ਮਾਂ ਲਈ ਲਿਖੋ ਇੱਕ ਕਿਤਾਬ

0
21
ਮਾਂ ਲਈ ਲਿਖੋ ਇੱਕ ਕਿਤਾਬ
~ ਮੂਲ : ਸ਼ਿਖਰ ਚੰਦ ਜੈਨ
~ ਅਨੁ : ਪ੍ਰੋ. ਨਵ ਸੰਗੀਤ ਸਿੰਘ 
   ਪਿਆਰੇ ਛੋਟੇ ਦੋਸਤੋ, ਕਈ ਵਾਰ ਤੁਹਾਡਾ ਮਨ ਕਰਦਾ ਹੋਵੇਗਾ ਕਿ ਆਪਣੀ ਮੰਮੀ ਨੂੰ ਇੱਕ ਬਹੁਤ ਹੀ ਖਾਸ ਸਰਪ੍ਰਾਈਜ਼ ਤੋਹਫ਼ਾ ਦਿੱਤਾ ਜਾਵੇ। ਪਰ ਬਹੁਤ ਸੋਚਣ ਤੋਂ ਬਾਅਦ ਵੀ ਕੁਝ ਨਹੀਂ ਸੁੱਝਦਾ। ਅਸੀਂ ਇੱਥੇ ਇੱਕ ਬਿਲਕੁਲ ਨਵਾਂ ਵਿਚਾਰ ਸਾਂਝਾ ਕਰਨ ਲੱਗੇ ਹਾਂ। ਇਸ ਵਾਰ ਉਨ੍ਹਾਂ ਨੂੰ ਆਪਣੇ ਦੁਆਰਾ ਲਿਖੀ ਇੱਕ ਛੋਟੀ ਜਿਹੀ ਕਿਤਾਬ ਤੋਹਫ਼ੇ ਵਿੱਚ ਦਿਓ। ਇਹ ਕਿਤਾਬ ਨਾ ਸਿਰਫ਼ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਸੁੰਦਰ ਤਰੀਕਾ ਹੈ, ਸਗੋਂ ਇਹ ਇੱਕ ਯਾਦਗਾਰੀ ਚੀਜ਼ ਵੀ ਹੈ ਜੋ ਤੁਹਾਡੇ ਮੰਮੀ ਜ਼ਿੰਦਗੀ ਭਰ ਸੰਭਾਲ ਕੇ ਰੱਖਣਗੇ।
   ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸ ਰਹੇ ਹਾਂ ਜੋ ਤੁਹਾਡੀ ਮੰਮੀ ਲਈ ਇੱਕ ਯਾਦਗਾਰੀ ਕਿਤਾਬ ਜਲਦੀ ਤਿਆਰ ਕਰਨ ਵਿੱਚ ਤੁਹਾਡੀ ਮਦਦ ਕਰਨਗੇ।
   ਮੰਮੀ ਲਈ ਆਪਣੀ ਕਿਤਾਬ ਕਿਵੇਂ ਲਿਖੀਏ?
   ਜਿਵੇਂ ਆਪਣੀ ਮੰਮੀ ਬਾਰੇ ਕਿਤਾਬ ਲਿਖਣਾ ਤੁਹਾਡੇ ਲਈ ਇੱਕ ਨਵਾਂ ਅਤੇ ਵਿਲੱਖਣ ਅਨੁਭਵ ਹੋਵੇਗਾ, ਉਸੇ ਤਰ੍ਹਾਂ ਆਪਣੇ ਬਾਰੇ ਕਿਤਾਬ ਪੜ੍ਹਨਾ ਤੁਹਾਡੇ ਮੰਮੀ ਲਈ ਇੱਕ ਬਿਲਕੁਲ ਨਵਾਂ ਅਤੇ ਤਾਜ਼ਗੀ ਭਰਿਆ ਅਨੁਭਵ ਹੋਵੇਗਾ। ਇਸ ਲਈ ਮਹਿੰਗੇ ਸਮਾਨ ਦੀ ਲੋੜ ਨਹੀਂ ਹੈ, ਸਗੋਂ ਆਪਣੇ ਦਿਲ ਦੀ ਗੱਲ ਕਹਿਣ ਦੀ ਹਿੰਮਤ ਅਤੇ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੈ।
   ਕਿਤਾਬ ਦੇ ਵਿਸ਼ੇ ਬਾਰੇ ਸੋਚੋ :
