ਰਾਸ਼ਟਰ ਨਿਰਮਾਣ ਵਿਚ ਪੰਜਾਬ ਦਾ ਮਹੱਤਵਪੂਰਨ ਯੋਗਦਾਨ- ਰਾਜਪਾਲ * ਸੂਬਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮੁਹਾਲੀ ਵਿਖੇ ਕੀਤਾ ਗਿਆ ਆਯੋਜਿਤ

0
357

ਐਸ.ਏ.ਐਸ. ਨਗਰ/ਚੰਡੀਗੜ੍ਹ (ਸਾਂਝੀ ਸੋਚ ਬਿਊਰੋ) -ਗਣਤੰਤਰ ਦਿਵਸ ਮੌਕੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ -6 ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਪ੍ਰੋਗਰਾਮ ਦੌਰਾਨ ਸ੍ਰੀ ਬਨਵਾਰੀਲਾਲ ਪੁਰੋਹਿਤ ਰਾਜਪਾਲ ਪੰਜਾਬ ਅਤੇ ਪ੍ਰਸਾਸਕ ਯੂ.ਟੀ. ਚੰਡੀਗੜ ਨੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨਾਂ ਨੇ ਨਾਗਰਿਕਾਂ ਨੂੰ ਸੰਵਿਧਾਨ ਦੇ ਮੂਲ ਤੱਤਾਂ ਦੀ ਪ੍ਰਤੱਖ ਰੂਪ ਵਿੱਚ ਪਾਲਣਾ ਕਰਨ ਦੀ ਸਹੁੰ ਚੁੱਕਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਦੇਸ਼ ਸੰਵਿਧਾਨਕ ਕਦਰਾਂ ਕੀਮਤਾਂ ’ਤੇ ਚੱਲ ਕੇ ਹੀ ਤਰੱਕੀ ਕਰ ਸਕਦਾ ਹੈ। ਉਨਾਂ ਕਿਹਾ ਕਿ ਰਾਸਟਰ ਨਿਰਮਾਣ ਦੇ ਕਾਰਜ ਵਿੱਚ ਪੰਜਾਬ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਅਣਗਿਣਤ ਵਾਰ ਪੰਜਾਬ ਨੂੰ ਹਮਲਾਵਰਾਂ ਨੇ ਠੇਸ ਪਹੁੰਚਾਈ ਪਰ ਹਰ ਵਾਰ ਪੰਜਾਬ ਦੇ ਬਹਾਦਰ ਪੁੱਤਰਾਂ ਨੇ ਦੇਸ ਦੀ ਰੱਖਿਆ ਕੀਤੀ। ਇਸੇ ਲਈ ਪੂਰਾ ਦੇਸ਼ ਪੰਜਾਬ ਦਾ ਲੋਹਾ ਮੰਨਦਾ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ। ਇਹ ਲਾਲਾ ਲਾਜਪਤ ਰਾਏ, ਸਰਦਾਰ ਭਗਤ ਸਿੰਘ ਅਤੇ ਸੁਖਦੇਵ ਵਰਗੇ ਸੂਰਬੀਰਾਂ ਦੀ ਧਰਤੀ ਹੈ। ਇਸ ਲਈ ਸੰਵਿਧਾਨ ਪ੍ਰਤੀ ਸਾਡੀ ਜਿੰਮੇਵਾਰੀ ਵੱਧ ਜਾਂਦੀ ਹੈ ਕਿਉਂਕਿ ਸਾਡੀ ਕੋਈ ਵੀ ਕਾਰਵਾਈ ਇਨਾਂ ਮਹਾਨ ਸਖਸ਼ੀਅਤਾਂ ਦਾ ਅਪਮਾਨ ਨਾ ਕਰੇ। ਰਾਜਪਾਲ ਨੇ ਕਿਹਾ ਕਿ ਦੇਸ਼ ਇਸ ਸਮੇਂ ਆਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਿਹਾ ਹੈ। ਆਧੁਨਿਕ ਭਾਰਤ ਦਾ ਜੋ ਸੁਪਨਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਦੇਖਿਆ ਸੀ, ਉਸ ਨੂੰ ਪੂਰਾ ਕਰਨ ਲਈ ਸਾਨੂੰ ਨਵੀਂ ਊਰਜਾ ਨਾਲ ਲਾਮਬੰਦ ਹੋਣਾ ਪਵੇਗਾ। ਉਨਾਂ ਕਿਹਾ ਕਿ ਆਜ਼ਾਦੀ ਦੇ 75ਵੇਂ ਵਰੇ ਵਿੱਚ ਆਇਆ ਇਹ ਗਣਤੰਤਰ ਦਿਵਸ ਸਾਡੇ ਲਈ ਨਵੇਂ ਸੰਕਲਪਾਂ ਦਾ ਮੌਕਾ ਲੈ ਕੇ ਆਇਆ ਹੈ। ਸ੍ਰੀ ਪੁਰੋਹਿਤ ਨੇ ਕਿਹਾ ਕਿ 2047 ‘ਚ ਜਦੋਂ ਦੇਸ ਆਪਣੀ ਆਜਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ, ਤਦ ਇਹ ਕਿਸ ਉਚਾਈ ’ਤੇ ਹੋਵੇਗਾ, ਇਹ ਸਾਡੀ ਅੱਜ ਦੀ ਮਿਹਨਤ ਅਤੇ ਸਾਡੇ ਅੱਜ ਦੇ ਫੈਸਲੇ ਤੈਅ ਕਰਨਗੇ। ਉਨਾਂ ਕਿਹਾ ਕਿ ਨਵੇਂ ਭਾਰਤ ਲਈ ਕੀਤੇ ਜਾ ਰਹੇ ਯਤਨਾਂ ਦੇ ਵਿਚਕਾਰ, ਅੱਜ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ 2047 ਦੇ ਭਾਰਤ ਲਈ ਨਵੇਂ ਸੰਕਲਪਾਂ ’ਤੇ ਕੰਮ ਕਰਨਾ ਸੁਰੂ ਕਰੀਏ। ਉਨਾਂ ਕਿਹਾ ਕਿ 2047 ਦੀ ਭਾਰਤ ਦੀ ਸ਼ਾਨਦਾਰ ਇਮਾਰਤ ਉਸ ਨੀਂਹ ’ਤੇ ਖੜੀ ਹੋਵੇਗੀ ਜਿਸ ਦੀ ਅਸੀਂ ਅੱਜ ਉਸਾਰੀ ਕਰਾਂਗੇ। ਰਾਜਪਾਲ ਨੇ ਸੂਬੇ ਵਿੱਚ ਆਜਾਦੀ ਦਾ ‘ਅੰਮ੍ਰਿਤ ਮਹਾਂ ਉਤਸਵ‘ ਮਨਾਉਣ ਲਈ ਵੱਖ-ਵੱਖ ਵਿਭਾਗਾਂ, ਯੂਨੀਵਰਸਿਟੀਆਂ, ਸਕੂਲ-ਕਾਲਜਾਂ ਅਤੇ ਕਲਾ ਜਗਤ ਨਾਲ ਜੁੜੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਸਾਨੂੰ ‘ਵਿਰਾਸਤ ਵੀ‘ ‘ਵਿਕਾਸ ਭੀ‘ ਦਾ ਮੰਤਰ ਅਪਣਾ ਕੇ ਪ੍ਰਗਤੀ ਦੇ ਰਾਹ ਤੇ ਤੁਰਨ ਦੀ ਲੋੜ ਹੈ। ਉਨਾਂ ਅੱਗੇ ਕਿਹਾ ਕਿ ਸਾਨੂੰ ਸਵੀਕਾਰ ਕਰਨਾ ਹੋਵੇਗਾ ਕਿ ਅੱਜ ਦੇਸ ਦੇ ਸਾਹਮਣੇ ਕਈ ਚੁਣੌਤੀਆਂ ਹਨ। ਸਾਡੇ ਕਲਿਆਣਕਾਰੀ ਰਾਜ ਪ੍ਰਬੰਧ ਨੂੰ ਚਲਾਉਣ ਵਿੱਚ ਬਹੁਤ ਮੁਸਕਿਲਾਂ ਹਨ। ਦੇਸ ਦੀਆਂ ਸਰਹੱਦਾਂ ’ਤੇ ਵੀ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਇਸ ਲਈ ਸਾਨੂੰ ਮਿਲ ਕੇ ਹਰ ਚੁਣੌਤੀ ਨੂੰ ਪਾਰ ਕਰਨਾ ਹੋਵੇਗਾ। ਸ੍ਰੀ ਪੁਰੋਹਿਤ ਨੇ ਚੰਗੇ ਸਮਾਜ ਦੀ ਉਸਾਰੀ ਲਈ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਰਹਿਣ ਦੀ ਸਿੱਖਿਆ ਦਿੱਤੀ ਅਤੇ ਲੋਕਾਂ ਨੂੰ ਭ੍ਰਿਸਟਾਚਾਰ ਨੂੰ ਖਤਮ ਕਰਨ ਲਈ ਵਚਨਬੱਧ ਰਹਿਣ ਲਈ ਕਿਹਾ। ਉਨਾਂ ਨੇ ਕੋਵਿਡ ਮਹਾਂਮਾਰੀ ਦਾ ਸਾਹਮਣਾ ਕਰਦਿਆਂ ਪਿਛਲੇ ਦੋ ਸਾਲਾਂ ਵਿੱਚ ਬਹਾਦਰੀ ਅਤੇ ਸਫਲਤਾਪੂਰਵਕ ਪ੍ਰਦਰਸਨ ਲਈ ਰਾਜ ਅਤੇ ਦੇਸ ਵਾਸੀਆਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅਸੀਂ ਇਸ ਬਿਮਾਰੀ ਨਾਲ ਲੜੇ, ਆਰਥਿਕ ਚੁਣੌਤੀਆਂ ਦਾ ਸਾਹਮਣਾ ਕੀਤਾ, ਸਾਡੇ ਕਿਸਾਨਾਂ, ਮਜਦੂਰਾਂ, ਉਦਯੋਗਿਕ ਕਾਮਿਆਂ ’ਤੇ ਮੁਸ਼ਕਿਲਾਂ ਦਾ ਪਹਾੜ ਟੁਟਿਆਂ ਪਰ ਕਿਸੇ ਨੇ ਵੀ ਹਿੰਮਤ ਨਹੀਂ ਹਾਰੀ, ਇਹ ਸਾਡੀ ਵਿਸੇਸਤਾ ਹੈ। ਉਨਾਂ ਕੋਵਿਡ ਟੀਕਾਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸਲਾਘਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਜਰੂਰ ਕਰਵਾਉਣ। ਉਨਾਂ ਕਿਹਾ ਕਿ ਇਹ ਕੋਵਿਡ ਦੀ ਲੜਾਈ ਵਿੱਚ ਸਾਡਾ ਸਸਤਰ ਸਾਬਤ ਹੋਵੇਗਾ। ਉਨਾਂ ਅੱਗੇ ਕਿਹਾ ਕਿ ਇਹ ਸਾਡਾ ਕੌਮੀ ਫਰਜ ਹੈ ਅਤੇ ਸਾਨੂੰ ਇਸ ਪ੍ਰਤੀ ਸੁਚੇਤ ਰਹਿਣਾ ਪਵੇਗਾ। ਇਸ ਤੋਂ ਪਹਿਲਾਂ ਰਾਜਪਾਲ ਨੇ ਏ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਅਤੇ ਸਹਾਇਕ ਪਰੇਡ ਕਮਾਂਡਰ ਡੀ.