* ਮੱਧਕਾਲੀ ਚੋਣਾਂ ਤੋਂ ਪਹਿਲਾਂ ਬਾਈਡਨ ਦੀ ਦੀ ਵੱਡੀ ਪ੍ਰਾਪਤੀ
ਸੈਕਰਾਮੈਂਟੋ 8 ਅਗਸਤ (ਹੁਸਨ ਲੜੋਆ ਬੰਗਾ) -ਸੈਨਟ ਨੇ ਬੀਤੇ ਦਿਨ ਇਨਫਲੇਸ਼ਨ ਰਿਡਕਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ। ਰਾਸ਼ਟਰਪਤੀ ਜੋ ਬਾਈਡਨ ਦੀ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਹ ਵੱਡੀ ਜਿੱਤ ਮੰਨੀ ਜਾਂਦੀ ਹੈ। ਇਸ ਐਕਟ ਵਿਚ ਸਿਹਤ ਸੰਭਾਲ, ਵਾਤਾਵਰਣ ਸੰਭਾਲ ਤੇ ਟੈਕਸ ਖੇਤਰ ਵਿਚ ਵੱਡੇ ਸੁਧਾਰਾਂ ਦੀ ਵਿਵਸਥਾ ਹੈ। ਸਮੁੱਚੇ ਡੈਮੋਕਰੈਟਿਕ ਮੈਂਬਰਾਂ ਨੇ ਪਾਰਟੀ ਦੀ ਸੋਚ ਅਨੁਸਾਰ ਬਿੱਲ ਦੇ ਹੱਕ ਵਿਚ ਵੋਟਾਂ ਪਾਈਆਂ ਜਦ ਕਿ ਵਿਰੋਧ ਧਿਰ ਰਿਪਬਲੀਕਨ ਪਾਰਟੀ ਦੇ ਸਮੁੱਚੇ ਮੈਂਬਰ ਵਿਰੋਧ ਵਿਚ ਭੁੱਗਤੇ। ਹੁਣ ਇਹ ਬਿੱਲ ਡੈਮੋਕਰੈਟਿਕ ਦੀ ਬਹੁਮਤ ਵਾਲੇ ਪ੍ਰਤੀਨਿੱਧ ਸਦਨ ਵਿਚ ਜਾਵੇਗਾ ਜਿਥੇ ਇਸ ਨੂੰ ਪਾਸ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ। ਬਿੱਲ ਉਪਰ ਵੋਟਾਂ ਪੈਣ ਤੋਂ ਪਹਿਲਾਂ ਸੈਨਟ ਦੇ ਬਹੁਗਿਣਤੀ ਆਗੂ ਚੂਕ ਚੂਮਰ ਨੇ ਕਿਹਾ ਕਿ ਇਹ ਬਿੱਲ 21 ਵੀਂ ਸੱਦੀ ਦਾ ਇਤਿਹਾਸਕ ਕਦਮ ਹੈ ਜਿਸ ਵਿਚ ਵਾਤਾਵਰਣ ਬਾਰੇ ਅਮਰੀਕਾ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਪੈਕਜ਼ ਸ਼ਾਮਿਲ ਹੈ। ਰਾਤ ਭਰ ਚੱਲੇ ਸੈਸ਼ਨ ਵਿਚ ਲੰਬੀ ਬਹਿਸ ਤੇ ਵਿਚਾਰ ਵਟਾਂਦਰੇ ਉਪਰੰਤ ਬਿੱਲ ਉਪਰ ਵੋਟਾਂ ਪਈਆਂ। ਬਿੱਲ ਦੇ ਹੱਕ ਤੇ ਵਿਰੋਧ ਵਿਚ ਬਰਾਬਰ ਵੋਟਾਂ ਪੈਣ ਉਪਰੰਤ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬਿੱਲ ਦੇ ਹੱਕ ਵਿਚ ਵੋਟ ਪਾ ਕੇ ਬਿੱਲ ਦੇ ਪਾਸ ਹੋਣ ਲਈ ਰਾਹ ਸਾਫ ਕਰ ਦਿੱਤਾ। ਰਾਸ਼ਟਰਪਤੀ ਬਾਈਡਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੈ ਰਾਸ਼ਟਰਪਤੀ ਦੀ ਚੋਣ ਇਸ ਵਾਅਦੇ 'ਤੇ ਲੜੀ ਸੀ ਕਿ ਇਕ ਅਜਿਹੀ ਸਰਕਾਰ ਬਣਾਈ ਜਾਵੇਗੀ ਜੋ ਕੰਮਕਾਜੀ ਪਰਿਵਾਰਾਂ ਲਈ ਕੰਮ ਕਰੇਗੀ। ਇਹ ਵਾਅਦਾ ਇਸ ਬਿੱਲ ਨੇ ਪੂਰਾ ਕਰ ਦਿੱਤਾ ਹੈ। ਵਾਈਟ ਹਾਊਸ ਵੱਲੋਂ
ਜਾਰੀ ਇਕ ਬਿਆਨ ਵਿਚ ਬਾਈਡਨ ਨੇ ਇਕਜੁੱਟ ਰਹਿਣ ਲਈ ਡੈਮੋਕਰੈਟਿਕ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਹੈ। ਸੈਨਟ ਦੇ ਘੱਟ ਗਿਣਤੀ ਆਗੂ ਮਿਚ ਮੈਕੋਨੈਲ ਨੇ ਬਿੱਲ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਬਿੱਲ ਨਾਲ ਕੁਝ ਵਿਸ਼ੇਸ਼ ਕਾਰਪੋਰੇਸ਼ਨਾਂ ਉਪਰ ਟੈਕਸ ਵਧੇਗਾ ਜਦ ਕਿ ਅਗਲੇ ਦਹਾਕੇ ਦੌਰਾਨ ਕੇਵਲ 100 ਅਰਬ ਡਾਲਰ ਦਾ ਘਾਟਾ ਘਟੇਗਾ।