ਮਹਾਰਾਸ਼ਟਰ ਚੋਣਾਂ ’ਚ ਭਾਜਪਾ ਦੀ ਇਤਿਹਾਸਕ ਜਿੱਤ ’ਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਅਤੇ ਸਿੱਖ ਸਮਾਜ ਮਹਾਰਾਸ਼ਟਰ ਦਾ ਅਹਿਮ ਯੋਗਦਾਨ – ਪ੍ਰੋ. ਸਰਚਾਂਦ ਸਿੰਘ ਖਿਆਲਾ
ਅੰਮ੍ਰਿਤਸਰ 24 ਨਵੰਬਰ 2024
ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਅਗਵਾਈ ਵਾਲੀ ਮਹਾਯੁਤੀ ਗੱਠਜੋੜ ਦੀ ਸ਼ਾਨਦਾਰ ਤੇ ਧਮਾਕੇਦਾਰ ਇਤਿਹਾਸਕ ਜਿੱਤ ’ਚ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਸਿੱਖ ਸਮਾਜ ਮਹਾਰਾਸ਼ਟਰ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਿੱਖ ਭਾਈਚਾਰੇ ਨੇ ਹਰੇਕ ਬੂਥ ’ਤੇ ਆਪਣੀ ਡਿਊਟੀ ਤੇ ਵੋਟ ਦੇ ਕੇ ਇਸ ਜਿੱਤ ਨੂੰ ਯਕੀਨੀ ਬਣਾਈ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਜ ਦਹਾਕੇ ਬਾਅਦ ਮਹਾਰਾਸ਼ਟਰ ’ਚ ਭਾਜਪਾ ਨੂੰ ਮਿਲੀ ਵੱਡੀ ਕਾਮਯਾਬੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਲੋਕਾਂ ਨੇ ਇਸ ਵਾਰ ਕਾਂਗਰਸ ਨੂੰ ਵਿਰੋਧੀ ਧਿਰ ਵਜੋਂ ਵੀ ਕਬੂਲ ਨਾ ਕਰਕੇ ਜਿੱਥੇ ਕਾਂਗਰਸ ਦੀ ਨਕਾਰਾਤਮਿਕ, ਵੰਡ ਪਾਊ ਤੇ ਵੰਸ਼ਵਾਦੀ ਰਾਜਨੀਤੀ ਨੂੰ ਨਮੋਸ਼ੀਜਨਕ ਕਰਾਰੀ ਹਾਰ ਦੇ ਕੇ ਗਹਿਰਾ ਝਟਕਾ ਦੇ ਦਿੱਤਾ ਹੈ, ਉੱਥੇ ਹੀ ਭਾਜਪਾ ’ਤੇ ਅਟੁੱਟ ਭਰੋਸਾ ਪ੍ਰਗਟਾਉਂਦਿਆਂ ਇਸ ਦੇ ਲੋਕ ਭਲਾਈ ਅਤੇ ਵਿਕਾਸ ਮੁਖੀ ਸਿਆਸਤ ਦੇ ਹੱਕ ’ਚ ਫ਼ਤਵਾ ਦਿੱਤਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇਣ ਵਿੱਚ ਉਮਰ ਅਤੇ ਵਿੱਦਿਅਕ ਯੋਗਤਾ ’ਚ ਛੋਟ ਪ੍ਰਦਾਨ ਕਰਨ ਦੇ ਇਤਿਹਾਸਿਕ ਫ਼ੈਸਲੇ ਲਈ ਵੀ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹਾਰਦਿਕ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਸਦਕਾ ਸੰਭਵ ਹੋਇਆ ਹੈ, ਜਿਸ ਨੇ ਇਸ ਮਹੱਤਵਪੂਰਨ ਅਤੇ ਲੰਬੇ ਸਮੇਂ ਤੋਂ ਬਕਾਇਆ ਨਿਆਂ ਨੂੰ ਸੰਭਵ ਬਣਾਇਆ। ਉਕਤ ਫ਼ੈਸਲਾ ਇੱਕ ਡੂੰਘੀ ਮਾਨਵਵਾਦੀ ਅਤੇ ਦੂਰਅੰਦੇਸ਼ੀ ਪਹੁੰਚ ਨੂੰ ਦਰਸਾਉਂਦੀ ਹੈ। ਇਹ ਉਹਨਾਂ ਪਰਿਵਾਰਾਂ ਲਈ ਰਾਹਤ ਲਿਆਉਣ ਦੀ ਦਿਸ਼ਾ ਵਿੱਚ ਇੱਕ ਪਹਿਲ ਕਦਮੀ ਹੈ, ਜਿਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਬਹੁਤ ਦੁੱਖ ਝੱਲਿਆ। ਉਨ੍ਹਾਂ ਸਿੱਖ ਭਾਈਚਾਰੇ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਨਕਾਰਾਤਮਕਤਾ ਵਿੱਚ ਨਾ ਫਸਣ ਸਗੋਂ ਏਕਤਾ ਅਤੇ ਤਰੱਕੀ ਦੇ ਸਾਂਝੇ ਟੀਚੇ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।