   ਸਭ ਤੋਂ ਪਹਿਲਾਂ ਕਿਤਾਬ ਦੇ ਉਦੇਸ਼ ਅਤੇ ਵਿਸ਼ੇ ਨੂੰ ਸਮਝੋ। ਸੋਚੋ ਕਿ ਤੁਹਾਡੀ ਕਿਤਾਬ ਕਿਸ ਬਾਰੇ ਹੋਵੇਗੀ। ਕੀ ਇਹ ਤੁਹਾਡੀ ਅਤੇ ਮੰਮੀ ਦੀਆਂ ਮਨਪਸੰਦ ਯਾਦਾਂ ਦਾ ਸੰਗ੍ਰਹਿ ਹੈ? ਕੀ ਇਹ ਇੱਕ ਕਾਲਪਨਿਕ ਕਹਾਣੀ ਹੈ ਜਿਸ ਵਿੱਚ ਮੰਮੀ ਮੁੱਖ ਪਾਤਰ ਹਨ? ਜਾਂ ਕੀ ਇਹ ਇੱਕ ਅਜਿਹੀ ਕਿਤਾਬ ਹੈ ਜਿੱਥੇ ਹਰ ਅੱਖਰ  ਤੁਹਾਡੇ ਮੰਮੀ ਦੀ ਖੂਬੀ ਨੂੰ ਦਰਸਾਉਂਦਾ ਹੈ। ਵਿਸ਼ਾ ਸਪਸ਼ਟ ਹੋਣ ਨਾਲ ਲਿਖਣਾ ਸੌਖਾ ਹੋ ਜਾਵੇਗਾ।
   ਯੋਜਨਾ ਸਮੱਗਰੀ :
   ਇੱਕ ਖਾਲੀ ਪੰਨੇ ‘ਤੇ ਉਨ੍ਹਾਂ ਸਾਰੀਆਂ ਗੱਲਾਂ ਦੀ ਸੂਚੀ ਬਣਾਓ ਜੋ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ। ਉਦਾਹਰਣ ਵਜੋਂ
   ਭੂਮਿਕਾ, ਕਿ ਤੁਸੀਂ ਇਹ ਕਿਤਾਬ ਆਪਣੀ ਮੰਮੀ ਨੂੰ ਕਿਉਂ ਦੇ ਰਹੇ ਹੋ? ਉਨ੍ਹਾਂ ਦੇ ਬਚਪਨ ਦੀ ਕੋਈ ਕਹਾਣੀ ਜੋ ਉਨ੍ਹਾਂ ਨੇ ਤੁਹਾਨੂੰ ਸੁਣਾਈ ਹੋਵੇ, ਲਿਖ ਸਕਦੇ ਹੋ। ਆਪਣੇ ਪਹਿਲੇ ਸਕੂਲ ਟੂਰ ਜਾਂ ਉਸ ਸ਼ਰਾਰਤ ਬਾਰੇ, ਜਿਸ ਤੋਂ ਉਨ੍ਹਾਂ ਨੇ ਤੁਹਾਨੂੰ ਬਚਾਇਆ ਹੋਵੇ। ਉਨ੍ਹਾਂ ਦੀ ਪਸੰਦ-ਨਾਪਸੰਦ ਬਾਰੇ ਲਿਖੋ।
   ਫੋਟੋ ਫੀਚਰ ਭਾਗ :
   ਕਹਾਣੀਆਂ, ਲੇਖ, ਯਾਦਾਂ ਜਾਂ ਟਿੱਪਣੀ ਦੇ ਨਾਲ ਇੱਕ ਥਾਂ ਤੇ ਫੋਟੋਆਂ ਨੂੰ ਸਾਈਡ ‘ਤੇ ਜਾਂ ਪੰਨੇ ਦੇ ਵਿਚਕਾਰ ਚਿਪਕਾਓ। ਜਾਂ ਯਾਦਾਂ ਦੇ ਝਰੋਖੇ ਦੀ ਵਰਤੋਂ ਕਰੋ।
   ਆਪਣੇ ਪੁਰਾਣੇ ਫੋਟੋ ਐਲਬਮ ਵੇਖੋ। ਉਹ ਫੋਟੋਆਂ ਚੁਣੋ ਜੋ ਤੁਹਾਡੀ ਅਤੇ ਤੁਹਾਡੇ ਮੰਮੀ ਦੀ ਇਕੱਠਿਆਂ ਦੀ ਹੈ। ਉਨ੍ਹਾਂ ਫੋਟੋਆਂ ਨਾਲ ਸੰਬੰਧਿਤ ਕਹਾਣੀ ਲਿਖੋ। ਉਦਾਹਰਣ ਵਜੋਂ ਇਹ ਫੋਟੋ ਉਸ ਵੇਲੇ ਦੀ ਹੈ ਜਦੋਂ ਤੁਸੀਂ ਇਕੱਠਿਆਂ ਕੇਕ ਬਣਾਇਆ ਸੀ ਅਤੇ ਸਾਰੀ ਰਸੋਈ ਖਰਾਬ ਹੋ ਗਈ ਸੀ। ਇਹ ਨਿੱਜੀ ਅਹਿਸਾਸ ਕਿਤਾਬ ਨੂੰ ਬਹੁਤ ਕੀਮਤੀ ਬਣਾ ਦੇਣਗੇ।
   ਮੰਮੀ ਦੀ ਸੁਪਰ ਪਾਵਰ ਅਤੇ ਸਹਿਜਤਾ :
   ਮਾਂ ਦੀਆਂ ਸੁਪਰਪਾਵਰਾਂ ਬਾਰੇ ਇੱਕ ਲੇਖ ਜਾਂ ਯਾਦਾਂ ਲਿਖੋ।
   ਹਰ ਮਾਂ ਵਿੱਚ ਕੁਝ ਖਾਸ ਸ਼ਕਤੀਆਂ ਹੁੰਦੀਆਂ ਹਨ। ਕੀ ਉਹ ਤੁਹਾਡੀਆਂ ਗੁਆਚੀਆਂ ਚੀਜ਼ਾਂ ਨੂੰ ਇੱਕ ਪਲ ਵਿੱਚ ਲੱਭ ਲੈਂਦੇ ਹਨ? ਕੀ ਉਨ੍ਹਾਂ ਦੇ ਬਣਾਏ ਖਾਣੇ ਵਿੱਚ ਕੋਈ ਜਾਦੂ ਹੈ? ਜਾਂ ਕੀ ਉਹ ਤੁਹਾਡੇ ਉਦਾਸ ਹੋਣ ਤੇ ਬਿਨਾਂ ਦੱਸਿਆਂ ਸਮਝ ਜਾਂਦੇ ਹਨ? ਜਾਂ ਕੀ ਤੁਸੀਂ ਉਨ੍ਹਾਂ ਦੇ ਅਨੁਭਵਾਂ ਨੂੰ ਚਮਤਕਾਰੀ ਢੰਗ ਨਾਲ ਸੱਚ ਹੁੰਦੇ ਦੇਖਿਆ ਹੋਵੇਗਾ? ਤੁਸੀਂ ਉਨ੍ਹਾਂ ਨੂੰ ਮੁਸ਼ਕਲ ਸਥਿਤੀਆਂ ‘ਤੇ ਕਾਬੂ ਪਾਉਂਦੇ ਦੇਖਿਆ ਹੈ? ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ “ਮੰਮੀ ਦੇ ਜਾਦੂਈ ਹੁਨਰ” ਜਾਂ “ਮੰਮੀ ਦੀਆਂ ਸੁਪਰਪਾਵਰਜ਼” ਸਿਰਲੇਖ ਹੇਠ ਲਿਖੋ।
   ਕੁਝ ਚਿੱਤਰ ਵੀ ਸ਼ਾਮਲ ਕਰੋ :
   ਹੱਥ ਨਾਲ ਬਣਾਈਆਂ ਗਈਆਂ ਕਲਾਕ੍ਰਿਤੀਆਂ ਅਤੇ ਚਿੱਤਰ ਕਿਤਾਬ ਨੂੰ ਇੱਕ ਨਿੱਜੀ ਅਹਿਸਾਸ ਦੇਣਗੇ।
   ਇਹ ਜ਼ਰੂਰੀ ਨਹੀਂ ਕਿ ਤੁਹਾਡੀ ਡਰਾਇੰਗ ਬਹੁਤ ਚੰਗੀ ਹੋਵੇ।
ਨਿੱਕੇ ਸਕੈੱਚ, ਮਜ਼ਾਕੀਆ ਤਸਵੀਰਾਂ, ਕਾਰਟੂਨ, ਡੂਡਲ ਜਾਂ ਇੱਥੋਂ ਤੱਕ ਕਿ ਫੁੱਲ ਵੀ ਕਿਤਾਬ ਨੂੰ ਹੋਰ ਸ਼ਾਨਦਾਰ ਬਣਾ ਦੇਣਗੇ। ਤੁਸੀਂ ਰੰਗੀਨ ਸਕੈਚ ਪੈੱਨ, ਸਟਿੱਕਰ, ਜਾਂ ਗਲਿਟਰਜ਼ ਦੀ ਵਰਤੋਂ ਕਰਕੇ ਵੀ ਪੰਨਿਆਂ ਨੂੰ ਸਜਾ ਸਕਦੇ ਹੋ।
   ਕੁਝ ਇੰਟਰਵਿਊ ਸ਼ਾਮਲ ਕਰੋ :
