ਮੈਰੀਲੈਂਡ ਦੀ ਕੰਪਟ੍ਰੋਲਰ ਬਰੁਕ ਲੀਅਰਮੈਨ ਲਈ ਫੰਡ ਇਕੱਤਰ ਕਰਨ ਦਾ ਸਮਾਗਮ ਸਫਲਤਾਪੂਰਵਕ ਸੰਪੰਨ

0
15
ਗੇਥਰਜ਼ਬਰਗ, ਮੈਰੀਲੈਂਡ (ਬਲਵਿੰਦਰ ਬਾਲਮ ): ਮੈਰੀਲੈਂਡ ਸਟੇਟ ਦੀ ਕੰਪਟ੍ਰੋਲਰ ਬਰੁਕ ਲੀਅਰਮੈਨ ਦੇ ਸਨਮਾਨ ਵਿੱਚ ਆਯੋਜਿਤ ਫੰਡ ਇਕੱਤਰ ਕਰਨ ਅਤੇ ਮੀਟ ਐਂਡ ਗ੍ਰੀਟ ਸਮਾਗਮ ਉੱਘੀਆਂ ਸਮਾਜਿਕ, ਕਾਰੋਬਾਰੀ ਅਤੇ ਵੱਖ-ਵੱਖ ਭਾਈਚਾਰਿਆਂ ਦੀਆਂ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਸਮਾਗਮ ਦੌਰਾਨ ਬੁਲਾਰਿਆਂ ਨੇ ਕੰਪਟ੍ਰੋਲਰ ਦੇ ਕਾਰਜਕਾਲ, ਟੈਕਸ ਪ੍ਰਬੰਧਨ ਅਤੇ ਲੋਕ-ਹਿੱਤ ਨਾਲ ਜੁੜੀਆਂ ਪਹਿਲਕਦਮੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਸ਼ੁਰੂਆਤ ਕਰੀਨਾ ਹੂ ਵੱਲੋਂ ਮਹਿਮਾਨਾਂ ਅਤੇ ਪ੍ਰਮੁੱਖ ਬੁਲਾਰਿਆਂ ਦੀ ਜਾਣ-ਪਛਾਣ ਕਰਵਾਉਣ ਨਾਲ ਹੋਈ। ਉਨ੍ਹਾਂ ਨੇ ਬਰੁਕ ਲੀਅਰਮੈਨ ਦਾ ਨਿੱਘਾ ਸਵਾਗਤ ਕਰਦਿਆਂ ਸਮਾਗਮ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਗੀਅ ਡਿਜੋਕਨ, ਯੂਨੈਸਕੋ ਨਾਲ ਜੁੜੇ ਡਾਇਰੈਕਟਰ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਰੁਕ ਲੀਅਰਮੈਨ ਦੀ ਅਗਵਾਈ ਹੇਠ ਮੈਰੀਲੈਂਡ ਦੀ ਟੈਕਸ ਪ੍ਰਣਾਲੀ ਨੂੰ ਸਰਲ ਅਤੇ ਲੋਕਾਂ ਲਈ ਵਧੇਰੇ ਸੁਵਿਧਾਜਨਕ ਬਣਾਉਣ ਵੱਲ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਟੈਕਸ ਪ੍ਰਸ਼ਾਸਨ ਵਿੱਚ ਸੁਧਾਰਾਂ ਦੀ ਸ਼ਲਾਘਾ ਕੀਤੀ।

ਡਾ. ਸੁਰਿੰਦਰ ਸਿੰਘ ਗਿੱਲ, ਚੇਅਰਮੈਨ ਇੰਟਰਨੈਸ਼ਨਲ ਫੋਰਮ ਯੂਐੱਸਏ, ਨੇ ਆਪਣੇ ਸੰਬੋਧਨ ਵਿੱਚ ਬਰੁਕ ਲੀਅਰਮੈਨ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੇ ਸਿਆਸੀ ਭਵਿੱਖ ਬਾਰੇ ਆਸ਼ਾਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਬਰੁਕ ਲੀਅਰਮੈਨ ਵਿੱਚ ਭਵਿੱਖ ਵਿੱਚ ਮੈਰੀਲੈਂਡ ਦੀ ਪਹਿਲੀ ਮਹਿਲਾ ਗਵਰਨਰ ਬਣਨ ਦੀ ਸਮਰੱਥਾ ਹੈ। ਉਨ੍ਹਾਂ ਨੇ 2030 ਦੀਆਂ ਗਵਰਨਰ ਚੋਣਾਂ ਲਈ ਉਨ੍ਹਾਂ ਦੀ ਸੰਭਾਵਿਤ ਉਮੀਦਵਾਰੀ ਦਾ ਵਿਚਾਰ ਵੀ ਪੇਸ਼ ਕੀਤਾ। ਡਾ. ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਕੰਪਟ੍ਰੋਲਰ ਦੀ ਕਾਰਗੁਜ਼ਾਰੀ ਨੇ ਮੈਰੀਲੈਂਡ ਦੇ ਲੋਕਾਂ ਵਿੱਚ ਚੰਗਾ ਪ੍ਰਭਾਵ ਪਾਇਆ ਹੈ। ਇਸ ਮੌਕੇ ਲੀਆ ਨੇ ਲੋਕਤੰਤਰ ਵਿੱਚ ਵੋਟ ਦੇ ਅਧਿਕਾਰ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਨਾਗਰਿਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਚੋਣ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੀ ਹੈ।

