ਮਾਨਸਾ, 24 ਫਰਵਰੀ:
ਸਿਵਲ ਸਰਜਨ, ਡਾ. ਅਰਵਿੰਦਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਿੰਦਰ ਸਿੰਗਲਾ ਦੀ ਅਗਵਾਈ ਵਿਚ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵੱਲੋਂ ਗੈਰ ਸੰਚਾਰੀ ਰੋਗਾਂ ਦੀ 40 ਦਿਨਾਂ ਮੁਹਿੰਮ 20 ਫਰਵਰੀ ਤੋਂ 31 ਮਾਰਚ ਤੱਕ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪਿੰਡਾਂ ਵਿਚ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਉਚ ਜੋਖ਼ਮ ਵਾਲੇ ਵਿਅਕਤੀਆਂ ਦੀ ਪਹਿਚਾਣ ਲਈ ਸਮੂਦਾਇਕ ਅਧਾਰਿਤ ਸਰਵੇਖਣ ਫਾਰਮ ਭਰੇ ਜਾ ਰਹੇ ਹਨ, ਜਿਸ ਰਾਹੀਂ ਗੈਰ ਸੰਚਾਰੀ ਬਿਮਾਰੀਆਂ ਸ਼ੂਗਰ, ਉਚ ਖੂਨ ਦਬਾਅ ਅਤੇ ਕੈਂਸਰ ਦੇ ਜ਼ੋਖਿਮ ਹੋਣ ’ਤੇ ਅਗਾਊਂ ਜਾਂਚ ਕੀਤੀ ਜਾ ਰਹੀ ਹੈ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਬਲਾਕ ਅਧੀਨ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ। ਸਮੂਦਾਇਕ ਸਿਹਤ ਸਿਹਤ ਕੇਂਦਰਾਂ, ਪ੍ਰਾਇਮਰੀ ਸਿਹਤ ਕੇਂਦਰਾਂ ਅਤੇ ਆਮ ਆਦਮੀ ਕਲੀਨਿਕ ਵਿੱਚ ਬਲੱਡ ਪਰੈਸ਼ਰ, ਸ਼ੂਗਰ ਦੀ ਜਾਂਚ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਆਯੂਸ਼ਮਾਨ ਅਰੋਗਿਆ ਕੇਂਦਰਾਂ ਅਤੇ ਦੂਰ ਦੁਰਾਡੇ ਪਿੰਡਾਂ ਵਿੱਚ ਤਾਇਨਾਤ ਕਮਿਊਨਿਟੀ ਸਿਹਤ ਅਫ਼ਸਰ, ਏ ਐਨ ਐਮ ਅਤੇ ਸਿਹਤ ਕਰਮਚਾਰੀਆਂ ਦੀ ਟੀਮ ਵੱਲੋਂ ਗੈਰ ਸੰਚਾਰੀ ਰੋਗਾਂ ਸ਼ੂਗਰ, ਬਲੱਡ ਪਰੈਸ਼ਰ ਜਾਂਚ ਕੈਂਪ ਲਗਾ ਕੇ ਦਵਾਈ ਘਰ ਦੇ ਨੇੜੇ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਮਰੀਜ਼ਾਂ ਦੀ ਸਹੂਲਤ ਲਈ ਟੈਲੀਮੈਡੀਸਨ ਸੇਵਾਵਾਂ ਰਾਹੀਂ ਮਾਹਿਰ ਡਾਕਟਰ ਨਾਲ ਵੀਡੀਓ ਕਾਲ ਦੇ ਜ਼ਰੀਏ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਕਮਿਊਨਿਟੀ ਸਿਹਤ ਅਫ਼ਸਰ ਗੁਰਵੀਰ ਕੌਰ ਨੇ ਦੱਸਿਆ ਕਿ ਆਪਣੀ ਰੋਜਾਨਾ ਜ਼ਿੰਦਗੀ ਵਿਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਨਮਕ ਅਤੇ ਚੀਨੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਸਾਲ ਵਿੱਚ ਦੋ ਵਾਰ ਖੂਨ ਦੀ ਜਾਂਚ ਅਤੇ ਬਲੱਡ ਪ੍ਰੈਸ਼ਰ ਆਦਿ ਸਰਕਾਰੀ ਸਿਹਤ ਕੇਂਦਰਾਂ ਅਤੇ ਹਸਪਤਾਲ ਵਿਚ ਕਰਵਾ ਲੈਣਾ ਚਾਹੀਦਾ ਹੈ।
ਇਸ ਮੌਕੇ ਸਿਹਤ ਕਰਮਚਾਰੀ ਰੁਪਿੰਦਰ ਸਿੰਘ , ਕਿਰਨਪਾਲ ਕੌਰ ਅਤੇ ਆਸ਼ਾ ਹਾਜ਼ਰ ਸਨ।।
Boota Singh Basi
President & Chief Editor