ਸਖੀ ਵਨ ਸਟਾਪ ਸੈਂਟਰ ਰਾਹੀਂ ਜ਼ਿਲਾ ਸੰਗਰੂਰ ਵਿੱਚ ਹੁਣ ਤੱਕ 800 ਤੋਂ ਵੀ ਵੱਧ ਲੋੜਵੰਦ ਔਰਤਾਂ ਨੇ ਲਾਭ ਉਠਾਇਆ
100 ਰੋਜ਼ਾ ਵਿਸ਼ੇਸ਼ ਜਾਗਰੂਕਤਾ ਮੁਹਿੰਮ ਜਾਰੀ, ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ
ਦਲਜੀਤ ਕੌਰ
ਸੰਗਰੂਰ, 8 ਜੁਲਾਈ, 2024: ਇਸਤਰੀਆਂ ਦੀ ਸੁਰੱਖਿਆ ਅਤੇ ਉਹਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਸਬੰਧੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਨਿਗਰਾਨੀ ਵਿੱਚ ਮਿਸ਼ਨ ਸੰਕਲਪ ਅਧੀਨ ਲੋਕਾਂ ਨੂੰ ਸਖੀ-ਵਨ ਸਟਾਪ ਸੈਂਟਰ ਅਤੇ ਜ਼ਿਲ੍ਹਾ ਹੱਬ (ਡੀ ਐਚ ਈ ਡਬਲਿਊ) ਰਾਹੀ ਔਰਤਾਂ ਦੇ ਵੱਖ-ਵੱਖ ਅਧਿਕਾਰਾਂ ਤੇ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਪ੍ਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਔਰਤਾਂ ਨੂੰ ਬੇਟੀ ਬਚਾਓ ਬੇਟੀ ਪੜਾਓ, ਸਖੀ-ਵਨ ਸਟਾਪ ਸੈਂਟਰ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਮੁਫ਼ਤ ਕਾਨੂੰਨੀ ਸਹਾਇਤਾ, ਮਹਿਲਾ ਹੈਲਪਲਾਈਨ ਨੰਬਰ 181 ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਸੰਗਰੂਰ ਵਿੱਚ ਚੱਲ ਰਹੇ ਸਖੀ ਵਨ ਸਟਾਪ ਸੈਂਟਰ, ਮਹਿਲਾ ਹੈਲਪਲਾਈਨ ਨੰਬਰ ਰਾਹੀਂ ਪੀੜਿਤ ਲੋਕਾਂ ਨੂੰ ਕਾਫੀ ਮਦਦ ਮਿਲ ਰਹੀ ਹੈ ਜਿਸ ਵਿੱਚ ਘਰੇਲੂ ਹਿੰਸਾ, ਤੇਜਾਬੀ ਹਮਲਾ, ਛੇੜਛਾੜ ਦੇ ਅਪਰਾਧ, ਸਾਈਬਰ ਕ੍ਰਾਈਮ ਜਾਂ ਕਿਸੇ ਵੀ ਤਰ੍ਹਾਂ ਦੇ ਹੋ ਰਹੇ ਅੱਤਿਆਚਾਰ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਮਨੋਵਿਗਿਆਨਿਕ ਕੌਂਸਲਿੰਗ, ਪੁਲਿਸ ਸਹਾਇਤਾ, ਮੁਫਤ ਕਾਨੂੰਨੀ ਸਹਾਇਤਾ, ਮੈਡੀਕਲ ਸਹਾਇਤਾ ਅਤੇ ਲੋੜਵੰਦਾਂ ਨੂੰ ਅਸਥਾਈ ਰਿਹਾਇਸ਼ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਖੀ-ਵਨ ਸਟਾਪ ਸੈਂਟਰ ਸੰਗਰੂਰ ਹੁਣ ਤੱਕ 800 ਦੇ ਕਰੀਬ ਹਿੰਸਾ ਨਾਲ ਪੀੜਤ ਔਰਤਾਂ ਨੂੰ ਵੱਖ ਵੱਖ ਸਹਾਇਤਾ ਪ੍ਰਦਾਨ ਕਰ ਚੁੱਕਾ ਹੈ ਅਤੇ ਅਜਿਹੀਆਂ ਸਹੂਲਤਾਂ ਮਿਸ਼ਨ ਸੰਕਲਪ ਅਧੀਨ ਇਹ 100 ਦਿਨਾਂ ਦੀ ਜਾਗਰੂਕਤਾ ਗਤੀਵਿਧੀਆਂ ਦੇਸ਼ ਭਰ ਵਿੱਚ ਜਾਰੀ ਹਨ । ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਔਰਤਾਂ ਦੇ ਪੱਖ ਵਿੱਚ ਆਏ ਨਵੇਂ ਕਾਨੂੰਨਾਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਵਿਭਾਗ ਦੀਆਂ ਸਕੀਮਾਂ ਦੇ ਪਰਚੇ ਦਿੱਤੇ ਜਾ ਰਹੇ ਹਨ ਤਾਂ ਕਿ ਲੋੜਵੰਦ ਔਰਤਾਂ ਲਾਭ ਉਠਾ ਸਕਣ।