ਸੀ.ਐਚ.ਸੀ. ਖਿਆਲਾ ਕਲਾਂ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ
ਮਾਨਸਾ, 14 ਨਵੰਬਰ:
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਅਤੇ ਡਾ.ਬਲਜੀਤ ਕੌਰ ਐਸ.ਐਮ ਓ. ਇੰਚਾਰਜ ਸੀ.ਐਚ.ਸੀ. ਖਿਆਲਾ ਕਲਾ ਦੀ ਅਗਵਾਈ ਹੇਠ ਸੀ.ਐਚ.ਸੀ. ਖਿਆਲਾ ਕਲਾਂ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ, ਇਹ ਦਿਵਸ ਹਰ ਸਾਲ 14 ਨਵੰਬਰ ਨੂੰ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਨੇ “ਵਿਸ਼ਵ ਸ਼ੂਗਰ ਦਿਵਸ” ਮੌਕੇ ਸ਼ੂਗਰ ਜਿਹੀ ਨਾਮੁਰਾਦ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸ਼ੂਗਰ ਦਿਵਸ ਪਹਿਲੀ ਵਾਰ ਆਈ. ਡੀ.ਐੱਫ.ਅਤੇ ਡਬਲਯੂ.ਐਚ.ਓ.ਦੀ ਮਦਦ ਨਾਲ 1991 ਵਿੱਚ ਮਨਾਇਆ ਗਿਆ।
ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚ ਸ਼ੂਗਰ ਦੀ ਬਿਮਾਰੀ ਤੋਂ 53 ਕਰੋੜ ਲੋਕ ਪੀੜਤ ਹਨ ਅਤੇ 2050 ਤੱਕ ਇਹ ਗਿਣਤੀ 80 ਕਰੋੜ ਹੋਣ ਦੀ ਸੰਭਾਵਨਾ ਹੈ, ਸ਼ੂਗਰ ਦੀ ਬਿਮਾਰੀ ਟਾਈਪ-1 ਅਤੇ ਟਾਈਪ-2 ਕਿਸਮ ਦੀ ਹੁੰਦੀ ਹੈ ਜਿਆਦਾ ਮਰੀਜ਼ ਟਾਈਪ-2 ਦੇ ਹੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ੂਗਰ ਰੋਗ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਭੱਜ ਦੌੜ, ਖਾਣ ਪੀਣ ਦੀਆਂ ਆਦਤਾਂ ਵਿੱਚ ਤਬਦੀਲੀ, ਸਮੇਂ ਸਿਰ ਨਾ ਖਾਣਾ, ਸਰੀਰਕ ਗਤੀਵਿਧੀਆਂ ਦਾ ਸਮੇਂ ਸਿਰ ਅਤੇ ਠੀਕ ਢੰਗ ਨਾਲ ਨਾ ਕਰਨਾ, ਕਾਰਨ ਵੀ ਰਿਹਾ ਹੈ। ਸ਼ੂਗਰ ਰੋਗ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਇਹ ਰੋਗ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਰੋਗ 30 ਸਾਲ ਦੀ ਉਮਰ ਤੋਂ ਬਾਅਦ ਕਿਸੇ ਨੂੰ ਵੀ ਹੋ ਸਕਦਾ ਹੈ, ਜਿੰਨਾ ਨੇ ਆਪਣੀ ਜੀਵਨ ਸ਼ੈਲੀ ਵਿੱਚ ਪਰਿਵਰਤਨ ਨਹੀਂ ਕੀਤਾ। ਖਾਣ ਪੀਣ ਦੀਆਂ ਆਦਤਾਂ ਵਲ ਵਿਸ਼ੇਸ਼ ਧਿਆਨ ਕੇਂਦਰਿਤ ਨਹੀ ਕੀਤਾ।
