ਵਿਸ਼ਵ ਪ੍ਰਸਿੱਧ ਗਾਇਕ ਆਰਿਫ਼ ਲੁਹਾਰ ਵੱਲੋਂ ਯਮਲਾ ਘਰਾਣੇ ਦੇ ਹੀਰੇ ਵਿਜੇ ਯਮਲਾ ਦਾ ਕੈਂਠੇ ਨਾਲ ਸਨਮਾਨ

0
186

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਪੰਜਾਬੀ ਸੰਗੀਤ ਜਗਤ ਵਿੱਚ ਜਨਾਬ ਆਲਮ ਲੁਹਾਰ ਤੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਘਰਾਣੇ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਜਦੋਂ ਇਹਨਾਂ ਦੋਹਾਂ ਘਰਾਣਿਆਂ ਦੇ ਚਿਰਾਗ ਆਰਿਫ ਲੁਹਾਰ ਤੇ ਵਿਜੇ ਯਮਲਾ ਇੱਕ ਦੂਜੇ ਨੂੰ ਗਲਵੱਕੜੀ ਪਾਉਂਦੇ ਹੋਣ ਤਾਂ ਇਉਂ ਮਹਿਸੂਸ ਕਰ ਸਕਦੇ ਹਾਂ ਜਿਵੇਂ ਚੜ੍ਹਦੇ ਤੇ ਲਹਿੰਦੇ ਪੰਜਾਬ ਨੇ ਇੱਕ ਦੂਜੇ ਨੂੰ ਕਲਾਵੇ ‘ਚ ਲੈ ਲਿਆ ਹੋਵੇ। ਬਰਤਾਨੀਆ ਫੇਰੀ ‘ਤੇ ਆਏ ਵਿਜੇ ਯਮਲਾ ਵੱਲੋਂ ਆਰਿਫ ਲੁਹਾਰ ਜੀ ਨਾਲ ਵਿਸ਼ੇਸ਼ ਮਿਲਣੀ ਕੀਤੀ, ਜਿਸ ਦੌਰਾਨ ਵਿਜੇ ਯਮਲਾ ਨੇ ਆਪਣੇ ਭਰਾ ਰਵੀ ਯਮਲਾ ਵੱਲੋਂ ਬਹੁਤ ਹੀ ਰੀਝਾਂ ਨਾਲ ਤਿਆਰ ਕੀਤੀ ਤੂੰਬੀ ਆਰਿਫ ਲੁਹਾਰ ਜੀ ਦੇ ਬੇਟੇ ਨੂੰ ਭੇਂਟ ਕੀਤੀ। ਨਾਲ ਹੀ ਵਿਜੇ ਵੱਲੋਂ ਦੂਸਰੇ ਬੇਟੇ ਨੂੰ ਬੁਘਦੂ ਸਾਜ਼ ਵੀ ਪਿਆਰ ਸਹਿਤ ਭੇਂਟ ਕੀਤਾ। ਦੋਵੇਂ ਘਰਾਣਿਆਂ ਦੇ ਕਲਾਕਾਰ ਫਰਜੰਦਾਂ ਵੱਲੋਂ ਕਲਾਕਾਰੀ ਦੀ ਅਜਿਹੀ ਸਾਂਝ ਪਾਈ ਕਿ ਕੰਧਾਂ ਵੀ ਝੂਮ ਉੱਠੀਆਂ। ਵਿਜੇ ਯਮਲਾ ਵੱਲੋਂ ਵਜਾਈ ਤੂੰਬੀ ਦੀ ਟੁਣਕਾਰ ‘ਤੇ ਆਰਿਫ ਲੁਹਾਰ ਜੀ ਵੱਲੋਂ ਗੀਤਾਂ ਦੀ ਛਹਿਬਰ ਲਗਾ ਦਿੱਤੀ। ਇਸ ਸਮੇਂ ਲੁਹਾਰ ਪਰਿਵਾਰ ਵੱਲੋਂ ਵਿਜੇ ਯਮਲਾ ਨੂੰ ਪਾਕਿਸਤਾਨ ਤੋਂ ਖਾਸ ਤੌਰ ‘ਤੇ ਬਣਵਾ ਕੇ ਲਿਆਂਦੇ ਕੈਂਠੇ ਨਾਲ ਸਨਮਾਨਿਤ ਕੀਤਾ। ਇਸ ਸਮੇਂ ਬੋਲਦਿਆਂ ਆਰਿਫ ਲੁਹਾਰ ਨੇ ਕਿਹਾ ਕਿ ਵਿਜੇ ਯਮਲਾ ਮੇਰਾ ਨਿੱਕਾ ਵੀਰ ਹੀ ਨਹੀਂ, ਸਗੋਂ ਮੇਰੇ ਪੁੱਤਰਾਂ ਵਰਗਾ ਹੈ। ਯਮਲਾ ਜੱਟ ਜੀ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਲਈ ਉਸਦੀ ਮਿਹਨਤ ਤੇ ਲਗਨ ਅੱਗੇ ਸਿਰ ਝੁਕਦਾ ਹੈ। ਉਹਨਾਂ ਕਿਹਾ ਕਿ ਆਪਣੇ ਪਿਤਾ ਦੇ ਦੋਸਤ ਦੇ ਪੋਤਰੇ ਹੱਥੋਂ ਯਮਲਾ ਜੱਟ ਸਾਹਿਬ ਦੀ ਈਜਾਦ ਕੀਤੀ ਤੂੰਬੀ ਲੈ ਕੇ ਆਪਣੇ ਆਪ ਨੂੰ ਧੰਨ ਸਮਝਦਾ ਹਾਂ।

LEAVE A REPLY

Please enter your comment!
Please enter your name here