   ਕਿਤਾਬ ਵਿੱਚ ਵਿਭਿੰਨਤਾ ਅਤੇ ਮਨੋਰੰਜਨ ਜੋੜਨ ਲਈ ਪਰਿਵਾਰ ਦੇ ਦੂਜੇ ਮੈਂਬਰਾਂ (ਜਿਵੇਂ ਕਿ ਪਿਤਾ ਜੀ, ਦਾਦਾ-ਦਾਦੀ, ਜਾਂ ਵੱਡੇ ਭੈਣ-ਭਰਾ) ਤੋਂ ਮਾਂ ਬਾਰੇ ਇੱਕ-ਇੱਕ ਸਵਾਲ ਪੁੱਛੋ। ਉਦਾਹਰਣ ਵਜੋਂ, “ਪਿਤਾ ਜੀ, ਮਾਂ ਬਾਰੇ ਸਭ ਤੋਂ ਵਧੀਆ ਗੱਲ ਕੀ ਹੈ?” ਉਨ੍ਹਾਂ ਦੇ ਜਵਾਬ ਇੱਕ ਵਿਸ਼ੇਸ਼ ਪੰਨੇ ‘ਤੇ ਲਿਖੋ। ਇਸ ਨਾਲ ਮਾਂ ਨੂੰ ਪਤਾ ਲੱਗੇਗਾ ਕਿ ਹਰ ਕੋਈ ਉਸਨੂੰ ਕਿੰਨਾ ਪਿਆਰ ਕਰਦਾ ਹੈ। ਪਰ ਕਿਸੇ ਨੂੰ ਇਹ ਦੱਸਣ ਦੀ ਕੋਈ ਲੋੜ ਨਹੀਂ ਹੈ ਕਿ ਤੁਸੀਂ ਕਿਤਾਬ ਲਈ ਇਹ ਸਵਾਲ ਪੁੱਛ ਰਹੇ ਹੋ। ਜੇ ਸੰਭਵ ਹੋਵੇ ਤਾਂ ਉਨ੍ਹਾਂ ਦੀਆਂ ਟਿੱਪਣੀਆਂ ਦੇ ਨਾਲ ਸਾਰਿਆਂ ਦੀਆਂ ਫੋਟੋਆਂ ਵੀ ਸ਼ਾਮਲ ਕਰ ਸਕਦੇ ਹੋ।
   ਇੱਕ ਕਵਿਤਾ ਜਾਂ ਪੈਰੋਡੀ ਲਿਖੋ :
   ਜੇ ਤੁਹਾਨੂੰ ਕਵਿਤਾ ਪਸੰਦ ਹੈ ਤਾਂ ਮੰਮੀ ਲਈ 4-5 ਲਾਈਨਾਂ ਦੀ ਇੱਕ ਛੋਟੀ ਜਿਹੀ ਕਵਿਤਾ ਲਿਖੋ। ਜੇ ਤੁਸੀਂ ਕਵਿਤਾ ਨਹੀਂ ਲਿਖ ਸਕਦੇ ਤਾਂ ਮੰਮੀ ਦੀਆਂ ਕੁਝ ਮਨਪਸੰਦ ਗੱਲਾਂ ਲਿਖੋ (ਜਿਵੇਂ ਕਿ “ਜਲਦੀ ਸੌਂ ਜਾਓ,” “ਪੜ੍ਹੋਗੇ ਲਿਖੋਗੇ ਤਾਂ ਚੰਗੇ ਇਨਸਾਨ ਬਣੋਗੇ,” ਜਾਂ “ਹਰੀਆਂ ਸਬਜ਼ੀਆਂ ਖਾਓ” ਵਗੈਰਾ)। ਇਸਨੂੰ ਪੜ੍ਹਨ ਨਾਲ ਉਹ ਖੂਬ ਹੱਸਣਗੇ ਅਤੇ ਖੁਸ਼ੀ ਮਹਿਸੂਸ ਕਰਨਗੇ।
   ਇੱਕ ਧੰਨਵਾਦੀ ਸੂਚੀ ਬਣਾਓ :
   ਧੰਨਵਾਦ ਕਰਨ ਲਈ ਇੱਕ ਪੰਨਾ ਸਮਰਪਿਤ ਕਰੋ। ਉਨ੍ਹਾਂ ਸਾਰੀਆਂ ਛੋਟੀਆਂ ਚੀਜ਼ਾਂ ਲਈ ਧੰਨਵਾਦ ਕਹੋ ਜਿਨ੍ਹਾਂ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਸਵੇਰੇ ਜਗਾਉਣਾ, ਸਕੂਲ ਲਈ ਤਿਆਰ ਕਰਨਾ, ਹੋਮਵਰਕ ਵਿੱਚ ਮਦਦ ਕਰਨਾ, ਜਾਂ ਤੁਹਾਨੂੰ ਸੌਣ ਵੇਲੇ ਕਹਾਣੀ ਸੁਣਾਉਣਾ। ਇਹ ਹਿੱਸਾ ਮੰਮੀ ਦੇ ਦਿਲ ਨੂੰ ਛੂਹ ਲਵੇਗਾ।
   ਆਕਰਸ਼ਕ ਕਵਰ ਅਤੇ ਬਾਈਡਿੰਗ :
