ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਨਵੇਂ ਸਰਕਾਰੀ ਕਾਨੂੰਨ ਬਣਵਾਉਣ ਲਈ ਮੋਢੀ ਵਜੋਂ ਕੰਮ ਕਰੇਗੀ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਦੀ ਵਿਸ਼ੇਸ਼ ਮੀਟਿੰਗ ਸੈਂਟਰਲ ਵੈਲੀ, ਕੈਲੀਫੋਰਨੀਆਂ ਦੇ ਸਭ ਤੋਂ ਪੁਰਾਤਨ ਅਤੇ ਹੈਰੀਟੇਜ਼ ਦਰਜਾ ਪ੍ਰਾਪਤ ਗੁਰਦੁਆਰਾ “ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ” ਵਿਖੇ ਹੋਈ। ਜਿੱਥੇ ਸੈਂਟਰਲ ਵੈਲੀ ਦੇ ਸਮੂੰਹ ਗੁਰੂ ਘਰਾਂ ਦੇ ਮੈਂਬਰਾਂ ਤੋਂ ਇਲਾਵਾ ਬੇ-ਏਰੀਏ ਤੋਂ ਵੀ ਸੰਗਤਾਂ ਨੇ ਹਾਜ਼ਰੀ ਭਰੀ। ਮੀਟਿੰਗ ਦੀ ਸੁਰੂਆਤ ਮੂਲ-ਮੰਤਰ ਪਾਠ ਦੇ ਜਾਪ ਨਾਲ ਕੀਤੀ ਗਈ। ਜਿਸ ਉਪਰੰਤ ਸਿੱਖ ਕੌਸ਼ਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਚੀਮਾਂ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ, ਮੀਟਿੰਗ ਦੇ ਏਜੰਡੇ ਤੋਂ ਜਾਣੂ ਕਰਵਾਇਆ। ਇਸੇ ਤਰਾਂ ਸਥਾਨਿਕ ਗੁਰੂਘਰਾਂ ਅਤੇ ਅਗਲੇ ਆਉਣ ਵਾਲੇ ਧਾਰਮਿਕ ਪ੍ਰੋਗਰਾਮਾਂ ਅਤੇ ਸਿੱਖ ਭਾਈਚਾਰੇ ਵੱਲੋਂ ਆਪਣੀ ਪਹਿਚਾਣ ਲਈ ਕੀਤੇ ਜਾਣ ਵਾਲੇ ਹੋਰ ਨਵੇਂ ਪ੍ਰੋਗਰਾਮਾਂ ਬਾਰੇ ਵਿਚਾਰਾਂ ਹੋਈਆਂ।
ਇਸ ਮੀਟਿੰਗ ਦੇ ਅਗਲੇ ਵਿਸ਼ੇਸ਼ ਪੜਾਅ ਵਿੱਚ ਹੋਈ ਗੱਲਬਾਤ ਦਾ ਵਿਸ਼ਾ ਰਿਹਾ ਕਿ ਸਿੱਖ ਕੌਸ਼ਲ ਵੱਲੋਂ ਕੈਲੀਫੋਰਨੀਆਂ ਵਿੱਚ ਸਿੱਖ ਮੋਟਰ ਸਾਈਕਲ ਰਾਈਡਰ ਲਈ ਦਸਤਾਰ ਸਜਾ ਕੇ ਮੋਟਰ-ਸਾਈਕਲ ਚਲਾਉਣ ਲਈ ਬਣਨ ਵਾਲੇ ਕਾਨੂੰਨ ਵਿੱਚ ਕਿਉਂ ਅਤੇ ਕੀ ਰੁਕਾਵਟਾ ਆਈਆ ਅਤੇ ਉਨ੍ਹਾਂ ਨੂੰ ਸੁਲਝਾਉਣ ਲਈ ਕੀ ਉਪਰਾਲੇ ਹੋਣੇ ਚਾਹੀਦੇ ਹਨ। ਜਿਸ ਵਿੱਚ ਸਭ ਹਾਜ਼ਰੀਨ ਨੇ ਆਪਣੀ-ਆਪਣੀ ਸਮਝ ਅਨੁਸਾਰ ਸਹਿਯੋਗ ਪਾਉਂਦੇ ਹੋਏ ਵਿਚਾਰਾਂ ਦੀ ਸਾਂਝ ਪਾਈ। ਅਜਿਹੇ ਸਿੱਖ ਭਾਈਚਾਰੇ ਦੇ ਮਸਲਿਆਂ ਬਾਰੇ ਸਮੂੰਹ ਸਿੱਖ ਜੱਥੇਬੰਦੀਆਂ ਅਤੇ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਸਾਂਝੇ ਤੌਰ ‘ਤੇ ਸਿੱਖ ਕੌਸ਼ਲ ਨੂੰ ਅੱਗੇ ਹੋ ਭਾਈਚਾਰਕ ਮਸਲੇ ਸੁਲਝਾਉਣ, ਸਿੱਖੀ ਦੀ ਪਹਿਚਾਣ ਲਈ ਸਰਕਾਰੀ ਬਣਾਏ ਜਾ ਰਹੇ ਕਾਨੂੰਨਾਂ ਪ੍ਰਤੀ ਅੱਗੇ ਹੋ ਸਹੀ ਦਿਸ਼ਾ-ਨਿਰਦੇਸ਼ ਦੇਣ ਦੀ ਅਪੀਲ ਕੀਤੀ।
ਅੰਤ ਇਹ ਤਹਿ ਕੀਤਾ ਗਿਆ ਕਿ ਸਿੱਖ ਕੌਸ਼ਲ ਅੱਗੇ ਹੋ ਕੇ ਕੈਲੀਫੋਰਨੀਆਂ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਿੱਖਾਂ ਦੀ ਪਹਿਚਾਣ ਅਤੇ ਹਿੱਤਾ ਦੀ ਰਾਖੇ ਲਈ ਨਵੇਂ ਕਾਨੂੰਨ ਬਣਾਉਣ ਵਿੱਚ ਹਰ ਸੰਭਵ ਯਤਨ ਕਰੇਗੀ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਇਸ ਤੋਂ ਪਹਿਲਾਂ ਵੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਅਤੇ ਪੰਜਾਬੀ ਦੇ ਵਿਸ਼ੇ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਲਾਗੂ ਕਰਾਉਣ ਵਰਗੇ ਬਹੁਤ ਸ਼ਲਾਘਾਯੋਗ ਕੰਮ ਕਰਵਾ ਚੁੱਕੀ ਹੈ। ਸਿੱਖ ਕੌਸ਼ਲ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਮੂੰਹ ਭਾਈਚਾਰੇ ਨੂੰ ਆਪਸੀ ਜੋੜ ਕੇ ਰੱਖਿਆ ਜਾਵੇ। ਇਸੇ ਅਧੀਨ ਸਭ ਹਾਜ਼ਰੀਨ ਦੀ ਸਹਿਮਤੀ ਨਾਲ ਇਹ ਤਹਿ ਕੀਤਾ ਗਿਆ ਕਿ ਸਿੱਖ ਕੌਸ਼ਲ ਮੋਟਰ-ਸਾਈਕਲ ਰਾਈਡਰਾਂ ਨੂੰ ਆਪਣੀ ਦਸਤਾਰ ਸਜਾ ਕੇ ਚਲਾਉਣ ਵਾਲੇ ਕਾਨੂੰਨ ਨੂੰ ਲੈ ਕੇ ਆਉਣ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਮੀਟਿੰਗ ਦੇ ਅੰਤ ਵਿੱਚ ਸਭ ਦੇ ਸਹਿਯੋਗ ਅਤੇ ਚੰਗੇ ਸਾਰਥਕ ਨਤੀਜਿਆਂ ਦੀ ਆਸ ਕਰਦੇ ਹੋਏ ਸੁਖਦੇਵ ਸਿੰਘ ਚੀਮਾਂ ਨੇ ਸਮੂੰਹ ਹਾਜ਼ਰੀਨ ਦੀ ਧੰਨਵਾਦ ਕੀਤਾ।