ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਤੜਕਸਾਰ ਡੇਅਰੀਆਂ ਅਤੇ ਦੁਕਾਨਾਂ ’ਤੇ ਛਾਪਾਮਾਰੀ

0
54
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਤੜਕਸਾਰ ਡੇਅਰੀਆਂ ਅਤੇ ਦੁਕਾਨਾਂ ’ਤੇ ਛਾਪਾਮਾਰੀ
ਡੀ.ਸੀ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਧੂਰੀ ਨੇੜਲੇ ਕਈ ਪਿੰਡਾਂ ਵਿੱਚੋਂ ਦੁੱਧ, ਦੇਸੀ ਘਿਓ ਸਮੇਤ ਹੋਰ ਵਸਤਾਂ ਦੇ ਲਏ ਸੈਂਪਲ
ਦਲਜੀਤ ਕੌਰ
ਧੂਰੀ/ਸੰਗਰੂਰ, 12 ਜੂਨ, 2024: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦੁੱਧ ਜਾਂ ਦੁੱਧ ਨਾਲ ਬਣਨ ਵਾਲੀਆਂ ਵਸਤਾਂ ਦੀ ਮਿਲਾਵਟਖੋਰੀ ਨੂੰ ਸੌ ਫੀਸਦੀ ਠੱਲ੍ਹ ਪਾਉਣ ਦੇ ਦਿੱਤੇ ਸਖ਼ਤ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਧੂਰੀ ਦੇ ਪਿੰਡਾਂ ਬੰਗਾਵਾਲੀ, ਧਾਂਦਰਾ, ਘਨੌਰ ਕਲਾਂ, ਬਮਾਲ ਆਦਿ ਵਿਖੇ ਡੇਅਰੀਆਂ  ਅਤੇ ਦੁਕਾਨਾਂ ’ਤੇ ਤੜਕਸਾਰ ਛਾਪਾਮਾਰੀ ਕੀਤੀ ਅਤੇ ਇਸ ਦੌਰਾਨ ਵੱਖ-ਵੱਖ ਥਾਈਂ ਦੁੱਧ, ਸਰੋਂ ਦੇ ਤੇਲ, ਦੇਸੀ ਘਿਓ, ਮਿਰਚ ਪਾਊਡਰ ਤੇ ਚਟਨੀ ਦੇ ਸੈਂਪਲ ਲਏ ਗਏ।
ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਜਿਹੜੇ ਦੁਕਾਨਦਾਰਾਂ ਤੇ ਡੇਅਰੀ ਮਾਲਕਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਅਤੇ ਵਿੱਤੀ ਫਾਇਦਿਆਂ ਲਈ ਮਿਲਾਵਟੀ ਸਮਾਨ ਦੀ ਵਿਕਰੀ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਮਿਲੇ ਆਦੇਸ਼ਾਂ ਤੋਂ ਬਾਅਦ ਸਿਹਤ ਵਿਭਾਗ ਦੀਆਂ ਚੌਕਸੀ ਟੀਮਾਂ ਪੂਰੀ ਤਰ੍ਹਾਂ ਮੁਸਤੈਦ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ ਵੱਖ ਸਬ ਡਵੀਜਨਾਂ ਵਿੱਚ ਸਮੇਂ ਸਮੇਂ ’ਤੇ ਅਚਨਚੇਤ ਛਾਪਾਮਾਰੀ ਕਰਕੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਖਰੜ ਵਿਖੇ ਭੇਜੇ ਗਏ ਹਨ ਅਤੇ ਰਿਪੋਰਟ ਪ੍ਰਾਪਤ ਹੋਣ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਾਂਚ ਟੀਮ ਵਿਚ ਐਫ ਐਸ ਓ ਦਿਵਿਆਜੋਤ ਕੌਰ ਵੀ ਸ਼ਾਮਿਲ ਸਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਇੱਕ ਬੇਹੱਦ ਚਿੰਤਾਜਨਕ ਰੁਝਾਨ ਹੈ ਜਿਸ ਨੂੰ ਰੋਕਣ ਲਈ ਸਖ਼ਤ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ ਮਿਲਾਵਟਖੋਰੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਕਰਦਿਆਂ ਇਸ ਮਾੜੇ ਰੁਝਾਨ ਨੂੰ ਬੰਦ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਕਿਸੇ ਵੀ ਕੀਮਤੀ ਜਾਨ ਨਾਲ ਖਿਲਵਾੜ ਨਾ ਹੋ ਸਕੇ।

LEAVE A REPLY

Please enter your comment!
Please enter your name here