ਸੈਂਟਰਲ ਵੈਲੀ ਵੈਟਰਨਜ਼ ਡੇ ਪਰੇਡ ਸੰਸਥਾ ਨੇ ਸਿੱਖ ਕੌਸ਼ਲ ਦਾ ਧੰਨਵਾਦ ਕੀਤਾ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਵੈਲੀ ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿਖੇ ਹਰ ਸਾਲ ਵੈਟਰਨ ਡੇ ਦੌਰਾਨ ਫਰਿਜ਼ਨੋ ਡਾਊਨ ਟਾਊਨ ਵਿੱਚ ਵਿਸ਼ੇਸ਼ ਪਰੇਡ ਕੀਤੀ ਜਾਂਦੀ ਹੈ। ਜਿਸ ਵਿੱਚ ਲੰਘੇ ਸਾਲ 2023 ਨੂੰ ਹੋਈ 104 ਵੀ ਪਰੇਡ ਵਿੱਚ ਸਿੱਖਾ ਦੀ ਸੰਸਥਾ ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਵੱਲੋਂ ਆਪਣੇ ਮੈਂਬਰਾਂ ਸਮੇਤ ਹਿੱਸਾ ਲਿਆ ਸੀ। ਜਿੱਥੇ ਸਿੱਖਾਂ ਵੱਲੋਂ ਸਹਿਯੋਗ ਕਰਦੇ ਹੋਏ ਆਪਣੇ ਵੱਲੋਂ ਅਮਰੀਕਾ ਵਿੱਚ ਸਿੱਖ ਫ਼ੌਜੀਆਂ ਦੇ ਇੱਕ ਫਲੋਟ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਜਿਸ ਵਿੱਚ ਅਮਰੀਕਾ ਦੀ ਫੌਜ਼ ਵਿੱਚ ਸੇਵਾ ਨਿਭਾ ਚੁੱਕੇ ਸਥਾਨਿਕ ਸਿੱਖ ਫੌਜ਼ੀ ਮਰਦ ਅਤੇ ਔਰਤਾਂ ਸ਼ਾਮਲ ਸਨ। ਇਸ ਤੋਂ ਇਲਾਵਾ ਲੰਘੇ ਕਈ ਸਾਲਾਂ ਤੋਂ ਸਿੱਖ ਭਾਈਚਾਰੇ ਵੱਲੋਂ ਪਰੇਡ ਵਿੱਚ ਸ਼ਾਮਲ ਲੋਕਾਂ ਲਈ ਚਾਹ-ਪਾਣੀ, ਕੌਫੀ ਅਤੇ ਹੋਰ ਖਾਣ ਦੀਆਂ ਵਸਤਾਂ ਦੇ ਲੰਗਰ ਲਾ ਸੇਵਾ ਨਿਭਾਈ ਜਾਂਦੀ ਰਹੀ ਹੈ।
ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਦੇ ਇਸ ਉਤਸਾਹ ਅਤੇ ਸਹਿਯੋਗ ਨੂੰ ਦੇਖਦੇ ਹੋਏ ਵੈਟਰਨਜ਼ ਦੀ ਸੰਸਥਾ ਵੱਲੋਂ ਉਨ੍ਹਾਂ ਦੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਗੇਬੇ ਵਿਲੇਸਨੋਰ ਨੇ ਵਿਸ਼ੇਸ਼ ਤੌਰ ‘ਤੇ ਫਰਿਜ਼ਨੋ ਦੇ ਗੁਰਦੁਆਰਾ ਸ੍ਰੀ ਰਵਿਦਾਸ ਸਭਾ ਚੈਰੀ ਐਵਨਿਉ ਵਿਖੇ ਪਹੁੰਚ ਕੇ ਧੰਨਵਾਦ ਕਰਦੇ ਹੋਏ ਸਿੱਖ ਕੌਸ਼ਲ ਨੂੰ ਸਨਮਾਨ ਦਿੱਤਾ। ਇਸ ਸਮੇਂ ਉਨ੍ਹਾਂ ਦੇ ਨਾਲ ਸਿਮਰਨ ਕੌਰ ਬਰਾੜ ਸਨ। ਜਦ ਕਿ ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਦੇ ਸਮੂੰਹ ਮੈਂਬਰ ਮੌਜੂਦ ਸਨ। ਇਸ ਸਮੇਂ ਸਿੱਖ ਕੌਸ਼ਲ ਵੱਲੋਂ ਜਨਰਲ ਸਕੱਤਰ ਸ. ਸੁਖਦੇਵ ਸਿੰਘ ਚੀਮਾਂ ਨੇ ਬੋਲਦਿਆਂ ਮਿਸਟਰ ਗੇਬੇ ਅਤੇ ਸਮੂੰਹ ਵੈਟਰਨਜ਼ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਅੱਗੇ ਤੋਂ ਵੀ ਸਹਿਯੋਗ ਦੇਣ ਦੀ ਬਚਨਬੱਧਤਾ ਪ੍ਰਗਟਾਈ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਅਜਿਹੀਆਂ ਸੇਵਾਵਾਂ ਜਿੱਥੇ ਸਾਡੇ ਬੱਚਿਆਂ ਨੂੰ ਅਮਰੀਕਾਂ ਵਰਗੇ ਵਿਸ਼ਾਲ ਦੇਸ਼ ਦੀ ਫੌਜ ਵਿੱਚ ਜਾਣ ਲਈ ਪ੍ਰੇਰਿਤ ਕਰਦੀਆਂ ਹਨ। ਉੱਥੇ ਸਾਡੀ ਸਿੱਖ ਪਹਿਚਾਣ ਨੂੰ ਵੀ ਅੱਗੇ ਵਧਾਉਂਦੀਆਂ ਹਨ। ਅੰਤ ਚੰਗੇ ਵਿਚਾਰਾਂ, ਦੇਸ਼ ਪ੍ਰਤੀ ਪਿਆਰ ਅਤੇ ਆਪਸੀ ਭਾਈਚਾਰਿਆਂ ਵਿੱਚ ਸਾਂਝ ਦੀ ਗੱਲ ਕਰਦਿਆਂ ਇਹ ਵਿਸ਼ੇਸ਼ ਇਕੱਤਰਤਾ ਯਾਦਗਾਰੀ ਹੋ ਨਿਬੜੀ।
Boota Singh Basi
President & Chief Editor