   ਕਿਤਾਬ ਦਾ ਕਵਰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈ, ਇਸ ਲਈ ਇਸਨੂੰ ਖਾਸ ਬਣਾਓ। ਗੱਤੇ ਜਾਂ ਆਰਟ ਪੇਪਰ ਦੀ ਵਰਤੋਂ ਕਰਕੇ ਇੱਕ ਮਜ਼ਬੂਤ ਕਵਰ ਬਣਾਓ। ਇਸ ਉੱਤੇ ਮੰਮੀ ਦੀ ਇੱਕ ਫੋਟੋ ਲਗਾਓ ਜਾਂ ਲਿਖੋ “ਦੁਨੀਆਂ ਦੀ ਸਭ ਤੋਂ ਪਿਆਰੀ ਮਾਂ।” ਪੰਨਿਆਂ ਨੂੰ ਇਕੱਠੇ ਕਰਨ/ਜੋੜਨ ਲਈ ਤੁਸੀਂ ਪੰਚਿੰਗ ਮਸ਼ੀਨ ਨਾਲ ਛੇਕ ਕਰਕੇ ਉਨ੍ਹਾਂ ਨੂੰ ਰੰਗੀਨ ਰਿਬਨ ਨਾਲ ਬੰਨ੍ਹ ਸਕਦੇ ਹੋ ਜਾਂ ਸਟੈਪਲ ਕਰਕੇ ਟੇਪ ਲਾ ਸਕਦੇ ਹੋ।
   ਸਮਰਪਣ ਅਤੇ ਵਾਅਦੇ :
   ਕਿਤਾਬ ਦੇ ਆਖਰੀ ਪੰਨੇ ‘ਤੇ ਇੱਕ ਪਿਆਰਾ ਜਿਹਾ ਵਾਅਦਾ ਲਿਖੋ। ਇਸਨੂੰ ਆਪਣੇ ਅਸਤਿਤਵ ਅਤੇ ਸਫਲਤਾ ਲਈ ਉਨ੍ਹਾਂ ਨੂੰ ਸਮਰਪਿਤ ਕਰੋ। ਉਦਾਹਰਣ ਵਜੋਂ, “ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡਾ ਕਹਿਣਾ ਮੰਨਾਂਗਾ” ਜਾਂ “ਮੈਂ ਹਮੇਸ਼ਾ ਤੁਹਾਨੂੰ ਮਾਣ ਦਿਵਾਵਾਂਗਾ।” ਆਪਣਾ ਨਾਮ ਅਤੇ ਤਾਰੀਖ ਸ਼ਾਮਲ ਕਰਨਾ ਨਾ ਭੁੱਲੋ ਤਾਂ ਜੋ ਉਹ ਸਾਲਾਂ ਬਾਦ ਵੀ ਉਸ ਦਿਨ ਨੂੰ ਯਾਦ ਰੱਖਣ, ਜਿਸ ਦਿਨ ਤੁਸੀਂ ਉਨ੍ਹਾਂ ਨੂੰ ਇਹ ਤੋਹਫ਼ਾ ਦਿੱਤਾ ਸੀ।
   ਜਦੋਂ ਤੁਸੀਂ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਲਿਖੀ ਅਤੇ ਸਜਾਈ ਗਈ ਇਹ ਕਿਤਾਬ ਦਿਓਗੇ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਆਈ ਚਮਕ ਤੁਹਾਡੇ ਲਈ ਸਭ ਤੋਂ ਵੱਡਾ ਇਨਾਮ ਹੋਵੇਗੀ।
                               ****
~ ਮੂਲ : ਸ਼ਿਖਰ ਚੰਦ ਜੈਨ, ਕੋਲਕਾਤਾ (ਪੱਛਮੀ ਬੰਗਾਲ)
~ ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.
   (9417692015)

LEAVE A REPLY

Please enter your comment!
Please enter your name here