ਮਈ ਦਿਵਸ ਦੇ ਸ਼ਹੀਦਾਂ ਨੂੰ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸ਼ਰਧਾਂਜਲੀ
ਇਨਕਲਾਬੀ ਜੋਸ਼ੀਲਾ ਮਾਰਚ
ਬਰਨਾਲਾ, 1 ਮਈ, 2024: ਪਾਵਰਕੌਮ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਝੰਡਾ ਲਹਿਰਾਉਣ ਦੀ ਰਸਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਸਿੰਦਰ ਧੌਲਾ ਨੇ ਅਦਾ ਕੀਤੀ। ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਦੇ ਅਧੂਰੇ ਕਾਰਜ਼ ਨੂੰ ਪੂਰਾ ਕਰਨ ਸੰਘਰਸ਼ ਜਾਰੀ ਰੱਖਣ ਦਾ ਜ਼ੋਰਦਾਰ ਅਹਿਦ ਕੀਤਾ। ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ ਦੇ ਅਕਾਸ਼ ਗੁੰਜਾਊ ਨਾਹਰੇ ਬੁਲੰਦ ਕੀਤੇ ਗਏ। ਇਸ ਸਮੇਂ ਬੇਵਕਤੀ ਵਿਛੋੜਾ ਦੇ ਗਏ ਸ਼ਹਿਰੀ ਮੰਡਲ ਦੇ ਪ੍ਰਧਾਨ ਰਣਜੀਤ ਸਿੰਘ ਜੋਧਪੁਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈl
ਇਸ ਮੌਕੇ ਬੁਲਾਰੇ ਆਗੂਆਂ ਸ਼ਿੰਦਰ ਧੌਲਾ, ਜੱਗਾ ਸਿੰਘ ਧਨੌਲਾ, ਮਹਿੰਦਰ ਸਿੰਘ ਕਾਲਾ, ਗੁਰਚਰਨ ਸਿੰਘ, ਰੂਪ ਚੰਦ, ਹਰਨੇਕ ਸਿੰਘ, ਰਜਿੰਦਰ ਸਿੰਘ, ਮੇਲਾ ਸਿੰਘ ਕੱਟੂ, ਗੌਰੀ ਸ਼ੰਕਰ, ਗੁਰਬਖਸ਼ ਸਿੰਘ, ਨਰਾਇਣ ਦੱਤ, ਜਗਰਾਜ ਸਿੰਘ, ਬਹਾਦਰ ਸਿੰਘ, ਗਮਦੂਰ ਸਿੰਘ, ਬੂਟਾ ਸਿੰਘ, ਸਿਕੰਦਰ ਸਿੰਘ ਨੇ ਮਈ ਦਿਵਸ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ ਕਿ ਕਿਵੇਂ ਉੱਨੀਵੀਂ ਸਦੀ ਦੀ ਸਰਮਾਏਦਾਰੀ ਦੀ ਉਡਾਣ ਮੌਕੇ ਮਜ਼ਦੂਰ ਜਮਾਤ ਨੇ ਆਪਣੀ ਜ਼ਿੰਦਗੀ ਦੇ ਮਨੋਰਥਾਂ ਤੋਂ ਜਾਣੂ ਹੁੰਦਿਆਂ ਸੰਘਰਸ਼ ਦੀ ਤਾਂਘ ਲੈਣੀ ਸ਼ੁਰੂ ਹੋਈ। 1827 ਵਿੱਚ 10 ਘੰਟੇ ਦੀ ਦਿਹਾੜੀ ਦੀ ਮੰਗ ਅਮਰੀਕਾ ਦੇ ਸ਼ਹਿਰ ਡਿਫੈਡੇਲੀਆ ਤੋਂ ਸ਼ੁਰੂ ਹੋਈ। 1857 ਤੋਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਤੋਂ ਬਕਾਇਦਾ ਅੱਠ ਘੰਟੇ ਦੀ ਦਿਹਾੜੀ ਦੀ ਮੰਗ ਲਈ ਸੰਘਰਸ਼ ਸ਼ੁਰੂ ਹੋਇਆ। 