ਮ੍ਰਿਤਕ ਬੱਚੇ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ
ਬਾਬਾ ਬਕਾਲਾ ਸਾਹਿਬ
(ਬਲਰਾਜ ਸਿੰਘ ਰਾਜਾ)-ਪਿੰਡ ਠੱਠੀਆ ਦੇ ਇਕ ਗਰੀਬ ਪਰਿਵਾਰ ਨਾਲ ਸਬੰਧਤ ਵਿਅਕਤੀ ਕੁਲਦੀਪ ਸਿੰਘ, ਜਿਸ ਦੇ ਮਾਸੂਮ ਬੱਚੇ ਲਵਪ੍ਰੀਤ ਸਿੰਘ (9 ਸਾਲ) ਦੀ 10 ਜੂਨ ਨੂੰ ਕਾਰ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਸੀ। ਪਰਿਵਾਰ ਵੱਲੋਂ ਜਿਥੇ ਇਨਸਾਫ ਲੈਣ ਲਈ ਪੁਲਸ ਵਿਭਾਗ ਦੇ ਦਫਤਰਾਂ ਦੇ ਗੇੜੇ ਕੱਟੇ ਰਹੇ ਹਨ, ਉਥੇ ਨਾਲ ਹੀ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਚੌਕੀ ਇੰਚਾਰਜ ਬਾਬਾ ਬਕਾਲਾ ਸਾਹਿਬ ਵੱਲੋਂ ਉਕਤ ਪਰਿਵਾਰ ’ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ।
ਇਸ ’ਤੇ ਪਿੰਡ ਦੀ ਪੰਚਾਇਤ, ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਚੌਕੀ ਦਾ ਘਿਰਾਓ ਵੀ ਕੀਤਾ ਗਿਆ ਸੀ, ਜਿਥੇ ਡੀ. ਐੱਸ. ਪੀ. ਸਵਿੰਦਰਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਸੀ ਕਿ ਉਹ ਆਉਂਦੇ ਇਕ ਦੋ ਦਿਨਾਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਗੇ ਪਰ ਪੁਲਸ ਪ੍ਰਸ਼ਾਸਨ ਅਜਿਹਾ ਕਰਨ ’ਚ ਬੁਰੀ ਤਰ੍ਹਾਂ ਫੇਲ ਨਜ਼ਰ ਆ ਰਿਹਾ ਹੈ। ਅੱਜ ਇਹ ਮਾਮਲਾ ਐੱਸ. ਐੱਸ. ਪੀ. ਦਿਹਾਤੀ ਦੇ ਧਿਆਨ ’ਚ ਵੀ ਲਿਆਂਦਾ ਗਿਆ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਾਰੇ ਮਾਮਲੇ ਦੀ ਜਾਣਕਾਰੀ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ।