਾਰਪੇਟ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ। ਪੂਰੀ ਭਾਜਪਾ ਉਸ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ।

ਈਡੀ-ਸੀਬੀਆਈ ‘ਤੇ ਸਵਾਲ ਉਠਾਉਂਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੀ ਈਡੀ-ਸੀਬੀਆਈ, ਇੰਟਰਪੋਲ ਨੂੰ ਮੇਹੁਲ ਚੋਕਸੀ ਦੇ ਖਿਲਾਫ ਸਬੂਤ ਦੇਣ ‘ਚ ਅਸਫਲ ਰਹੀ, ਇਸ ਲਈ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਰੱਦ ਕਰ ਦਿੱਤਾ। ਮੇਹੁਲ ਚੋਕਸੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ ਸੀਬੀਆਈ-ਈਡੀ?

ਸਵਾਲ ਉਠਾਉਂਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਮੇਹੁਲ ਚੋਕਸੀ 2018 ‘ਚ ਦਾਵੋਸ ‘ਚ ਵਰਲਡ ਇਕਨਾਮਿਕ ਫੋਰਮ ‘ਚ ਵੀ ਪ੍ਰਧਾਨ ਮੰਤਰੀ ਦੇ ਨਾਲ ਖੜ੍ਹਾ ਸੀ। ਇਹ ਫੋਟੋ ਵੀ ਜਾਰੀ ਕੀਤੀ ਗਈ ਸੀ। ਇਸ ਤੋਂ ਦੋ ਦਿਨ ਬਾਅਦ ਪੰਜਾਬ ਨੈਸ਼ਨਲ ਬੈਂਕ ਨੇ ਦੱਸਿਆ ਕਿ ਉਸ ਨੇ 13500 ਕਰੋੜ ਦਾ ਗਬਨ ਕੀਤਾ ਹੈ। ਪਰ ਐਫਆਈਆਰ ਦਰਜ ਹੋਣ ਤੱਕ ਕੇਂਦਰ ਸਰਕਾਰ ਨੇ ਮੇਹੁਲ ਚੋਕਸੀ ਨਾਲ ਮਿਲੀਭੁਗਤ ਕਰਕੇ ਉਸ ਨੂੰ ਭਾਰਤ ਤੋਂ ਫਰਾਰ ਕਰਵਾ ਦਿੱਤਾ।

ਜਦੋਂ ਉਹ ਐਂਟੀਗੁਆ ਭੱਜ ਗਿਆ ਤਾਂ ਭਾਜਪਾ ਸਰਕਾਰ ਨੇ ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਏ, ਉਸ ਨੂੰ ਐਂਟੀਗੁਆ ਦੀ ਨਾਗਰਿਕਤਾ ਲੈਣ ਲਈ ਐਨਓਸੀ ਜਾਰੀ ਕਰ ਦਿੱਤਾ। ਇਸ ਸਰਟੀਫਿਕੇਟ ਦੇ ਆਧਾਰ ‘ਤੇ ਉਸ ਨੂੰ ਐਂਟੀਗੁਆ ਦੀ ਨਾਗਰਿਕਤਾ ਮਿਲੀ।

ਉਨ੍ਹਾਂ ਦੋਸ਼ ਲਾਇਆ ਕਿ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਭਾਰਤੀ ਜਨਤਾ ਪਾਰਟੀ ਨੂੰ ਕਰੋੜਾਂ ਰੁਪਏ ਦਾ ਚੰਦਾ ਦਿੱਤਾ ਹੈ। ਭਾਜਪਾ ਦੇ ਕਈ ਵੱਡੇ ਨੇਤਾਵਾਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ।
ਇਸ ਲਈ ਜਦੋਂ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਭਾਰਤ ਸਰਕਾਰ ਤੋਂ ਉਸ ਦੇ ਖਿਲਾਫ ਸਬੂਤ ਮੰਗੇ ਤਾਂ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਇੰਟਰਪੋਲ ਨੂੰ ਕੋਈ ਸਬੂਤ ਨਹੀਂ ਦਿੱਤਾ, ਜਿਸ ਕਾਰਨ ਉਹ ਅੱਜ ਵਿਦੇਸ਼ਾਂ ‘ਚ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਚੱਢਾ ਨੇ ਭਾਜਪਾ ਨੂੰ ਕਈ ਸਵਾਲ ਪੁੱਛੇ। ਉਨ੍ਹਾਂ ਪੁੱਛਿਆ ਕਿ ਮੇਹੁਲ ਚੋਕਸੀ ਨੂੰ ਕਿਸ ਨੇ ਦੱਸਿਆ ਕਿ ਉਸ ਦੇ ਖਿਲਾਫ ਜਾਂਚ ਹੋਵੇਗੀ, ਤਾਂ ਜੋ ਉਹ ਫਰਾਰ ਹੋ ਸਕੇ? ਮੇਹੁਲ ਚੋਕਸੀ ਨੇ ਭਾਜਪਾ ਨੂੰ ਕਿੰਨੇ ਕਰੋੜ ਰੁਪਏ ਦਾਨ ਕੀਤੇ? ਭਾਜਪਾ ਸਰਕਾਰ ਨੇ ਮੇਹੁਲ ਚੋਕਸੀ ਨੂੰ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਣ ਲਈ ਐਨਓਸੀ ਸਰਟੀਫਿਕੇਟ ਕਿਉਂ ਜਾਰੀ ਕੀਤਾ?

ਮੇਹੁਲ ਚੋਕਸੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀ ਸਬੰਧ ਹੈ? 2016 ਵਿੱਚ, ਮੇਹੁਲ ਚੋਕਸੀ ਦੇ ਖਿਲਾਫ ਜਾਂਚ ਲਈ ਪ੍ਰਧਾਨ ਮੰਤਰੀ ਦਫਤਰ ਨੂੰ ਇੱਕ ਪੱਤਰ ਸੌਂਪਿਆ ਗਿਆ ਸੀ, ਤਾਂ ਫਿਰ ਅਜੇ ਤੱਕ ਜਾਂਚ ਕਿਉਂ ਨਹੀਂ ਹੋਈ? ਕੀ ਮੇਹੁਲ ਚੋਕਸੀ, ਨੀਰਵ ਮੋਦੀ, ਵਿਜੇ ਮਾਲਿਆ ਅਤੇ ਲਲਿਤ ਮੋਦੀ ਵਰਗੇ ਭਗੌੜੇ ਭਾਜਪਾ ‘ਚ ਸ਼ਾਮਲ ਹੋਣ ਜਾ ਰਹੇ ਹਨ? ਕਿਉਂਕਿ ਪਹਿਲਾਂ ਵੀ ਅਜਿਹਾ ਕਰਕੇ ਭਾਜਪਾ ਸਰਕਾਰ ਨੇ ਕਈ ਭ੍ਰਿਸ਼ਟ ਲੋਕਾਂ ਦੇ ਕੇਸ ਖਤਮ ਕਰ ਦਿੱਤੇ ਹਨ।

LEAVE A REPLY

Please enter your comment!
Please enter your name here