ਵਿਧਾਨ ਸਭਾ ਦੇ ਇਜਲਾਸ ਤੋਂ ਪਹਿਲਾਂ ‘ਆਪ’ ਵਿਧਾਇਕਾਂ ਨੇ ਕੀਤੀ ਬੈਠਕ

0
253

* ਲੋਕ ਮੁੱਦਿਆਂ ਤੋਂ ਭੱਜ ਰਹੀ ਚੰਨੀ ਸਰਕਾਰ ਨੂੰ ਸਦਨ ‘ਚ ਦੇਣਾ ਪਵੇਗਾ ਜਵਾਬ- ਹਰਪਾਲ ਸਿੰਘ ਚੀਮਾ
ਚੰਡੀਗੜ੍ਹ (ਸਾਂਝੀ ਸੋਚ ਬਿਊਰੋ) -ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲ ਦੀ ਅਹਿਮ ਮੀਟਿੰਗ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਐਤਵਾਰ ਨੂੰ ਦੇਰ ਸ਼ਾਮ ਚੰਡੀਗੜ ਵਿਖੇ ਹੋਈ। ਜਿਸ ਵਿਚ ਸੋਮਵਾਰ ਨੂੰ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਚੰਨੀ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਜਵਾਬਦੇਹ ਬਣਾਉਣ ਲਈ ਯੋਜਨਾਬੰਦੀ ਕੀਤੀ ਗਈ। ‘ਆਪ’ ਦੇ ਆਗੂਆਂ ਨੇ ਬੀ ਐਸ ਐਫ ਦੇ ਅਧਿਕਾਰ ਖੇਤਰ ‘ਚ ਵਾਧਾ, ਮਾਰੂ ਬਿਜਲੀ ਖਰੀਦ ਸਮਝੌਤੇ, ਬੇਅਦਬੀ, ਬਹਿਬਲ ਕਲਾਂ ਗੋਲੀਕਾਂਡ, ਬੇਰੁਜਗਾਰੀ, ਕਿਸਾਨ-ਮਜਦੂਰ ਕਰਜੇ ਅਤੇ ਮਾਫੀਆ ਸਮੇਤ ਪੰਜਾਬ ਦੇ ਭਖਵੇਂ ਸਾਰੇ ਮੁੱਦਿਆਂ ’ਤੇ ਚਰਚਾ ਕੀਤੀ। ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਪੰਜਾਬ ਮਾਰੂ ਬਿਜਲੀ ਸਮਝੌਤੇ ਰੱਦ ਕਰਨ ਤੋਂ ਕੁੱਝ ਵੀ ਘੱਟ ‘ਆਪ’ ਵੱਲੋਂ ਮਨਜੂਰ ਨਹੀਂ ਕੀਤਾ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਦੀ ਗ੍ਰਿਫਤਾਰੀ ਨਾ ਕਰਨ ਲਈ ਚੰਨੀ ਸਰਕਾਰ ਕੋਲੋਂ ਜਵਾਬ ਮੰਗਿਆ ਜਾਵੇਗਾ। ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਕਿਸਾਨਾਂ ਤੇ ਮਜਦੂਰਾਂ ਦੇ ਕਰਜੇ ਦੀ ਮੁਆਫੀ, ਬੇਰੋਜਗਾਰੀ, ਬੇ-ਘਰਿਆਂ ਨੂੰ ਪਲਾਟ, 2500 ਰੁਪਏ ਪੈਨਸ਼ਨ, ਬੇਰੁਜਗਾਰੀ ਭੱਤਾ, ਨੌਕਰੀਆਂ ਵਿਚ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਗੱਫੇ ਅਤੇ ਮਾਫੀਆ ਰਾਜ ਆਦਿ ਕੁੱਝ ਹੋਰ ਅਹਿਮ ਮੁੱਦੇ ਹਨ, ਜਿਨਾਂ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਜਵਾਬ ਮੰਗਿਆ ਜਾਵੇਗਾ। ਚੀਮਾ ਨੇ ਕਿਹਾ ਕਿ ਅੱਜ ਸਾਰਾ ਪੰਜਾਬ ਰੋਸ-ਧਰਨਿਆਂ ਦੀ ਧਰਤੀ ਬਣ ਗਿਆ ਹੈ, ਪਰੰਤੂ ਸੱਤਾਧਾਰੀ ਕਾਂਗਰਸ ਵਿਧਾਨ ਸਭਾ ਚੋਂ ਪੰਜਾਬ ਦੇ ਮੁੱਦਿਆਂ ’ਤੇ ਚਰਚਾ ਕਰਨ ਤੋਂ ਭੱਜਦੀ ਆ ਰਹੀ ਹੈ, ਦੂਜੇ ਪਾਸੇ ਵਿਰੋਧੀ ਧਿਰ ਦਾ ਫਰਜ਼ ਨਿਭਾਉਂਦੀ ਹੋਈ ਆਮ ਆਦਮੀ ਪਾਰਟੀ ਪੰਜਾਬ ਦੇ ਹਰ-ਇੱਕ ਮੁੱਦੇ ’ਤੇ ਉਸਾਰੂ ਵਿਚਾਰ-ਚਰਚਾ ਕਰਨ ਦੀ ਮੰਗ ਕਰਦੀ ਰਹੀ, ਤਾਂ ਜੋ ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਔਰਤਾਂ ਵਿਦਿਆਰਥੀਆਂ ਦੇ ਮਸਲੇ ਹੱਲ ਕੀਤੇ ਜਾਣ। ਤਾਂ ਕਿ ਪੰਜਾਬ ਵਾਸੀ ਵਿਧਾਨ ਸਭਾ ਇਜਲਾਸ ਦਾ ਸੱਚ ਅੱਖੀਂ ਦੇਖ ਸਕਣ, ‘ਆਪ‘ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਸੱਚ ’ਤੇ ਪਰਦਾ ਪਾਉਣ ਦੇ ਯਤਨ ਕਰਦੀ ਰਹੀ ਹੈ। ਬੈਠਕ ਦੌਰਾਨ ਜਿੱਥੇ ਇਜਲਾਸ ਨੂੰ ਖਾਨਾਪੂਰਤੀ ਦੱਸਦੇ ਹੋਏ ਮੰਗ ਕੀਤੀ ਕਿ ਇਜਲਾਸ ਘੱਟੋ-ਘੱਟ 15 ਦਿਨ ਕੀਤਾ ਜਾਵੇ ਕਿਉਂਕਿ ਮਾਨਸੂਨ ਸੈਸ਼ਨ ਲੰਬਿਤ ਪਿਆ ਹੈ। ਸਦਨ ਦੀ ਸਾਰੀ ਕਾਰਵਾਈ ਦਾ ਲਾਇਵ ਟੈਲੀਕਾਸਟ ਕੀਤਾ ਜਾਵੇ। ਇਸ ਮੌਕੇ ਸਰਕਾਰ ਵੱਲੋਂ ਇਜਲਾਸ ਤੋਂ ਪਹਿਲਾਂ ਸੈਸ਼ਨ ਦੌਰਾਨ ਬਾਕੀ ਕੰਮਕਾਰਾਂ ਨੂੰ ਮੁਲਤਵੀ ਕੀਤਾ ਜਾਣ ਦੀ ਨਿੰਦਿਆਂ ਵੀ ਕੀਤੀ ਗਈ। ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰਿੰਸੀਪਲ ਬੁੱਧ ਰਾਮ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਪ੍ਰੋ. ਬਲਜਿੰਦਰ ਕੌਰ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜਗਤਾਰ ਸਿੰਘ ਜੱਗਾ, ਅਮਰਜੀਤ ਸਿੰਘ ਸੰਦੋਆ ਅਤੇ ਵਿਧਾਨ ਸਭਾ ‘ਚ ਪਾਰਟੀ ਦੇ ਦਫਤਰ ਸਕੱਤਰ ਮਨਜੀਤ ਸਿੰਘ ਸਿੱਧੂ ਮੌਜੂਦ ਸਨ।

LEAVE A REPLY

Please enter your comment!
Please enter your name here