ਸਿੱਖ ਸ਼ਹਾਦਤਾਂ ਦਾ ਜੁਝਾਰੂ ਵਿਰਸਾ, ਕਿਸਾਨ ਲਹਿਰ ਲਈ ਪ੍ਰੇਰਨਾ ਅਤੇ ਉਤਸ਼ਾਹ ਦਾ ਸੋਮਾ: ਮੁਖਤਿਆਰ ਪੂਹਲਾ 

0
52
ਸਿੱਖ ਸ਼ਹਾਦਤਾਂ ਦਾ ਜੁਝਾਰੂ ਵਿਰਸਾ, ਕਿਸਾਨ ਲਹਿਰ ਲਈ ਪ੍ਰੇਰਨਾ ਅਤੇ ਉਤਸ਼ਾਹ ਦਾ ਸੋਮਾ: ਮੁਖਤਿਆਰ ਪੂਹਲਾ
ਬੀਕੇਯੂ ਡਕੌਂਦਾ ਵੱਲੋਂ ਸਿੱਖ ਸ਼ਹਾਦਤਾਂ ਸਬੰਧੀ ਕੀਤੀ ਗਈ ਕਨਵੈਨਸ਼ਨ ਦੇ ਸੰਦੇਸ਼ ਨੂੰ ਲੋਕ ਸੱਥਾਂ ਵਿੱਚ ਲਿਜਾਣ ਦੀ ਲੋੜ: ਮਨਜੀਤ ਧਨੇਰ
ਬਰਨਾਲਾ,
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬਰਨਾਲਾ ਦੇ ਤਰਕਸ਼ੀਲ ਭਵਨ ਦੇ ਖਚਾਖਚ ਭਰੇ ਹਾਲ ਵਿੱਚ ‘ਸਿੱਖ ਸ਼ਹਾਦਤਾਂ ਦਾ ਜੁਝਾਰੂ ਵਿਰਸਾ ਅਤੇ ਮੌਜੂਦਾ ਕਿਸਾਨ ਲਹਿਰ ਨਾਲ ਸਰੋਕਾਰ’ ਵਿਸ਼ੇ ਤੇ ਸੂਬਾਈ ਨੁਮਾਇੰਦਾ ਕਨਵੈਨਸ਼ਨ ਕੀਤੀ ਗਈ। ਇਸ ਵਿੱਚ ਪੰਜਾਬ ਦੇ 13 ਜ਼ਿਲਿਆਂ ਵਿੱਚੋਂ ਜਥੇਬੰਦੀ ਦੇ ਆਗੂ ਅਤੇ ਸਰਗਰਮ ਵਰਕਰ ਸ਼ਾਮਲ ਹੋਏ।
ਕਨਵੈਨਸ਼ਨ ਦੀ ਸ਼ੁਰੂਆਤ ਵਿੱਚ ਪੋਹ ਮਹੀਨੇ ਸਿੱਖ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਮੌਜੂਦਾ ਦੌਰ ਸਮੇਂ ਜਾਬਰ ਪ੍ਰਬੰਧ ਖਿਲਾਫ਼ ਲੜਾਈ ਜਾਰੀ ਰੱਖਣ ਦਾ ਅਹਿਦ ਕੀਤਾ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ‘ਲਾਲ ਪਰਚਮ’ ਦੇ ਸੰਪਾਦਕ ਸਾਥੀ ਮੁਖਤਿਆਰ ਸਿੰਘ ਪੂਹਲਾ ਨੇ ਕੁੰਜੀਵਤ ਭਾਸ਼ਣ ਦਿੱਤਾ। ਉਹਨਾਂ ਨੇ ਸਿੱਖ ਲਹਿਰ ਦੇ ਜ਼ੁਲਮ ਵਿਰੋਧੀ, ਜਾਤਪਾਤ ਵਿਰੋਧੀ, ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਅਤੇ ਸਾਂਝੀਵਾਲਤਾ ਨੂੰ ਉਚਿਆਉਣ ਵਾਲੀ ਵਿਰਾਸਤ ਦਾ ਵਿਸਥਾਰ ਸਹਿਤ ਵਰਨਣ ਕੀਤਾ।
ਉਹਨਾਂ ਨੇ ਦੱਸਿਆ ਕਿ ਖ਼ਾਲਸਾ ਪੰਥ ਦੀ ਸਾਜਨਾ ਦੇ ਵਕਤ ਇਸਦਾ ਉਦੇਸ਼ ਜ਼ਬਰ ਜ਼ੁਲਮ ਦਾ ਵਿਰੋਧ ਕਰਨਾ ਅਤੇ ਲੋਕਾਂ ਵਿੱਚ ਆਪਣਾ ਬਰਾਬਰੀ ਤੇ ਭਾਈਚਾਰੇ ਦਾ ਸੰਦੇਸ਼ ਦੇਣਾ ਸੀ। ਇਸ ਬੁਨਿਆਦੀ ਭਾਵਨਾ ਅਨੁਸਾਰ ਹੀ ਖਾਲਸੇ ਦੀ ਜਥੇਬੰਦੀ ਦਾ ਸਰੂਪ ਤੈਅ ਕੀਤਾ ਗਿਆ। ਖਾਲਸੇ ਦੀ ਸਾਜਨਾ ਜ਼ਬਰ ਜ਼ੁਲਮ ਦੀ ਟੱਕਰ ਵਿੱਚ ਇਨਕਲਾਬੀ ਜੰਗ ਦਾ ਐਲਾਨ ਸੀ।
