ਭਾਜਪਾ ਵੱਲੋਂ ਪੰਜਾਬ ਵਿੱਚ ਸਾਡੇ ਵਿਧਾਇਕਾਂ ਅਤੇ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸੀਂ ਤਾਨਾਸ਼ਾਹੀ ਵਿਰੁੱਧ ਇਸ ਜੰਗ ਤੋਂ ਪਿੱਛੇ ਨਹੀਂ ਹਟਾਂਗੇ: ਆਪ
‘ਆਪ’ ਵਿਧਾਇਕਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਹਨ ਅਤੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ, ਭਾਜਪਾ ਤੋਂ ਅਜਿਹੀ ਨੀਵੇਂ ਪੱਧਰ ਦੀ ਰਾਜਨੀਤੀ ਦੀ ਹੀ ਉਮੀਦ ਹੈ, ‘ਆਪ’
ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਭਾਜਪਾ ਸਾਡੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਆਪ ਦੇ ਸਿਪਾਹੀ ਹਾਂ, ਭਾਜਪਾ ਸਾਨੂੰ ਰੋਕ ਨਹੀਂ ਸਕਦੀ: ਵਿਧਾਇਕ ਗੋਲਡੀ ਕੰਬੋਜ
ਪੰਜਾਬ ਮੁਗਲਾਂ ਨਾਲ ਲੜਿਆ, ਪੰਜਾਬ ਅੰਗਰੇਜ਼ਾਂ ਨਾਲ ਲੜਿਆ, ਅਸੀਂ ਭਾਜਪਾ ਦਾ ਵੀ ਸਾਹਮਣਾ ਕਰਾਂਗੇ ਅਤੇ ਉਨ੍ਹਾਂ ਨੂੰ ਜਿੱਤਣ ਨਹੀਂ ਦੇਵਾਂਗੇ ਅਤੇ ਆਪਣੇ ਦੇਸ਼ ਨੂੰ ਤਾਨਾਸ਼ਾਹੀ ਵਿੱਚ ਨਹੀਂ ਬਦਲਣ ਦਵਾਂਗੇ: ਆਪ ਆਗੂ
ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਲੋਕਤੰਤਰ ਨੂੰ ਬਚਾਉਣ ਲਈ ਇਸ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਖਿਲਾਫ ਇਕਜੁੱਟ ਹੋਣ: ਵਿਧਾਇਕ ਅਮਨਦੀਪ ਮੁਸਾਫਿਰ
ਭਾਜਪਾ ਸਾਨੂੰ ਨਾ ਡਰਾ ਸਕਦੀ ਹੈ ਅਤੇ ਨਾ ਹੀ ਰੋਕ ਸਕਦੀ ਹੈ, ਪੰਜਾਬ ਦੇ ਲੋਕ ਸਾਡੇ ਨਾਲ ਹਨ, ਭਾਜਪਾ ਇੱਥੇ ਕੁਝ ਨਹੀਂ ਜਿੱਤੇਗੀ: ਆਪ ਵਿਧਾਇਕ
ਚੰਡੀਗੜ੍ਹ, 27 ਮਾਰਚ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਵਿਰੋਧੀ ਪਾਰਟੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਭਾਜਪਾ ‘ਆਪ’ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਦੇਸੀ ਨੰਬਰਾਂ ਤੋਂ ਕਾਲ ਕਰਵਾ ਕੇ ਡਰਾ ਰਹੀ ਹੈ ਅਤੇ ਲਾਲਚ ਦੇਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
‘ਆਪ’ ਦੇ ਤਿੰਨ ਵਿਧਾਇਕਾਂ ਜਗਦੀਪ ਸਿੰਘ ਗੋਲਡੀ ਕੰਬੋਜ (ਜਲਾਲਾਬਾਦ), ਅਮਨਦੀਪ ਸਿੰਘ ਮੁਸਾਫਿਰ (ਬੱਲੂਆਣਾ) ਅਤੇ ਰਜਿੰਦਰ ਪਾਲ ਕੌਰ ਛੀਨਾ (ਲੁਧਿਆਣਾ ਦੱਖਣੀ) ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਭਾਜਪਾ ਨੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੈਸੇ ਦੀ ਪੇਸ਼ਕਸ਼ ਕੀਤੀ। ਤਿੰਨੋਂ ਵਿਧਾਇਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ‘ਆਪ’ ਅਤੇ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਨਹੀਂ ਛੱਡਣਗੇ।