ਉੱਘੇ ਕਾਰੋਬਾਰੀ ਸੁਰਿੰਦਰ ਸਿੰਘ ਰਹੇਜਾ ਨੇ ਟੈਕਸ ਕ੍ਰੈਡਿਟ ਸਬੰਧੀ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਰੀਲੈਂਡ ਨੇ ਟੈਕਸਦਾਤਾਵਾਂ ਨੂੰ ਰਾਹਤ ਦੇਣ ਲਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਨੇ ਇਨ੍ਹਾਂ ਯਤਨਾਂ ਦਾ ਸਿਹਰਾ ਬਰੁਕ ਲੀਅਰਮੈਨ ਦੀ ਕਾਰਗੁਜ਼ਾਰੀ ਨੂੰ ਦਿੱਤਾ। ਕੰਪਟ੍ਰੋਲਰ ਬਰੁਕ ਲੀਅਰਮੈਨ ਨੇ ਆਪਣੇ ਵਿਸਥਾਰਪੂਰਵਕ ਸੰਬੋਧਨ ਵਿੱਚ ਮੈਰੀਲੈਂਡ ਸਰਕਾਰ ਦੀਆਂ ਵੱਖ-ਵੱਖ ਸਕੀਮਾਂ, ਟੈਕਸ ਕ੍ਰੈਡਿਟ ਅਤੇ ਟੈਕਸਦਾਤਾਵਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਉਦਾਹਰਣਾਂ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਟੈਕਸ ਪ੍ਰਬੰਧਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕਾਂ ਤੱਕ ਸਹੂਲਤਾਂ ਪਹੁੰਚਾਉਣਾ ਉਨ੍ਹਾਂ ਦੀਆਂ ਪ੍ਰਮੁੱਖ ਤਰਜੀਹਾਂ ਹਨ।
ਸਮਾਗਮ ਦੌਰਾਨ ਹਾਜ਼ਰੀਨ ਨੇ ਬੁਲਾਰਿਆਂ ਅਤੇ ਕੰਪਟ੍ਰੋਲਰ ਦੇ ਸੰਬੋਧਨ ਦਾ ਤਾੜੀਆਂ ਨਾਲ ਸਵਾਗਤ ਕੀਤਾ। ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਨੇ ਇਸ ਇਕੱਠ ਨੂੰ ਆਪਸੀ ਸਾਂਝ ਅਤੇ ਵਿਚਾਰ-ਵਟਾਂਦਰੇ ਦਾ ਮੰਚ ਪ੍ਰਦਾਨ ਕੀਤਾ। ਸਮਾਗਮ ਦੇ ਅੰਤ ਵਿੱਚ ਬਰੁਕ ਲੀਅਰਮੈਨ ਨੇ ਮੇਜ਼ਬਾਨ ਟੀਮ ਅਤੇ ਮਹਿਮਾਨਾਂ ਨਾਲ ਯਾਦਗਾਰੀ ਗਰੁੱਪ ਤਸਵੀਰ ਖਿਚਵਾਈ। ਇਸ ਉਪਰੰਤ ਮਹਿਮਾਨਾਂ ਲਈ ਦੁਪਹਿਰ ਦੇ ਭੋਜ ਦਾ ਪ੍ਰਬੰਧ ਕੀਤਾ ਗਿਆ। ਆਪਸੀ ਮਿਲਣੀ ਅਤੇ ਧੰਨਵਾਦੀ ਸ਼ਬਦਾਂ ਨਾਲ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ।

LEAVE A REPLY

Please enter your comment!
Please enter your name here