ਬਾਬਰ ਦੀ ਫੌਜ ਨੂੰ ਬਾਬੇ ਨਾਨਕ ਨੇ ‘ਪਾਪ ਦੀ ਜੰਞ’ ਕਹਿ ਕੇ ਭੰਡਿਆ। ਉਹਨਾਂ ਨੇ ਹਾਕਮਾਂ ਅਤੇ ਧਰਮ ਦੇ ਠੇਕੇਦਾਰਾਂ ਨੂੰ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਕਹਿ ਕੇ ਵੰਗਾਰਿਆ।
ਸਿੱਖ ਲਹਿਰ ਦੀ ਲੜਾਈ ਜ਼ੁਲਮ ਦੇ ਖਿਲਾਫ਼ ਸੀ। ਇਹ ਜ਼ੁਲਮ ਕਰਨ ਵਾਲੇ ਭਾਵੇਂ ਮੁਗ਼ਲ ਹਾਕਮ ਹੋਣ ਤੇ ਭਾਵੇਂ ਬਾਈਧਾਰ ਦੇ ਪਹਾੜੀ ਰਾਜੇ, ਇਹਨਾਂ ਸਾਰਿਆਂ ਦੇ ਖ਼ਿਲਾਫ਼ ਖਾਲਸੇ ਨੇ ਹਥਿਆਰਬੰਦ ਜ਼ੰਗ ਲੜੀ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੇ ਅਰਥ ਸਪਸ਼ਟ ਕਰਦਿਆਂ ਕਿਹਾ, “ਖਾਲਸਾ ਸੋਇ ਜੋ ਨਿਰਧਨ ਕੋ ਪਾਲੈ, ਖਾਲਸਾ ਸੋਇ ਜੋ ਦੁਸ਼ਟ ਕੋ ਗਾਲੈ।’
ਸਾਰੇ ਸਿੱਖ ਗੁਰੂਆਂ ਨੇ ਆਪਣੇ ਸਮੇਂ ਸਮਾਜ ਵਿੱਚ ਫੈਲੇ ਘੋਰ ਅੰਧ ਵਿਸ਼ਵਾਸ਼ਾਂ ਦਾ ਡਟਵਾਂ ਵਿਰੋਧ ਕੀਤਾ। ਉਹਨਾਂ ਨੇ ਔਰਤ ਨੂੰ ਨੀਵਾਂ ਸਮਝਣ ਅਤੇ ਸਮਾਜ ਦੀਆਂ ਹੋਰ ਬਹੁਤ ਸਾਰੀਆਂ ਕੁਰੀਤੀਆਂ ਦੇ ਵਿਰੁੱਧ ਅਣਥੱਕ ਸੰਘਰਸ਼ ਕੀਤਾ। ਸਿੱਖ ਸੰਘਰਸ਼ ਵਿੱਚ ਦਲਿਤਾਂ ਦਾ ਹਥਿਆਰਬੰਦ ਹੋਣਾ, ਇੱਕ ਬਾਟੇ ਵਿੱਚ ਅੰਮ੍ਰਿਤ ਛਕਣਾ ਅਤੇ ਸਾਂਝੇ ਤੌਰ ‘ਤੇ ਤਿਆਰ ਕੀਤੇ ਲੰਗਰ ‘ਚ ਬਰਾਬਰ ਦਾ ਹੱਕਦਾਰ ਹੋਣਾ ਜਾਤ ਪਾਤ ਨਾਲ ਗਰੱਸੇ ਸਮਾਜ ਅੰਦਰ ਇਨਕਲਾਬੀ ਤਬਦੀਲੀ ਦਾ ਸਬੂਤ ਸੀ। ਸਿੱਖ ਗੁਰੂਆਂ ਅਤੇ ਉਨਾਂ ਦੇ ਖਾਲਸੇ ਦਾ ਉਦੇਸ਼ ਸਿਰਫ ਜਾਤ ਦੇ ਆਧਾਰ ਤੇ ਊਚ ਨੀਚ ਨੂੰ ਖਤਮ ਕਰਨਾ ਹੀ ਨਹੀਂ ਸਗੋਂ ਉਹ ਹਰ ਤਰ੍ਹਾਂ ਦੀ ਆਰਥਿਕ ਲੁੱਟ ਖਸੁੱਟ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਸਨ।