3 ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਮਜ਼ਦੂਰਾਂ ਦੀ ਚੱਲ ਰਹੀ ਰੈਲੀ ਵਿੱਚ ਚਾਰ ਆਗੂ ਸੈਮੂਅਲ ਫੀਲਡੇਨ, ਆਸਕਰ ਨੀਂਬੂ, ਲੁਈਸ ਲਿੰਗ ਅਤੇ ਮਾਈਕ ਸਾਅਬ ਪੁਲਿਸ ਗੋਲੀਬਾਰੀ ਨਾਲ ਸ਼ਹੀਦ ਹੋਏ। ਚਾਰ ਆਗੂਆਂ ਅਲਬਰਟ, ਅਗਸਤ ਸਪਾਈਸ, ਜਾਰਜ਼ ਏਂਗਲਜ ਅਤੇ ਫਿਸ਼ਰ ਨੂੰ 11 ਨਵੰਬਰ 1887 ਵਿੱਚ ਫਾਂਸੀ ਲਾਕੇ ਸ਼ਹੀਦ ਕਰ ਦਿੱਤਾ ਗਿਆ। 1889 ਵਿੱਚ ਦੂਸਰੀ ਸੋਸ਼ਲਿਸਟ ਕਾਂਗਰਸ ਵਿੱਚ ਇਸ ਦਿਨ ਨੂੰ ਸੰਸਾਰ ਪੱਧਰ ਤੇ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਣ ਲੱਗਾ। 8 ਘੰਟੇ ਦੀ ਦਿਹਾੜੀ ਦੀ ਮੰਗ ਹੀ ਨਹੀਂ ਸਗੋਂ ਮਜ਼ਦੂਰ ਜਮਾਤ ਨੇ ਪੈਰਿਸ ਕਮਿਊਨ, 1917 ਵਿੱਚ ਰੂਸ ਵਿੱਚ ਮਜ਼ਦੂਰ ਜਮਾਤ ਦੇ ਇਨਕਲਾਬ ਅਤੇ 1949 ਵਿੱਚ ਕਾ ਮਾਓ ਦੀ ਅਗਵਾਈ ਵਿੱਚ ਮਹਾਨ ਚੀਨੀ ਇਨਕਲਾਬ ਦੀ ਸਿਰਜਣਾ ਕੀਤੀ। ਅੱਜ ਇਨ੍ਹਾਂ ਇਨਕਲਾਬਾਂ ਨੂੰ ਪਛਾੜ ਲੱਗਣ ਕਰਕੇ ਮੋਦੀ ਹਕੂਮਤ 1990-91 ਤੋਂ ਨਵੀਂਆਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਨਾਲ ਸੰਘਰਸ਼ਾਂ ਨਾਲ ਹਾਸਲ ਕੀਤੇ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਪੂਰਨ ਲਈ ਕੰਮ ਦੇ 12 ਘੰਟੇ ਕਰਨ ਲਈ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਇਸੇ ਹੀ ਤਰ੍ਹਾਂ ਆਊਟਸੋਰਸ, ਠੇਕੇਦਾਰੀ ਪ੍ਰਬੰਧ ਰਾਹੀਂ ਕਿਰਤ ਦੀ ਤਿੱਖੀ ਰੱਤ ਨਿਚੋੜੀ ਜਾ ਰਹੀ ਹੈ।
ਇਸ ਸਮੇਂ ਮੋਹਣ ਸਿੰਘ, ਜੋਗਿੰਦਰ ਪਾਲ, ਸਤਿੰਦਰ ਪਾਲ ਸਿੰਘ, ਰਾਮਪਾਲ ਸਿੰਘ, ਗੀਤ ਸਾਗਰ ਸਿੰਘ, ਮੱਖਣ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮਈ ਦਿਵਸ ਦੇ ਸ਼ਹੀਦਾਂ ਦੇ ਸੁਪਨਿਆਂ ਦਾ ਬਰਾਬਰਤਾ ਵਾਲਾ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਉਪਰੰਤ ਵਿਸ਼ਾਲ ਜੋਸ਼ੀਲਾ ਇਨਕਲਾਬੀ ਮਾਰਚ ਕੀਤਾ ਅਤੇ ਮਈ ਦਿਵਸ ਦੇ ਸ਼ਹੀਦਾਂ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ – ਮੁਰਦਾਬਾਦ ਆਦਿ ਅਕਾਸ਼ ਗੁੰਜਾਊ ਨਾਹਰੇ ਬੁਲੰਦ ਕੀਤੇ ਗਏ।