ਵਿਧਾਇਕ ਜਗਦੀਪ ਕੰਬੋਜ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਅਰਵਿੰਦ ਕੇਜਰੀਵਾਲ ਵਰਗੇ ਇਮਾਨਦਾਰ ਆਗੂ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਅਰਵਿੰਦ ਕੇਜਰੀਵਾਲ ਉਹ ਨੇਤਾ ਹਨ ਜਿਨ੍ਹਾਂ ਨੇ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜੀ ਅਤੇ ਹਮੇਸ਼ਾ ਕੰਮ ਦੀ ਰਾਜਨੀਤੀ ਕੀਤੀ। ਭਾਜਪਾ ਨੇ ਝੂਠੇ ਕੇਸ ਦਰਜ ਕਰ ‘ਆਪ’ ਦੇ ਕਈ ਆਗੂਆਂ ਨੂੰ ਬਿਨਾਂ ਕਿਸੇ ਸਬੂਤ ਦੇ ਜੇਲ੍ਹ ਭੇਜ ਦਿੱਤਾ ਹੈ। ਗੋਲਡੀ ਕੰਬੋਜ ਨੇ ਕਿਹਾ ਕਿ ਉਹ (ਭਾਜਪਾ) ਅਰਵਿੰਦ ਕੇਜਰੀਵਾਲ ਅਤੇ ‘ਆਪ’ ਤੋਂ ਡਰੇ ਹੋਏ ਹਨ, ਇਸ ਲਈ ਜਿੱਥੇ ਉਹ ਲੋਕਾਂ ਦਾ ਫਤਵਾ ਜਿੱਤਣ ‘ਚ ਅਸਫਲ ਰਹੇ ਹਨ, ਉਹ ਕਿਸੇ ਵੀ ਕੀਮਤ ‘ਤੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ‘ਆਪ’ ਆਗੂਆਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ।
ਉਸਨੇ ਕਿਹਾ, ਕੱਲ੍ਹ ਲਗਭਗ 12:52 ‘ਤੇ, ਮੈਨੂੰ +35796718959 (ਸਾਈਪ੍ਰਸ) ਤੋਂ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ ਕਿਹਾ ਕਿ ਉਸਦਾ ਨਾਮ ਸੇਵਕ ਸਿੰਘ ਹੈ ਅਤੇ ਉਹ ਵਿਧਾਇਕ ਨਾਲ ਗੱਲ ਕਰਨਾ ਚਾਹੁੰਦਾ ਹੈ ਅਤੇ ਜਦੋਂ ਮੈਂ ਉਸਨੂੰ ਦੱਸਿਆ ਕਿ ਇਹ ਮੈਂ ਹਾਂ, ਤਾਂ ਉਸਨੇ ਪੁੱਛਿਆ ਕਿ ਮੈਨੂੰ ਗੱਲ ਕਰਨ ਵਿੱਚ ਕੋਈ ਸਮਸਿਆ ਤਾਂ ਨਹੀਂ? ਮੈਂ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਇੱਕ ਪੇਸ਼ਕਸ਼ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਭਾਜਪਾ ਵਿੱਚ ਸ਼ਾਮਲ ਹੋਵੋ। ਉਸਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵਧੀਆ ਪੇਸ਼ਕਸ਼ ਹੈ, ਮੈਂ ਆਪਣੀ ਕੋਈ ਵੀ ਮੰਗ ਦੱਸ ਸਕਦਾ ਹਾਂ, ਮੈਂ ਉਸਨੂੰ ਕਿਹਾ ਕਿ ਮੇਰੀ ਕੋਈ ਮੰਗ ਨਹੀਂ ਹੈ। ਫਿਰ ਉਸਨੇ ਮੈਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ 20-25 ਕਰੋੜ ਦੀ ਪੇਸ਼ਕਸ਼ ਕੀਤੀ ਅਤੇ ਮੈਂ ਕਿਹਾ ਕਿ ਮੈਨੂੰ ਇਸਦੀ ਲੋੜ ਨਹੀਂ ਹੈ।
‘ਆਪ’ ਆਗੂ ਨੇ ਕਿਹਾ, ‘ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਮੇਰਾ ਨੰਬਰ ਕਿਸ ਤੋਂ ਮਿਲਿਆ। ਫੇਰ ਮੈਂ ਉਜ ਨੂੰ ਕਿਹਾ ਮੈਨੂੰ ਕੋਈ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਮੈਨੂੰ ਤੁਹਾਡੀ ਕੋਈ ਲੋੜ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਅਸੀਂ ਸੋਚ ਵੀ ਨਹੀਂ ਸਕਦੇ ਸੀ। ਆਪ ਨੇ ਇੱਕ ਨਿਮਰ ਪਿਛੋਕੜ, ਇੱਕ ਪਲੇਟਫਾਰਮ ਅਤੇ ਸਾਡੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਇੱਕ ਮੌਕਾ ਦਿੱਤਾ।” ਕੰਬੋਜ ਨੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੁਣ ਉਹ ਉਨ੍ਹਾਂ ਦੀ ਟੀਮ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਉਹ ਹੋਰਸ ਟਰੇਡਿਂਗ ਹੀ ਕਰਨਾ ਚਾਹੁੰਦੇ ਹਨ ਤਾਂ ਦੇਸ਼ ਵਿੱਚ ਚੋਣ ਪ੍ਰਣਾਲੀ ਦੀ ਕੀ ਲੋੜ ਹੈ। ਪੰਜਾਬ ਇੱਕ ਇਨਕਲਾਬੀ ਸੂਬਾ ਹੈ। ਦਿੱਲੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਚੁਣਿਆ ਹੈ। ਉਹ ਕੋਸ਼ਿਸ਼ ਕਰ ਸਕਦੇ ਹਨ ਪਰ ਉਹ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦੀ ਸੋਚ ਨਹੀਂ ਖਰੀਦ ਸਕਣਗੇ।
ਉਨ੍ਹਾਂ ਅੱਗੇ ਕਿਹਾ ਕਿ ਕਮਜ਼ੋਰ ਦਿਲ ਵਾਲਿਆਂ ਨੂੰ ਖਰੀਦਿਆ ਜਾ ਸਕਦਾ ਹੈ, ਪਰ ਆਮ ਲੋਕਾਂ ਨੂੰ ਰਾਜਨੀਤੀ ਦਾ ਪਾਠ ਪੜ੍ਹਾਉਣ ਵਾਲੇ ਅਰਵਿੰਦ ਕੇਜਰੀਵਾਲ ਦੀ ਸੋਚ ਜਿਸ ਨੇ ਵੰਸ਼ਵਾਦੀ ਸਿਆਸਤਦਾਨਾਂ ਨੂੰ ਆਪਣੇ ਮਹਿਲਾਂ ਤੋਂ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ,ਨੂੰ ਕਦੇ ਖਰੀਦਿਆ ਨਹੀਂ ਜਾ ਸਕਦਾ। ਇਸ ਭਾਜਪਾ ਸਰਕਾਰ ਨੇ ‘ਆਪ’ ਆਗੂਆਂ ‘ਤੇ ਝੂਠੇ ਕੇਸ ਦਰਜ ਕੀਤੇ ਅਤੇ ਅੱਜ ਤੱਕ ਕੋਈ ਪੈਸਾ ਨਹੀਂ ਮਿਲਿਆ। ਪਰ ਹੁਣ ਉਹ ਸਾਡੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਵਿਕਣ ਲਈ ਨਹੀਂ ਹਾਂ। ਪੰਜਾਬ ਦੇ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਡੇ ‘ਤੇ ਭਰੋਸਾ ਕਰਕੇ ਇਤਿਹਾਸ ਸਿਰਜਿਆ ਹੈ।
ਵਿਧਾਇਕ ਹਰਜਿੰਦਰ ਪਾਲ ਕੌਰ ਛੀਨਾ ਨੇ ਦੱਸਿਆ ਕਿ ਕੱਲ੍ਹ ਕਰੀਬ 11 ਵਜੇ ਮੈਨੂੰ ਇੱਕ ਫੋਨ ਆਇਆ ਕਿ ਮੈਂ ਸੇਵਕ ਸਿੰਘ ਹਾਂ। ਇਹ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਸੀ, ਉਸ ਨੇ ਕਿਹਾ ਕਿ ਉਹ ਦਿੱਲੀ ਤੋਂ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਪਾਰਟੀ ਬਦਲ ਕੇ ਉਨ੍ਹਾਂ ਦੀ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ‘ਤੇ ਛਾਪਾ ਮਾਰਿਆ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ ਪਰ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਹਾਂ, ਲੋਕਾਂ ਨੇ ਸਾਡੇ ‘ਤੇ ਭਰੋਸਾ ਕੀਤਾ ਅਤੇ ਅਸੀਂ ਉਨ੍ਹਾਂ ਦਾ ਇਹ ਭਰੋਸਾ ਟੁਟਣ ਨਹੀਂ ਦਵਾਂਗੇ। ਅਸੀਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸੋਚ ‘ਤੇ ਚੱਲਾਂਗੇ। ਅਰਵਿੰਦ ਕੇਜਰੀਵਾਲ ਇੱਕ ਵਿਚਾਰ ਹੈ। ਉਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪਰ ਉਨਾਂ ਨਾਲ ਜੁੜੇ ਲੱਖਾਂ ਵਾਲੰਟੀਅਰਾਂ ਦੀ ਸੋਚ ਨਹੀਂ ਬਦਲੀ ਜਾ ਸਕਦੀ। ਅਸੀਂ ਉਨਾਂ ਨਾਲ ਖੜੇ ਹਾਂ ਅਤੇ ਕੋਈ ਵੀ ਸਾਨੂੰ ਖਰੀਦ ਨਹੀਂ ਸਕਦਾ।
ਅਮਨਦੀਪ ਮੁਸਾਫਿਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਦੁਪਹਿਰ ਕਰੀਬ 12:30 ਵਜੇ ਫ਼ੋਨ ਆਇਆ। ਫ਼ੋਨ ਕਰਨ ਵਾਲਾ ਦਿੱਲੀ ਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਭਾਜਪਾ ‘ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ 45 ਕਰੋੜ ਰੁਪਏ ਮਿਲਣਗੇ। ਮੈਨੂੰ Y+ ਸੁਰੱਖਿਆ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਜੋ ਵੀ ਪੋਸਟ ਚਾਹੁੰਦੇ ਹੋ ਮਿਲੇਗੀ।
ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਹਾਂ, ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਹਾਂ। ਅਸੀਂ ਭਗਵੰਤ ਮਾਨ ਜੀ ਦੇ ਸਿਪਾਹੀ ਹਾਂ। ਅਸੀਂ ਪੰਜਾਬ ਦੇ ਲੋਕਾਂ ਦੁਆਰਾ ਚੁਣੇ ਗਏ ਹਾਂ ਅਤੇ ਅਸੀਂ ਵਿਕਣ ਲਈ ਨਹੀਂ ਹਾਂ। ਭਾਜਪਾ ਸਾਨੂੰ ਖਰੀਦਣਾ ਚਾਹੁੰਦੀ ਹੈ, ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਨੂੰ ਡਗਮਗਾਣ ਨਹੀਂ ਦੇਣਗੇ।
ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹਾਂ ਪਰ ਭਾਜਪਾ ਸਾਨੂੰ ਤਾਨਾਸ਼ਾਹੀ ਦੇ ਰਾਹ ਵੱਲ ਲੈ ਜਾ ਰਹੀ ਹੈ। ਜਦੋਂ ਉਹ ਚੋਣਾਂ ਰਾਹੀਂ ਸਰਕਾਰਾਂ ਬਣਾਉਣ ਵਿੱਚ ਅਸਫਲ ਰਹਿੰਦੇ ਹਨ ਤਾਂ ਉਹ ਵਿਧਾਇਕ ਖਰੀਦ ਲੈਂਦੇ ਹਨ। ਇਸ ਲਈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਖਿਲਾਫ ਇੱਕਜੁੱਟ ਹੋਣ ਦੀ ਬੇਨਤੀ ਕਰਦਾ ਹਾਂ ਤਾਂ ਜੋ ਅਸੀਂ ਆਪਣੇ ਲੋਕਤੰਤਰ ਨੂੰ ਬਚਾ ਸਕੀਏ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ, ਉਨ੍ਹਾਂ ਨੇ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੇ ਸਿੰਘ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਪਰ ਉਹ ਸਾਨੂੰ ਡਰਾਉਣ ਜਾਂ ਰੋਕਣ ਦੇ ਯੋਗ ਨਹੀਂ ਹੋਣਗੇ। ਮੈਨੂੰ +48504539716 ਨੰਬਰ ਤੋਂ ਫੋਨ ਆਇਆ ਕਿ ਮੈਂ ਭਾਜਪਾ ਵਿਚ ਸ਼ਾਮਲ ਹੋ ਜਾਵਾਂ, ਅਸੀਂ ਕਿਸੇ ਵੀ ਕੀਮਤ ‘ਤੇ ਭਾਜਪਾ ਵਿਚ ਸ਼ਾਮਲ ਨਹੀਂ ਹੋਵਾਂਗੇ, ਚਾਹੇ ਉਹ ਸਾਨੂੰ ਕਿੰਨੇ ਵੀ ਆਫਰ ਦੇਣ, ਅਸੀਂ ਆਮ ਆਦਮੀ ਪਾਰਟੀ ਦੇ ਨਾਲ ਹਾਂ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।