ਜਗੀਰੂ ਲੁੱਟ ਤੇ ਜ਼ਬਰ ਦਾ ਖ਼ਾਤਮਾ ਕਰਨ ਵਿੱਚ ਖ਼ਾਲਸੇ ਨੂੰ ਉਸ ਵਕਤ ਇੱਕ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਬੰਦਾ ਬਹਾਦਰ ਦੀ ਅਗਵਾਈ ਵਿੱਚ ਉਸਨੇ ਸਰਹੰਦ ਨੂੰ ਫਤਿਹ ਕਰ ਲਿਆ ਅਤੇ ਹਲਵਾਹਕ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ।
ਅੰਗਰੇਜ਼ੀ ਰਾਜ ਦੇ ਸਮੇਂ ਤੋਂ ਸਿੱਖ ਲੀਡਰਸ਼ਿਪ ਤੇ ਜਾਗੀਰਦਾਰ ਤਬਕਾ ਭਾਰੂ ਹੋ ਗਿਆ। ਉਹਨਾਂ ਨੇ ਖਾਲਸੇ ਦੀ ਇਨਕਲਾਬੀ ਵਿਰਾਸਤ ਤੇ ਪਹਿਰਾ ਦੇਣ ਦੀ ਥਾਂ ਇਸ ਦੇ ਤੱਤ ਨੂੰ ਮੇਸਣ ਦਾ ਯਤਨ ਕੀਤਾ। ਅੱਜ ਦੇ ਸਮੇਂ ਵੀ ਜਦੋਂ ਕੇਂਦਰ ਸਰਕਾਰ ਤੇ ਕਾਬਜ਼ ਭਾਜਪਾ ਅਤੇ ਵੱਖ ਵੱਖ ਸੂਬਾ ਸਰਕਾਰਾਂ ਲੋਕਾਂ ਦੇ ਹੱਕਾਂ ਨੂੰ ਕੁਚਲਣ, ਜ਼ਮੀਨਾਂ ਤੇ ਕਬਜ਼ੇ ਕਰਨ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਿੱਚ ਗਲਤਾਨ ਹਨ ਤਾਂ ਆਪਣੇ ਆਪ ਨੂੰ ਸਿੱਖ ਆਗੂ ਕਹਾਉਣ ਵਾਲੇ ਇਹਨਾਂ ਅਲਾਮਤਾਂ ਖ਼ਿਲਾਫ਼ ਲੜਨ ਦੀ ਥਾਂ ਇਸ ਸ਼ਾਨਾਮੱਤੀ ਵਿਰਾਸਤ ਨੂੰ ਆਪਣੀਆਂ ਸੌੜੀਆਂ ਖਾਹਿਸ਼ਾਂ ਲਈ ਵਰਤਣ ਦੇ ਯਤਨ ਕਰ ਰਹੇ ਹਨ।
ਉਹਨਾਂ ਨੇ ਕਨਵੈਨਸ਼ਨ ਵਿੱਚ ਸ਼ਾਮਲ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਿੱਖ ਸ਼ਹਾਦਤਾਂ ਦੇ ਜੁਝਾਰੂ ਵਿਰਸੇ ਤੋਂ ਪ੍ਰੇਰਨਾ ਲੈਂਦੇ ਹੋਏ ਕਿਸਾਨ ਲਹਿਰ ਨੂੰ ਸਾਮਰਾਜੀ ਲੁੱਟ ਖਤਮ ਕਰ ਕੇ ਭਾਈ ਲਾਲੋਆਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਅੱਗੇ ਵਧਾਉਣ।
ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਵੀ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਲਈ ਜ਼ਬਰ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੀ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਅਖੌਤੀ ਜਮਹੂਰੀਅਤ ਦੇ ਦੌਰ ਵਿੱਚ ਕਿਸਾਨਾਂ ਨੂੰ ਗੱਡੀਆਂ ਚੜ੍ਹਾ ਕੇ ਗੰਭੀਰ ਜ਼ਖ਼ਮੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਤੱਕ ਨਹੀਂ ਕੀਤਾ ਜਾ ਰਿਹਾ।
