ਸਾਬਕਾ ਵਿਧਾਇਕ ਸਿੱਕੀ ਵੱਲੋਂ ਦਰਿਆ ਦੇ ਟੁੱਟੇ ਪੁਲ ਦੀ ਮੁਰੰਮਤ ਲਈ ਪਿੰਡ ਵਾਸੀਆਂ ਨੂੰ ਆਪਣੇ ਵਲੋਂ 50 ਹਜ਼ਾਰ ਦੀ ਨਕਦ ਰਾਸ਼ੀ ਭੇਂਟ
‘ਆਪ’ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ -ਰਮਨਜੀਤ ਸਿੱਕੀ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਮੰਡ ਖੇਤਰ ਵਿੱਚ ਪਿੰਡ ਘੜਕਾ ਨੇੜੇ ਦਰਿਆ ਬਿਆਸ ‘ਤੇ ਬਣੇ ਆਰਜੀ ਪੁਲ ਜੋ ਕਿ ਪਾਣੀ ਦੀ ਮਾਰ ਕਰਕੇ ਟੁੱਟ ਗਿਆ ਸੀ ਦੀ ਮੁਰੰਮਤ ਲਈ ਆਪਣੇ ਨਿੱਜੀ ਖਾਤੇ ਵਿਚੋਂ 50 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਪਿੰਡ ਵਾਸੀਆਂ ਨੂੰ ਦਿੱਤੀ ਗਈ ਹੈ।ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਰਾਣਾ ਪਵਾਰ ਨੇ ਦੱਸਿਆ ਕਿ ਪਿੰਡ ਘੜਕਾ ਨੇੜੇ ਦਰਿਆ ਬਿਆਸ ਦੇ ਪਾਰ ਫਸਲਾਂ ਬੀਜਣ ਲਈ ਕਾਂਗਰਸ ਦੇ ਰਾਜ ਵਿੱਚ ਆਰਜੀ ਪੁੱਲ ਬਣਾਇਆ ਗਿਆ ਸੀ ਜੋ ਕਿ ਪਾਣੀ ਦੇ ਜਿਆਦਾ ਵਹਾਅ ਕਾਰਨ ਟੁੱਟ ਗਿਆ ਸੀ,ਦੀ ਹਲਾਤ ਦੇਖਣ ਪਹੁੰਚੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਨੂੰ ਸਥਾਨਕ ਨਿਵਾਸੀਆਂ ਵਲੋਂ ਦੱਸਿਆ ਗਿਆ ਕਿ ਪ੍ਰਸ਼ਾਸਨ ਵਲੋਂ ਟੁੱਟ ਚੁੱਕੇ ਪੁਲ ਦੀ ਮੁਰੰਮਤ ਜਾਂ ਬੰਨ੍ਹ ਬੰਨਣ ਲਈ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।ਜਦ ਕਿ ਦਰਿਆ ਤੋਂ ਪਾਰ ਝੋਨੇ ਦੀ ਫਸਲ ਦੀ ਬਿਜਾਈ ਲਈ ਸਾਧਨ ਲਿਜਾਣ ਦਾ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ। ਪਵਾਰ ਨੇ ਦੱਸਿਆ ਕਿ ਕਿਸਾਨਾਂ ਦੀ ਮੁਸ਼ਕਿਲ ਨੂੰ ਵੇਖਦਿਆਂ ਸਾਬਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਵੱਲੋਂ ਪੁਲ ਦੀ ਮੁਰੰਮਤ ਦਾ ਕੰਮ ਆਪਣੇ ਤੌਰ ‘ਤੇ ਕਰਨ ਦੀ ਹੱਲਾਸ਼ੇਰੀ ਦਿੰਦਿਆਂ ਪਿੰਡ ਵਾਸੀਆਂ ਨੂੰ ਨਗਦ ਸਹਾਇਤਾ ਰਾਸ਼ੀ ਦਿੱਤੀ ਗਈ ਹੈ।ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਪੁੱਲ਼ ਉਨ੍ਹਾਂ ਵੱਲੋਂ ਕਾਂਗਰਸ ਸਰਕਾਰ ਵੇਲੇ ਪਾਸ ਕਰਾ ਕੇ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਸੀ।ਉਨ੍ਹਾਂ ਕਿਹਾ ਪਿਛਲੇ ਸਾਲ ਵੀ ਪਾਣੀ ਦੀ ਮਾਰ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ,ਜੋ ਹੁਣ ਤੱਕ ਵੀ ਪੂਰਾ ਨਹੀ ਹੋਇਆ ਪਰ ਫਿਰ ਦੁਬਾਰਾ ਪਾਣੀ ਦੀ ਮਾਰ ਨਾਲ ਢਾਏ ਕੰਡੇ ਦੇ ਪਿੰਡਾਂ ਨੂੰ ਖ਼ਤਰਾ ਦਿੱਖ ਰਿਹਾ ਹੈ।ਸ.ਸਿੱਕੀ ਨੇ ਕਿਹਾ ਕਿ ‘ਆਪ’ ਸਰਕਾਰ ਦੀ ਨਲਾਇਕੀ ਹੈ ਕਿ ਪਿਛਲੇ ਸਾਲ ਮੰਡ ਖੇਤਰ ਵਿੱਚ ਪਾਣੀ ਦੀ ਮਾਰ ਨਾਲ ਹੋਏ ਨੁਕਸਾਨ ਦਾ ਬਹੁਤੇ ਕਿਸਾਨਾਂ ਨੂੰ ਅਜੇ ਤੱਕ ਵੀ ਮੁਆਵਜ਼ਾ ਨਹੀ ਮਿਲਿਆ ਤੇ ਅੱਗੇ ਸਰਕਾਰ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਸ.ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਇਸ ਸਰਕਾਰ ਦੇ ਕਰੀਬ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਦੇ ਲੋਕ ਦੁਖੀ ਹੋ ਗਏ ਹਨ ਜਿਸਦਾ ਗੁੱਸਾ ਉਨ੍ਹਾਂ ਵਲੋਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਤੀ ਕਰਾਰੀ ਹਾਰ ਨਾਲ ਕੱਢਿਆ ਗਿਆ ਹੈ। ਸ.ਸਿੱਕੀ ਨੇ ਕਿਹਾ ਮੌਜੂਦਾ ਸਰਕਾਰ ਹਰ ਫਰੰਟ ਤੇ ਬਿੱਲਕੁੱਲ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਪਾਣੀ ਦੀ ਮਾਰ ਤੋਂ ਬਚਾਉਣ ਲਈ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਸਨ ਜੋ ਸਰਕਾਰ ਵੱਲੋਂ ਸਮੇਂ ਸਿਰ ਨਹੀ ਕੀਤੇ ਗਏ ਜਦ ਕਿ ਕੁਝ ਦਿਨਾਂ ਤੱਕ ਬਰਸਾਤ ਸ਼ੁਰੂ ਹੋਣ ਵਾਲੀ ਹੈ।ਸ.ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜਣਗੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਰਣਜੀਤ ਸਿੰਘ ਭੈਲ,ਚੇਅਰਮੈਨ ਬਾਬਾ ਸਾਹਿਬ ਸਿੰਘ ਗੁੱਜਰਪੁਰਾ,ਮਨਦੀਪ ਸਿੰਘ ਸਰਪੰਚ ਘੜਕਾ,ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ,ਨਛੱਤਰ ਸਿੰਘ ਕਾਲਾ ਘੜਕਾ ਡਾਇਰੈਕਟਰ ਅਤੇ ਪਿੰਡ ਘੜਕਾ ਦੀ ਸੰਗਤ ਹਾਜ਼ਰ ਸੀ।