ਉਨ੍ਹਾਂ ਦੱਸਿਆ ਕਿ ਸ਼ੂਗਰ ਰੋਗ ਗਰਭਵਤੀ ਔਰਤਾਂ ਵਿੱਚ ਅਸਥਾਈ ਰੂਪ ਵਿੱਚ ਵੀ ਪਾਇਆ ਗਿਆ ਹੈ, ਜੋ ਜਣੇਪਾ ਹੋਣ ਉਪਰੰਤ ਆਪ ਹੀ ਘਟ ਜਾਂਦਾ ਹੈ, ਇਸ ਤੋਂ ਸਾਨੂੰ ਘਬਰਾਉਣ ਦੀ ਲੋੜ ਨਹੀ,ਪ੍ਰੰਤੂ ਧਿਆਨ ਰੱਖਣ ਦੀ ਲੋੜ ਹੈ, ਨਾਲ ਹੀ ਉਨ੍ਹਾਂ ਦੱਸਿਆ ਕਿ ਜੀਵਨ ਸ਼ੈਲੀ ਵਿੱਚ ਅਤੇ ਆਪਣੀਆਂ ਆਦਤਾਂ ਵਿਚ ਵੀ ਬਦਲਾਅ ਦੀ ਵੀ ਜਰੂਰਤ ਹੈ। ਇਸ ਰੋਗ ਦਾ ਮੁੱਖ ਕਾਰਨ ਮੋਟਾਪਾ,ਸੰਤੁਲਿਤ ਭੋਜਨ ਦੀ ਕਮੀ,ਖਾਣਾ ਸਮੇਂ ਸਿਰ ਨਾ ਖਾਣਾ ਜਾਂ ਖਾਨਦਾਨੀ ਵੀ ਹੋ ਸਕਦਾ ਹੈ।
ਉਨ੍ਹਾਂ ਸ਼ੂਗਰ ਰੋਗ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਸ਼ਾਬ ਦਾ ਵਾਰ ਵਾਰ ਆਉਣਾ, ਪਿਆਸ ਦਾ ਵੱਧ ਜਾਣ, ਭੁੱਖ ਦਾ ਵੱਧ ਜਾਣਾ, ਜਖਮ ਦਾ ਦੇਰ ਨਾਲ ਠੀਕ ਹੋਣਾ, ਜਾਂ ਠੀਕ ਨਾ ਹੋਣਾ, ਹੱਕ ਪੈਰ ਸੁੰਨ ਰਹਿਣਾ, ਪਿਸ਼ਾਬ ਦੀ ਨਲੀ ਵਿੱਚ ਵਾਰ ਵਾਰ ਇਨਫੈਕਸ਼ਨ ਦਾ ਹੋਣਾ,ਥਕਾਵਟ ਅਤੇ ਸਰੀਰਕ ਕਮਜੋਰੀ ਆਦਿ ਮੁੱਖ ਕਾਰਨ ਹਨ। ਉਨ੍ਹਾਂ ਦੱਸਿਆ ਕਿ ਜੇਕਰ ਸਰੀਰ ਵਿੱਚ ਸ਼ੂਗਰ ਦਾ ਲੈਵਲ ਵਧ ਗਿਆ ਹੈ ਤਾਂ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ ।ਇਸ ਨਾਲ ਅੱਖਾਂ ਅਤੇ ਗੁਰਦਿਆਂ ‘ਤੇ ਮਾੜਾ ਅਸਰ ਪੈਂਦਾ ਹੈ । ਦਿਲ ਰੋਗ ਹੋ ਸਕਦਾ ਹੈ, ਪੈਰਾਂ ਦੀਆਂ ਨਸਾਂ ਸੁੰਨ ਹੋ ਸਕਦੀਆ ਹਨ, ਗੈਂਗਰੀਨ ਵੀ ਹੋ ਸਕਦੀ ਹੈ ।
ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਜੈਨ ਨੇ ਦੱਸਿਆ ਕਿ ਸਾਨੂੰ ਰੋਜ਼ਾਨਾ ਭੱਜ ਦੌੜ ਦੀ ਜਿੰਦਗੀ ਵਿੱਚ 30 ਮਿੰਟ ਤੱਕ ਨਿਯਮਤ ਸ਼ੈਰ,ਕਸਰਤ,ਯੋਗਾ ਜਾਂ ਸਰੀਰਕ ਖੇਡਾਂ ਖੇਡਣ ਦੀ ਪੱਕੀ ਆਦਤ ਹੋਣੀ ਚਾਹੀਦੀ ਹੈ। ਖੁਰਾਕ ਵਿੱਚ ਤਬਦੀਲੀ ਲਿਆ ਕੇ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀਂ ਹੈ ,ਜਿਸ ਵਿੱਚ ਗਾਜਰ ,ਮੂਲੀ,ਸ਼ਲਗਮ,ਕਰੇਲੇ ਦੀ ਵਰਤੋਂ ਕਰਨੀ ਚਾਹੀਦੀ ਹੈ। ਜੰਕ ਫੂਡ ਤੋਂ ਤੌਬਾ ਕਰਨੀ ਚਾਹੀਦੀ ਹੈ।
ਕੇਵਲ ਸਿੰਘ ਬਲਾਕ ਐਜੂਕੇਟਰ ਦੱਸਿਆ ਕਿ 30 ਸਾਲ ਦੀ ਉਮਰ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮੁਫ਼ਤ ਐਨੁਅਲ ਪਰਵੈਂਟਿਵ ਹੈਲਥ ਚੈਕਅੱਪ ਸਕੀਮ ਦਾ ਲਾਹਾ ਖੱਟ ਕੇ ਸਮੇਂ ਸਮੇਂ ਸਰੀਰਕ ਨਿਰੀਖਣ ਕਰਵਾਉਂਦੇ ਰਹਿਣਾ ਚਾਹੀਦਾ ਹੈ ।
ਇਸ ਮੌਕੇ ਰਾਮ ਕੁਮਾਰ ਅਤੇ ਸਰਬਜੀਤ ਸਿੰਘ ਸਿਹਤ ਸੁਪਰਵਾਈਜ਼ਰ, ਚਾਨਣ ਸਿੰਘ ਮਲਟੀ ਪਰਪਜ ਹੈਲਥ ਵਰਕਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਹਨ।