ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ ਨੌਜਵਾਨ ਇਨਕਲਾਬੀ ਗਾਇਕ ਕੁਲਦੀਪ ਜਲੂਰ ਦੇ ਸ਼ਰਧਾਂਜਲੀ ਸਮਾਗਮ ‘ਚ ਸ਼ਾਮਲ ਹੋਣ ਦਾ ਫੈਸਲਾ
ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ ਨੌਜਵਾਨ ਇਨਕਲਾਬੀ ਗਾਇਕ ਕੁਲਦੀਪ ਜਲੂਰ ਦੇ ਸ਼ਰਧਾਂਜਲੀ ਸਮਾਗਮ ‘ਚ ਸ਼ਾਮਲ ਹੋਣ ਦਾ ਫੈਸਲਾ
ਦਲਜੀਤ ਕੌਰ
ਲਹਿਰਾਗਾਗਾ, 11 ਜੂਨ, 2024: ਲੋਕ ਚੇਤਨਾ ਮੰਚ, ਲਹਿਰਾਗਾਗਾ ਭਰ ਜਵਾਨੀ ਵਿੱਚ ਵਿੱਛੜ ਗਏ ਨੌਜਵਾਨ ਇਨਕਲਾਬੀ ਗਾਇਕ ਕੁਲਦੀਪ ਜਲੂਰ ਦ 14 ਜੂਨ ਨੂੂੰ ਪਿੰਡ ਜਲੂਰ ਵਿਖੇ ਹੋ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਵੇਗਾ। ਇਹ ਫੈਸਲਾ ਮੰਚ ਦੀ ਸੀ: ਮੀਤ ਪ੍ਰਧਾਨ ਜਗਜੀਤ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਨੂੂੰ ਸੰਬੋਧਨ ਕਰਦਿਆਂ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਕੁਲਦੀਪ ਜਲੂਰ ਇੱਕ ਹੋਣਹਾਰ ਨੌਜਵਾਨ ਸੀ ਜਿਹੜਾ ਇੱਕ ਬਹੁਤ ਹੀ ਗਰੀਬ ਮਜਦੂਰ ਪਰਿਵਾਰ ਵਿੱਚੋਂ ਉੱਠ ਕੇ ਪੰਜਾਬੀ ਯੁਨੀਵਰਸਿਟੀ, ਪਟਿਆਲਾ ਵਿੱਚ ਪੀ ਐੈਚ ਡੀ ਦੀ ਪੜ੍ਹਾਈ ਕਰ ਰਿਹਾ ਸੀ। ਉਹ ਚਾਰ ਭੈਣਾਂ ਦਾ ਇੱਕਲਾ ਭਰਾ ਸੀ। ਆਪਣੀ ਇਨਕਲਾਬੀ ਸਮਝਦਾਰੀ ਅਤੇ ਬੁਲੰਦ ਗਾਇਕੀ ਨਾਲ ਉਹਨੇ ਇੱਕ ਖਾਸ ਮੁਕਾਮ ਹਾਸਲ ਕਰ ਲਿਆ ਸੀ।
ਮੀਟਿੰਗ ਵਿੱਚ ਚੰਡੀਗੜ ਏਅਰਪੋਰਟ ‘ਤੇ ਪਿਛਲੇ ਦਿਨੀਂ ਫਿਲਮੀ ਅਦਾਕਾਰਾ ਤੋਂ ਭਾਜਪਾ ਸਾਂਸਦ ਬਣੀ ਕੰਗਣਾ ਰਨੌਤ ਦੇ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਵਾਲੀ ਘਟਨਾ ‘ਤੇ ਵੀ ਚਰਚਾ ਕਰਦਿਆਂ ਕਿਹਾ ਕਿ ਇਸ ਕਾਂਡ ਲਈ ਮੁੱਖ ਰੂਪ ਵਿੱਚ ਕੰਗਣਾ ਖੁਦ ਜੁੰਮੇਵਾਰ ਹੈ ਜੋ ਚਰਚਾ ਵਿੱਚ ਰਹਿਣ ਲਈ ਗਾਹੇ ਬ ਗਾਹੇ ਕਿਸਾਨਾਂ-ਮਜ਼ਦੂਰਾਂ ਅਤੇ ਪੰਜਾਬੀਆਂ ਖਿਲਾਫ਼ ਭੜਕਾਊ ਬਿਆਨਬਾਜ਼ੀ ਕਰਨ ਦੀ ਆਦੀ ਹੈ। ਮੰਚ ਨੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਇਸ ਮੀਟਿੰਗ ਵਿੱਚ ਭੀਮ ਸਿੰਘ ਲਹਿਰਾ, ਰਾਮਚੰਦਰ ਸਿੰਘ ਖਾਈ, ਪ੍ਰਿੰਸੀਪਲ ਪਿਆਰਾ ਲਾਲ, ਸੁਖਜਿੰਦਰ ਲਾਲੀ, ਪ੍ਰਵੀਨ ਖੋਖਰ, ਮਹਿੰਦਰ ਸਿੰਘ, ਪੂਰਨ ਸਿੰਘ ਖਾਈ, ਜਗਦੀਸ਼ ਪਾਪੜਾ, ਰਣਜੀਤ ਲਹਿਰਾ ਹਾਜ਼ਰ ਸਨ।