ਸ਼ਹੀਦ ਭਗਤ ਸਿੰਘ ਦੇ ਜਨਮਦਿਹਾੜੇ ‘ਤੇ ਕੀਤਾ ਸਿਜਦਾ ਵਿਦਿਆਰਥੀਆਂ ਨੂੰ ਅਗਾਂਹਵਧੂ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ
ਸ਼ਹੀਦ ਭਗਤ ਸਿੰਘ ਦੇ ਜਨਮਦਿਹਾੜੇ ‘ਤੇ ਕੀਤਾ ਸਿਜਦਾ
ਵਿਦਿਆਰਥੀਆਂ ਨੂੰ ਅਗਾਂਹਵਧੂ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ
ਦਲਜੀਤ ਕੌਰ
ਲਹਿਰਾਗਾਗਾ, 29 ਸਤੰਬਰ, 2024: ਇੱਕ ਔਸਤ ਮਨੁੱਖੀ ਉਮਰ ਦੇ ਤਕਾਜੇ ਵਜੋਂ ਸ਼ਹੀਦ ਭਗਤ ਸਿੰਘ ਦਾ ਇਨਕਲਾਬੀ ਜੀਵਨ ਗਿਣਤੀ ਦੇ ਕੁੱਝ ਕੁ ਵਰ੍ਹੇ ਹੀ ਬਣਦਾ ਹੈ। ਆਪਣੇ ਇਨਕਲਾਬੀ ਜੀਵਨ ਦੇ ਕੁਝ ਕੁ ਵਰ੍ਹਿਆਂ ’ਚੋਂ ਭਗਤ ਸਿੰਘ ਨੇ ਲਗਭਗ ਦੋ ਸਾਲ ਜੇਲ੍ਹ ‘ਚ ਬਿਤਾਏ। 1927 ‘ਚ ਹੋਈ ਪਹਿਲੀ ਗ੍ਰਿਰਫਤਾਰੀ ਸਮੇਂ ਉਹ 20 ਕੇਵਲ ਵਰ੍ਹਿਆਂ ਦੇ ਸਨ। ਜੇਲ੍ਹਵਾਸ ਤੋਂ ਪਹਿਲਾਂ ਉਹ ਕੁਝ ਰੁਮਾਂਚਿਕ ਇਨਕਲਾਬੀ ਕਾਰਵਾਈਆਂ ‘ਚ ਸ਼ਾਮਲ ਰਹੇ। ਜੇਲ੍ਹਵਾਸ ਦੌਰਾਨ ਕੀਤੇ ਡੂੰਘੇ ਚਿੰਤਨ-ਮਨਨ ਕਾਰਨ ਉਹ ਲਹਿਰ ਦੇ ਬਾਕੀ ਇਨਕਲਾਬੀ ਨੌਜਵਾਨਾਂ ‘ਚੋਂ ਸਿਰਕੱਢ ਵਿਚਾਰਵਾਨ ਬਣ ਗਏ। ਗੁਪਤਵਾਸ, ਗਿਰਫਤਾਰੀਆਂ ਤੇ ਜੇਲ੍ਹ ਜੀਵਨ ਦੀਆਂ ਮੁਸ਼ਕਲਾਂ ਅਤੇ ਪੜ੍ਹਨ-ਲਿਖਣ ਦੇ ਸੀਮਿਤ ਵਸੀਲਿਆਂ ਦੇ ਬਾਵਜੂਦ ਭਗਤ ਸਿੰਘ ਆਪਣੀ ਤਿੱਖੀ ਸੂਝ-ਬੂਝ ਕਾਰਨ ਕੌਮੀ ਤੇ ਕੌਮਾਂਤਰੀ ਲਹਿਰਾਂ ਦੇ ਅਹਿਮ ਵਰਤਾਰਿਆਂ ਨੂੰ ਸਮਝਣ ਅਤੇ ਸਹੀ ਨਿਰਣੇ ‘ਤੇ ਪਹੁੰਚਣ ਦੀ ਮਿਸਾਲੀ ਸਮਰੱਥਾ ਤੇ ਮੁਹਾਰਤਾ ਰੱਖਦੇ ਸਨ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਬਾ ਇੰਟਰਨੈਸ਼ਨਲ ਸਕੂਲ, ਲਹਿਰਾਗਾਗਾ ਵਿਖੇ ਸਵੇਰ ਦੀ ਸਭਾ ਦੌਰਾਨ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਉਪਰੰਤ ਸਕੂਲ ਵਿੱਚ ਸਥਾਪਿਤ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਟੀਸੀਆਈ ਇੰਡੀਆ ਦੇ ਪ੍ਰੋਫੈਸਰ ਪੀ ਐਨ ਹਾਫ਼ਿਜ਼ ਅਤੇ ਹੋਰਨਾਂ ਵੱਲੋਂ ਹਾਰ ਪਹਿਨਾ ਕੇ ਸਿਜਦਾ ਕੀਤਾ ਗਿਆ। ਇਸ ਮੌਕੇ ਮੈਡਮ ਅਮਨ ਢੀਂਡਸਾ, ਕੋਆਰਡੀਨੇਟਰ ਨਰੇਸ਼ ਚੌਧਰੀ, ਰਣਦੀਪ ਸੰਗਤਪੁਰਾ ਸਮੇਤ ਹੋਰ ਅਧਿਆਪਕ ਹਾਜ਼ਰ ਸਨ।
ਕੈਪਸ਼ਨ : ਸੀਬਾ ਸਕੂਲ, ਲਹਿਰਾਗਾਗਾ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਹਾਰ ਪਹਿਨਾਕੇ ਸਿਜਦਾ ਕਰਦੇ ਹੋਏ ਟੀਸੀਆਈ ਇੰਡੀਆ ਦੇ ਪ੍ਰੋਫੈਸਰ ਪੀ ਐਨ ਹਾਫਿਜ਼, ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਹੋਰ।