ਲੋਕਾਂ ਨੂੰ ਸਾਫ਼-ਸੁਥਰਾ ਤੇ ਭੈਅ ਮੁਕਤ ਸਮਾਜ ਦੇਣਾ ਸਾਡਾ ਮੁਢਲਾ ਫ਼ਰਜ਼- ਐੱਸ.ਐੱਚ.ਓ ਸਿਕੰਦ
ਸਮਾਣਾ, 12 ਜੂਨ (ਹਰਜਿੰਦਰ ਸਿੰਘ ਜਵੰਦਾ)- ਪੰਜਾਬ ਪੁਲਿਸ ਹਰੇਕ ਫਰਿਆਦੀ ਨੂੰ ਇਨਸਾਫ਼ ਦਿਵਾਉਣ ਦੇ ਨਾਲ-ਨਾਲ ਇਲਾਕੇ ਅੰਦਰ ਅਮਨ-ਸ਼ਾਂਤੀ ਬਣਾਏ ਰੱਖਣ, ਨਸ਼ੇ ਵੇਚਣ ਤੇ ਗਲਤ ਅਨਸਰਾਂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣ ਪ੍ਰਤੀ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐੱਸ.ਐੱਚ.ਓ ਗੁਰਇਕਬਾਲ ਸਿੰਘ ਸਿਕੰਦ ਨੇ ਥਾਣਾ ਸਿਟੀ ਸਮਾਣਾ ਵਿਖੇ ਬਤੌਰ ਇੰਚਾਰਜ ਅਹੁਦਾ ਸੰਭਾਂਲਣ ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਕੀਤੀਆਂ ਗਈਆਂ ਹਦਾਇਤਾਂ ਅਤੇ ਉੱਚ ਪੁਲਿਸ ਅਫ਼ਸਰਾਂ ਦੇ ਹੁਕਮ ਮੁਤਾਬਿਕ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਨਸ਼ਾ ਵੇਚਣ ਜਾਂ ਖ਼ਰੀਦਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ । ਉਨ੍ਹਾਂ ਕਿਹਾ ਕਿ ਥਾਣਾ ਸਿਟੀ ‘ਚ ਆਉਣ ਵਾਲੇ ਹਰ ਪਤਵੰਤੇ ਨੂੰ ਪੂਰਨ ਸਤਿਕਾਰ ਮਿਲੇਗਾ ਅਤੇ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ‘ਤੇ ਨਕੇਲ ਕਸੀ ਜਾਵੇਗੀ ।ਉਨ੍ਹਾਂ ਅੱਗੇ ਕਿਹਾ ਕਿ ਐੱਸ.ਐੱਸ.ਪੀ. ਸਾਹਿਬ ਪਟਿਆਲਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਲਾਕੇ ਅੰਦਰ ਅਮਨ-ਸ਼ਾਂਤੀ ਬਹਾਲ ਰੱਖਣ ਲਈ ਗਲਤ ਸਮਾਜ ਵਿਰੋਧੀ ਲੋਕਾਂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਹੋਰ ਕੱਸਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਕਿ ਅਲਾਮਤਾਂ ਨੂੰ ਖ਼ਤਮ ਕੀਤਾ ਜਾ ਸਕੇ।