ਜਥੇਬੰਦੀ ਦੇ ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ ਨੇ ਸਿੱਖ ਲਹਿਰ ਦੇ ਜ਼ਬਰ ਵਿਰੁੱਧ ਲੜਨ ਦੇ ਵਿਰਸੇ ਦੀ ਗੱਲ ਕਰਦਿਆਂ ਅਜੋਕੇ ਸਮੇਂ ਵਿੱਚ ਇਸ ਨੂੰ ਬਰਕਰਾਰ ਰੱਖਣ ਅਤੇ ਅੱਗੇ ਵਧਾਉਣ ਦਾ ਸੱਦਾ ਦਿੱਤਾ।
ਜਥੇਬੰਦੀ ਦੀ ਔਰਤ ਵਿੰਗ ਦੀ ਆਗੂ ਬੀਬੀ ਅੰਮ੍ਰਿਤ ਪਾਲ ਕੌਰ ਨੇ ਸਿੱਖ ਲਹਿਰ ਵੱਲੋਂ ਔਰਤਾਂ ਨੂੰ ਦਿੱਤੇ ਮਾਨ ਸਨਮਾਨ ਦਾ ਜ਼ਿਕਰ ਕਰਦਿਆਂ ਅੱਜ ਦੇ ਸਮੇਂ ਔਰਤਾਂ ਤੇ ਹੁੰਦੇ ਜ਼ਬਰ ਦੀ ਗੱਲ ਕੀਤੀ।
ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪਹਿਲਵਾਨ ਕੁੜੀਆਂ ਦੇ ਸੰਘਰਸ਼ ਦਾ ਜ਼ਿਕਰ ਕੀਤਾ। ਉਹਨਾਂ ਨੇ ਭਾਜਪਾ ਦੀ ਔਰਤ ਵਿਰੋਧੀ ਮਾਨਸਿਕਤਾ ਬਾਰੇ ਦੱਸਦਿਆਂ ਹਰ ਤਰ੍ਹਾਂ ਦੇ ਜ਼ੁਲਮ ਖ਼ਿਲਾਫ਼ ਲੜਨ ਲਈ ਸਿੱਖ ਸ਼ਹਾਦਤਾਂ ਦੀ ਜੁਝਾਰੂ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਕਿਸਾਨ ਲਹਿਰ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ ਅਤੇ ਕਨਵੈਨਸ਼ਨ ਵਿੱਚ ਸ਼ਾਮਲ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਸਾਹਿਬ ਸਿੰਘ ਬਡਬਰ ਨੇ ਬਾਖੂਬੀ ਚਲਾਈ। ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵਿੱਚੋਂ ਮੁਲਾਜ਼ਮ ਆਗੂ ਗੁਰਮੀਤ ਸੁਖਪੁਰਾ ਨੇ ਵੀ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਬਲਦੇਵ ਮੰਡੇਰ, ਨਰਿੰਦਰ ਪਾਲ ਸਿੰਗਲਾ ਅਤੇ ਲਖਵਿੰਦਰ ਸਿੰਘ ਲੱਖਾ ਨੇ ਸ਼ਹਾਦਤਾਂ ਨਾਲ ਸਬੰਧਤ ਇਨਕਲਾਬੀ ਗੀਤ ਪੇਸ਼ ਕੀਤੇ।

LEAVE A REPLY

Please enter your comment!
Please enter your name here