ਐਸ.ਪੀ. ਮੇਜਰ ਸੁਮੇਰ ਸਿੰਘ ਦੀ ਅਗਵਾਈ ਹੇਠ 3 ਟੁਕੜੀਆਂ ਪੰਜਾਬ ਪੁਲਿਸ (ਪੀਆਰਟੀਸੀ ਜਹਾਨਖੇਲਾਂ),2 ਟੁਕੜੀਆਂ ਜ਼ਿਲਾ ਪੁਲਿਸ ਐਸ.ਏ.ਐਸ. ਨਗਰ, 1 ਟੁਕੜੀ ਯੂ.ਟੀ. (ਚੰਡੀਗੜ) ਪੁਲਿਸ, 1 ਟੁਕੜੀ ਉਤਰਾਖੰਡ ਪੁਲਿਸ, 1 ਟੁਕੜੀ ਗਾਰਡੀਅਨ ਆਫ ਗਵਰਨੈਂਸ (ਖੁਸ਼ਹਾਲੀ ਦੇ ਰਾਖੇ) ਸਾਬਕਾ ਫੌਜੀ,1 ਟੁਕੜੀ ਐਨ.ਸੀ.ਸੀ ਆਰਮੀ ਵਿੰਗ (ਸਰਕਾਰੀ ਕਾਲਜ ਮੁਹਾਲੀ), 2 ਟੁਕੜੀਆਂ ਪੀ.ਏ.ਪੀ ਜਲੰਧਰ ਬਰਾਂਸ ਬੈਂਡ ਅਤੇ ਪੀ.ਏ.ਪੀ ਜਲੰਧਰ ਪਾਈਪ ਬੈਂਡ ਵੱਲੋਂ ਕੱਢੇ ਗਏ ਮਾਰਚ ਪਾਸਟ ਤੋਂ ਸਲਾਮੀ ਲਈ । ਇਸ ਤੋਂ ਇਲਾਵਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3ਬੀ1 ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਬੱਚਿਆ ਵੱਲੋ ਰਾਸ਼ਟਰੀ ਗਾਣ ਗਾਇਆ ਗਿਆ। ਇਸ ਮੌਕੇ ਸਮੂਹ ਪਰੇਡ ਕਮਾਂਡਰਾਂ ਅਤੇ ਕਰੋਨਾ ਮਹਾਂਮਾਰੀ ਦੌਰਾਨ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੀਆਂ ਅਫਸਰ ਸਾਹਿਬਾਨ ਅਤੇ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਮੁੱਖ ਤੌਰ ਤੇ ਮੁੱਖ ਸਕੱਤਰ ਸ੍ਰੀ ਅਨਿਰੁਧ ਤਿਵਾੜੀ, ਡੀਜੀਪੀ ਪੰਜਾਬ ਸ੍ਰੀ ਵੀਰੇਸ਼ ਕੁਮਾਰ ਭਾਵਰਾ, ਡਵੀਜ਼ਨਲ ਕਮਿਸ਼ਨਰ ਰੂਪਨਗਰ ਸ. ਮਨਵੇਸ਼ ਸਿੰਘ ਸਿੱਧੂ, ਆਈ.ਜ਼ੀ. ਸ੍ਰੀ ਏ.ਕੇ. ਮਿੱਤਲ, ਡਿਪਟੀ ਕਮਿਸਨਰ ਸ੍ਰੀਮਤੀ ਈਸ਼ਾ ਕਾਲੀਆ, ਐਸ.ਐਸ.ਪੀ. ਸ੍ਰੀ ਹਰਜੀਤ ਸਿੰਘ, ਜੂਡੀਸ਼ਰੀ ਅਤੇ ਫੌਜ ਦੇ ਸੀਨੀਅਰ ਅਫਸਰ ਸਾਹਿਬਾਨ ਅਤੇ ਹੋਰ ਪਤਵੰਤਿਆਂ ਉਚੇਚੇ ਤੌਰ ਤੇ ਸ਼ਾਮਿਲ ਸਨ।

LEAVE A REPLY

Please enter your comment!
Please enter your name here