ਬੰਗਾ : 13 ਜੁਲਾਈ, ਬੰਗਾ ਨਿਵਾਸੀ ਸਮਾਜ ਸੇਵੀ ਭੋਗਲ ਪਰਿਵਾਰ ਨੇ ਸਵ: ਸ. ਕਰਨੈਲ ਸਿੰਘ ਭੋਗਲ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਚਾਰ ਦਹਾਕਿਆਂ ਤੋਂ ਮਿਆਰੀ ਸਿਹਤ ਸੇਵਾਵਾਂ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਇੱਕ ਨਵੀਂ ਏਅਰਕੰਡੀਸ਼ਨ ਐਬੂੰਲੈਂਸ ਦਾਨ ਵਿਚ ਦਿੱਤੀ ਹੈ। ਅੱਜ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਸ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਨੇ ਇਸ ਐਬੂੰਲੈਂਸ ਨੂੰ ਹਰੀ ਝੰਡੀ ਦਿਖਾ ਕੇ ਲੋਕ ਸੇਵਾ ਲਈ ਰਵਾਨਾ ਕੀਤਾ। ਇਸ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਚਾਲੀ ਸਾਲਾ ਸਥਾਪਨਾ ਦਿਵਸ ਮੌਕੇ ਸਮਾਜ ਸੇਵੀ ਭੋਗਲ ਪਰਿਵਾਰ ਬੰਗਾ ਵਲੋਂ ਸਵ: ਸ. ਕਰਨੈਲ ਸਿੰਘ ਭੋਗਲ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਨਵੀਂ ਐਬੂੰਲੈਂਸ ਲਈ ਦਾਨ ਦਿੱਤਾ ਸੀ। ਸ. ਢਾਹਾਂ ਨੇ ਕਿਹਾ ਕਿ ਭੋਗਲ ਪਰਿਵਾਰ ਦਾ ਇਹ ਕਾਰਜ ਦਾਨੀ ਸੱਜਣਾਂ ਲਈ ਪ੍ਰੇਰਣਾ ਸਰੋਤ ਬਣੇਗਾ ਅਤੇ ਉਹਨਾਂ ਨੇ ਲੋੜਵੰਦ ਮਰੀਜ਼ਾਂ ਲਈ ਸਾਢੇ ਸੱਤ ਲੱਖ ਰੁਪਏ ਲਾਗਤ ਵਾਲੀ ਐਬੂੰਲੈਂਸ ਲਈ ਦਾਨ ਦੇਣ ਲਈ ਹਾਰਦਿਕ ਧੰਨਵਾਦ ਵੀ ਕੀਤਾ ਹੈ। ਸ. ਢਾਹਾਂ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ 100 ਬੈੱਡਾਂ ਦੀ ਸਮਰੱਥਾ ਵਾਲਾ ਮਲਟੀਸਪੈਸ਼ਲਿਟੀ ਹਸਪਤਾਲ ਹੈ । ਇੱਥੇ ਸੜਕੀ ਹਾਦਸਿਆਂ ਵਿਚ ਜਖਮੀਆਂ ਦੀ ਵਧੀਆ ਸੇਵਾ ਸੰਭਾਲ ਲਈ ਐਮਰਜੈਂਸੀ ਅਤੇ ਟਰੌਮਾ ਸੈਂਟਰ ਸਥਾਪਿਤ ਹੈ ਜਿੱਥੇ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਮਾਹਿਰ ਡਾਕਟਰ 24 ਘੰਟੇ ਤਾਇਨਾਤ ਰਹਿੰਦੇ ਹਨ । ਢਾਹਾਂ ਕਲੇਰਾਂ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਨੂੰ ਹੰਗਾਮੀ ਹਾਲਤਾਂ ਵਿਚ ਮਦਦ ਦੇਣ ਲਈ ਐਬੂੰਲੈਂਸਾਂ ਵੀ 24 ਘੰਟੇ ਤਿਆਰ ਬਰ ਤਿਆਰ ਰਹਿੰਦੀਆਂ ਹਨ । ਭੋਗਲ ਪਰਿਵਾਰ ਵੱਲੋਂ ਦਾਨ ਨਵੀਂ ਐਬੂੰਲੈਂਸ ਨੂੰ ਲੋਕ ਸੇਵਾ ਹਿੱਤ ਰਵਾਨਾ ਕਰਨ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਦਵਿੰਦਰ ਸਿੰਘ ਢਿੱਲੋਂ ਅਮਰੀਕਾ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ (ਦੋਹਤਾ ਸਵ: ਸ. ਕਰਨੈਲ ਸਿੰਘ ਭੋਗਲ) ਤੇ ਹਸਪਤਾਲ ਸਟਾਫ਼ ਵੀ ਹਾਜ਼ਰ ਸੀ ।
Boota Singh Basi
President & Chief Editor