ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਸਪਤਾਲ ਢਾਹਾਂ ਕਲੇਰਾਂ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ
ਬੰਗਾ 19 ਸਤੰਬਰ ()
ਪਿਛਲੇ ਚਾਲੀ ਸਾਲ ਤੋਂ ਪੇਂਡੂ ਖਿੱਤੇ ’ਚ ਰਿਆਇਤੀ ਦਰਾਂ ’ਤੇ ਆਧੁਨਿਕ ਸਿਹਤ ਸਹੂਲਤਾਂ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿੰਤਸਰ ਸਾਹਿਬ ਵੱਲੋਂ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਪਿਛਲੇ ਦਿਨੀ ਹਸਪਤਾਲ ਦੀ ਨਵੀਂ ਲਿਫਟ ਦਾ ਉਦਘਾਟਨ ਕਰਨ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਅਤੇ ਉਹਨਾਂ ਵੱਲੋਂ ਇਸ ਐਲਾਨੀ ਰਾਸ਼ੀ ਦਾ ਚੈੱਕ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਭੇਟ ਕੀਤਾ । ਇਸ ਮੌਕੇ ਜਥੇਦਾਰ ਖਾਲਸਾ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਦਰਸਾਏ ਮਿਸ਼ਨ ਤੇ ਚੱਲਦੇ ਹੋਏ ਆਮ ਲੋਕਾਈ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਕਾਰਜ ਬਹੁਤ ਸ਼ਾਲਾਘਾਯੋਗ ਹੈ । ਇਸ ਲਈ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਹੋਣ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਦੀ ਸੇਵਾ ਸੰਭਾਲ ਕਰਨ ਵਾਲੀਆਂ ਸੰਸਥਾਵਾਂ ਦਾ ਸਤਿਕਾਰ ਕੀਤਾ ਜਾਂਦਾ ਹੈ । ਜਿਸ ਦੇ ਤਹਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ।
ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਮੀਤ ਪ੍ਰਧਾਨ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਦਾ ਵਿਸ਼ੇਸ਼ ਧੰਨਵਾਦ ਕੀਤਾ । ਉਹਨਾਂ ਦੱਸਿਆ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸੇਵਾ ਮਿਸ਼ਨ ‘ਤੇ ਚੱਲਦੇ ਹੋਏ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਂਦੀ ਹੈ । ਇਹਨਾਂ ਸੇਵਾ ਕਾਰਜਾਂ ਵਿਚ ਹਰ ਮਹੀਨੇ 3 ਲੱਖ ਰੁਪਏ ਤੋਂ ਵੱਧ ਰਾਸ਼ੀ ਦੇ ਬਿੱਲ ਮਾਫ ਕੀਤੇ ਜਾਂਦੇ ਹਨ ਅਤੇ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਲਈ ਚੱਲ ਰਹੀ ਫਰੀ ਬੈੱਡ ਸੇਵਾ ਨਾਲ ਮਦਦ ਕੀਤੀ ਜਾਂਦੀ ਹੈ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਜਥੇਦਾਰ ਨਵਦੀਪ ਸਿੰਘ ਅਨੋਖਰਵਾਲ, ਜਥੇਦਾਰ ਹਰਦੀਪ ਸਿੰਘ ਕੋਟ ਰਾਝਾਂ, ਸ. ਧਰਮਿੰਦਰ ਸਿੰਘ ਮੰਢਾਲੀ, ਸ. ਪ੍ਰਭਜੀਤ ਸਿੰਘ ਕਾਹਲੋਂ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਸ. ਕਿਪ੍ਰਾਲ ਸਿੰਘ ਗੁਰਦੁਆਰਾ ਇੰਸਪੈਕਟਰ ਐਸ. ਜੀ. ਪੀ. ਸੀ., ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਢਾਹਾਂ ਕਲੇਰਾਂ ਵੀ ਹਾਜ਼ਰ ਸਨ ।