ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਯੂਕੇ ਵੱਲੋਂ ਸਲਾਨਾ ਸਾਹਿਤਕ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ

0
288

ਦੀਦਾਰ ਸਿੰਘ ਪ੍ਰਦੇਸੀ, ਚੰਨੀ ਸਿੰਘ ਓ ਬੀ ਈ, ਸ਼ਿਵਚਰਨ ਜੱਗੀ ਕੁੱਸਾ ਤੇ ਅਮਰ ਜਯੋਤੀ ਸਨਮਾਨਿਤ

ਯੂਕੇ ਦੇ ਸਭ ਤੋਂ ਛੋਟੀ ਉਮਰ ਦੇ ਬਾਲ ਗਾਇਕ ਹਿੰਮਤ ਖੁਰਮੀ ਦਾ ਵਿਸ਼ੇਸ਼ ਸਨਮਾਨ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਾਊਥਾਲ ਵਿਖੇ ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਯੂਕੇ ਵੱਲੋਂ ਸਲਾਨਾ ਸਾਹਿਤਕ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਹਰ ਸਾਲ ਪੰਜਾਬੀ ਦੇ ਉੱਘੇ ਕਵੀ, ਨਾਵਲਕਾਰ ਅਤੇ ਕਹਾਣੀਕਾਰ ਬਾਪੂ ਸ਼ਿਵਚਰਨ ਸਿੰਘ ਗਿੱਲ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਸਮਾਗਮ ਨੂੰ ਕਰਵਾਉਣ ਦਾ ਸਿਹਰਾ ਉਨ੍ਹਾਂ ਦੀ ਬੇਟੀ ਸ਼ਿਵਦੀਪ ਕੌਰ ਢੇਸੀ ਅਤੇ ਉਨ੍ਹਾਂ ਦੇ ਮਾਤਾ ਸ੍ਰੀਮਤੀ ਧਨਿੰਦਰ ਕੌਰ ਜੀ ਨੂੰ ਜਾਂਦਾ ਹੈ ਜੋ ਪਰਿਵਾਰ ਦੀ ਸਹਾਇਤਾ ਨਾਲ ਇਹ ਉੱਦਮ ਕਰਦੇ ਹਨ। ਇਸ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਿਵਦੀਪ ਕੌਰ ਢੇਸੀ ਵੱਲੋਂ ਦੂਰ ਦੁਰਾਡੇ ਤੋਂ ਪਹੁੰਚੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਹਿਣ ਨਾਲ ਹੋਈ। ਚਾਹ ਪਾਣੀ ਦੀ ਸੇਵਾ ਉਪਰੰਤ ਪਹਿਲੇ ਭਾਗ ਵਿੱਚ ਆਪਣੇ ਆਪਣੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਵਿੱਚੋਂ ਕੁਝ ਸਖ਼ਸ਼ੀਅਤਾਂ ਨੂੰ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਪਹਿਲੇ ਭਾਗ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਅਮਰਜੋਯਤੀ, ਅਮਨਦੀਪ ਸਿੰਘ (ਗਲਾਸਗੋ), ਜਸਵਿੰਦਰ ਰੱਤੀਆਂ, ਮਹਿੰਦਰਪਾਲ ਧਾਲੀਵਾਲ ਅਤੇ ਸ਼ਿਵਦੀਪ ਕੌਰ ਢੇਸੀ ਬੈਠੇ। ਇਸ ਸਮਾਗਮ ਵਿੱਚ ਸਕਾਟਲੈਂਡ ਤੋਂ ਪ੍ਰਸਾਰਿਤ ਹੁੰਦੇ ਯੂਕੇ ਦੇ ਹੁਣ ਤੱਕ ਦੇ ਪਹਿਲੇ ਪੰਜਾਬੀ ਈਪੇਪਰ ‘ਪੰਜ ਦਰਿਆ’ ਦੇ ਸੰਪਾਦਕ ਮਨਦੀਪ ਖ਼ੁਰਮੀ ਹਿੰਮਤਪੁਰਾ ਦੇ ਸਪੁੱਤਰ ਹਿੰਮਤ ਖ਼ੁਰਮੀ ਨੂੰ ਛੋਟੀ ਉਮਰ ਵਿੱਚ ਪੰਜਾਬੀ ਮਾਂ ਬੋਲੀ ਲਈ ਗਾਏ ਗੀਤ ਕਰਕੇ ਸਨਮਾਨ ਦੇਣ ਲਈ ਸੱਦਾ ਦਿੱਤਾ ਗਿਆ ਅਤੇ ਹਿੰਮਤ ਖੁਰਮੀ ਬਾਰੇ ਆਪਣੇ ਦਿਲ ਦੇ ਵਲਵਲੇ ਸ਼ਿਵਚਰਨ ਜੱਗੀ ਕੁੱਸਾ ਨੇ ਪ੍ਰਗਟ ਕਰਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਤੇ ਨੀਲਮ ਖੁਰਮੀ ਨੂੰ ਸ਼ਾਬਾਸ਼ ਦਿੱਤੀ ਜਿਹਨਾਂ ਨੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਲੜ ਲਾਈ ਰੱਖਣ ਲਈ ਹਰ ਸਾਹ ਅਰਪਣ ਕੀਤਾ ਹੋਇਆ ਹੈ। ਨਾਵਲਕਾਰੀ ਦੇ ਖੇਤਰ ਵਿੱਚ ਬੁਲੰਦੀਆਂ ਹਾਸਲ ਕਰਨ ਵਾਲੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਸਨਮਾਨ ਲਈ ਬੁਲਾਵਾ ਦੇਣ ਉਪਰੰਤ ਮਨਦੀਪ ਖੁਰਮੀ ਹਿੰਮਤਪੁਰਾ ਨੇ ਆਪਣੀ ਜ਼ਿੰਦਗੀ ਵਿੱਚ ਸ਼ਿਵਚਰਨ ਸਿੰਘ ਗਿੱਲ ਅਤੇ ਸ਼ਿਵਚਰਨ ਜੱਗੀ ਕੁੱਸਾ ਦੀਆਂ ਸਿੱਖਿਆਵਾਂ ਨੂੰ ਬਾਖੂਬੀ ਚਿਤਰਣ ਕੀਤਾ। ਪੰਜਾਬੀ ਗਾਇਕੀ ਦੇ ਬਾਬਾ ਬੋਹੜ ਦੀਦਾਰ ਸਿੰਘ ਪ੍ਰਦੇਸੀ ਜੀ ਅਤੇ ਗਾਡਫਾਦਰ ਆਫ ਭੰਗੜਾ ਵਜੋਂ ਜਾਣੇ ਜਾਂਦੇ ਚੰਨੀ ਸਿੰਘ ਓ ਬੀ ਈ ਨੂੰ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤ ਗਿਆ। ਚੰਨੀ ਸਿੰਘ ਜੀ ਬਾਰੇ ਪ੍ਰਸਿੱਧ ਪੇਸ਼ਕਾਰਾ ਰੂਪ ਦਵਿੰਦਰ ਨਾਹਿਲ ਵੱਲੋਂ ਬਹੁਤ ਹੀ ਸ਼ਾਨਦਾਰ ਲਫਜ਼ਾਂ ਵਿੱਚ ਉਹਨਾਂ ਦੀ ਸਖਸ਼ੀਅਤ ਨੂੰ ਹਾਜ਼ਰੀਨ ਸਾਹਮਣੇ ਪੇਸ਼ ਕੀਤਾ। ਸਾਹਿਤਕ ਖੇਤਰ ਵਿੱਚ ਅਮਿਟ ਪੈੜਾਂ ਪਾਉਣ ਵਾਲੀ ਸ਼ਾਇਰਾ ਡਾ: ਅਮਰ ਜਯੋਤੀ ਜੀ ਨੂੰ ਸਨਮਾਨ ਲਈ ਸੱਦਾ ਦੇਣ ਉਪਰੰਤ ਉੱਘੀ ਕਹਾਣੀਕਾਰਾ ਤੇ ਪੇਸ਼ਕਾਰਾ ਭਿੰਦਰ ਜਲਾਲਾਬਾਦੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਅਮਰ ਜਯੋਤੀ ਦੇ ਸਾਹਿਤਕ ਸਫ਼ਰ ਨੂੰ ਹਾਜ਼ਰੀਨ ਦੇ ਰੂਬਰੂ ਕੀਤਾ।
ਦੂਸਰੇ ਭਾਗ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਸੁਨੀਲ ਸਜਲ, ਰੂਪ ਦਵਿੰਦਰ ਨਾਹਿਲ, ਤਲਵਿੰਦਰ ਢਿੱਲੋਂ, ਪੰਜਾਬੀ ਲੋਕ ਗਾਇਕਾ ਮਹਿੰਦਰ ਕੌਰ ਭੰਵਰਾ ਅਤੇ ਮਨਜੀਤ ਕੌਰ ਪੱਡਾ ਸ਼ਾਮਿਲ ਸਨ। ਕਵੀ ਦਰਬਾਰ ਵਿੱਚ ਭਾਗ ਲੈਣ ਵਾਲਿਆਂ ਵਿੱਚ ਅਮਨਦੀਪ ਸਿੰਘ (ਗਲਾਸਗੋ), ਕਿੱਟੀ ਬੱਲ, ਗੁਰਮੇਲ ਕੌਰ ਸੰਘਾ, ਰੂਪ ਦਵਿੰਦਰ ਨਾਹਿਲ, ਮਨਜੀਤ ਪੱਡਾ, ਭਿੰਦਰ ਜਲਾਲਾਬਾਦੀ, ਡਾ. ਅਮਰ ਜੋਯਤੀ, ਦੀਦਾਰ ਸਿੰਘ ਪ੍ਰਦੇਸੀ, ਰਾਜਿੰਦਰ ਕੌਰ, ਨਛੱਤਰ ਭੋਗਲ, ਨਰਿੰਦਰਪਾਲ ਕੌਰ, ਮਨਪ੍ਰੀਤ ਸਿੰਘ ਬੱਧਨੀਕਲਾਂ, ਮਹਿੰਦਰ ਕੌਰ ਮਿੱਢਾ, ਸ਼ਗੁਫਤਾ ਗਿੰਮੀ ਲੋਧੀ, ਬੀਰ ਵਰਿੰਦਰ ਬੁੱਟਰ, ਗੁਰਜੋਤ ਕੌਰ ਅਤੇ ਮਹਿੰਦਰ ਕੌਰ ਭੰਵਰਾ ਸ਼ਾਮਿਲ ਹੋਏ।
ਉੱਘੇ ਕਲਾਕਾਰ, ਲੇਖਕ ਅਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲਿਆਂ ਸਮੇਤ ਕੁਝ ਧਾਰਮਿਕ, ਰਾਜਨੀਤਕ ਅਤੇ ਲੋਕ ਭਲਾਈ ਦੇ ਕੰਮ ਕਰਨ ਵਾਲੀਆਂ ਉੱਘੀਆਂ ਸਖ਼ਸ਼ੀਅਤਾਂ ਨੇ ਵੀ ਸ਼ਾਮੂਲੀਅਤ ਕੀਤੀ। ਜਿਨ੍ਹਾਂ ਵਿੱਚ ਸਾਊਥਾਲ ਤੋਂ ਐਮ ਪੀ ਵੀਰੇਂਦਰ ਸ਼ਰਮਾ ਅਤੇ ਉਨ੍ਹਾਂ ਦੀ ਧਰਮ ਪਤਨੀ, ਈਲਿੰਗ ਕੌਸਲ ਤੋਂ ਮੇਅਰ ਸ੍ਰੀਮਤੀ ਮਹਿੰਦਰ ਕੌਰ ਮਿੱਢਾ, ਐਮ ਪੀ ਫੈਲਥਮ ਹੈਸਟਨ ਸੀਮਾ ਮਲਹੋਤਰਾ, ਰਘਵਿੰਦਰ ਸਿੰਘ ਸਿੱਧੂ (ਮੇਅਰ ਹੰਸਲੋ ਕੌਸਲ) ਅਤੇ ਓਂਕਾਰ ਸਹੋਤਾ (ਮੈਂਬਰ ਲੰਡਨ ਅਸੈਂਬਲੀ) ਖ਼ਾਸ ਤੌਰ ‘ਤੇ ਪਹੁੰਚੇ। ਸਮਾਗਮ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚ ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਭੰਗੜਾ ਕਿੰਗ ਪੰਜਾਬੀ ਗਾਇਕ ਪ੍ਰੇਮੀ ਜੌਹਲ, ਗਾਇਕ ਰਾਜ ਸੇਖੋਂ, ਸੁਰਿੰਦਰ ਕੌਰ-ਚੇਅਰ ਪਰਸਨ ਵੋਇਸ ਆਫ਼ ਵਿਮੈਨ, ਯਸ਼ ਸਾਥੀ ਜੀ, ਅਸ਼ਵਿੰਦਰ ਸਿੰਘ ਦਿਓਲ ਅਤੇ ਪਰਿਵਾਰ, ਰਘਬੀਰ ਸਿੰਘ, ਭਜਨ ਧਾਲੀਵਾਲ, ਮਨਜੀਤ ਸਿੰਘ ਸ਼ਾਲਾਪੁਰੀ (ਆਪ ਆਗੂ ਯੂਕੇ) ਸਮੇਤ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ।
ਚਾਹ ਪਾਣੀ ਦੀ ਸੇਵਾ ਵਿੱਚ ਹੱਥ ਵਟਾਉਣ ਵਾਲਿਆਂ ਵਿੱਚ ਅਮਰਜੀਤ ਰੰਧਾਵਾ, ਕੁਲਵਿੰਦਰ ਕੌਰ ਬੱਚੂ, ਲਖਵਿੰਦਰ ਕੌਰ ਸਰਾਏ, ਨਰਿੰਦਰ ਕੌਰ ਖ਼ੋਸਾ, ਜਸਵੀਰ ਸਿੱਧੂ, ਪੰਮੀ ਚੀਮਾ, ਸੁਰਿੰਦਰ ਕੌਰ ਤੂਰ ਕੈਂਥ, ਸਤਨਾਮ ਕੌਰ ਢੀਂਡਸਾ, ਮਨਪ੍ਰੀਤ ਕੌਰ ਦਿਓਲ, ਦਲਜਿੰਦਰ ਬੁੱਟਰ, ਗੁਰਪ੍ਹਤਾਪ ਸਿੰਘ, ਭਿੰਦਰ ਆਦਿ ਨਾਂ ਖ਼ਾਸ ਹਨ। ਪਰਿਵਾਰਕ ਮੈਂਬਰਾਂ ਵਿੱਚ ਮਾਤਾ ਧਨਿੰਦਰ ਕੌਰ ਗਿੱਲ, ਸ਼ਿਵਜੋਤ ਸਿੰਘ ਗਿੱਲ, ਕਰਿਸਟਲ ਕੌਰ ਗਿੱਲ, ਜਪਿੰਦਰ ਕੌਰ ਢੇਸੀ ਅਤੇ ਪਰਮਜੀਤ ਕੌਰ ਢੇਸੀ ਵੀ ਹਾਜ਼ਰ ਸਨ। ਮੰਚ ਸੰਚਾਲਨ ਦਾ ਕਾਰਜ ਉੱਘੇ ਸ਼ਾਇਰ ਅਜ਼ੀਮ ਸ਼ੇਖਰ ਦੁਆਰਾ ਬਾਖ਼ੂਬੀ ਨਿਭਾਇਆ ਗਿਆ।

LEAVE A REPLY

Please enter your comment!
Please enter your name here