ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੇ ਕਾਰਪੋਰੇਟ ਦਾ ਪੁਤਲਾ ਫੂਕਿਆ “ਕਾਰਪੋਰੇਟ ਭਜਾਉ ਖੇਤੀ ਬਚਾਉ ਦਾ ਨਾਅਰਾ ਦਿੱਤਾ”

0
29

ਸੰਗਰੂਰ, 9 ਅਗਸਤ, 2024:  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨ ਬਡਰੁੱਖਾਂ ਬਾਈਪਾਸ ਥੱਲੇ ਇਕੱਠੇ ਹੋਏ ਤੇ ਉਥੋਂ ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਰੋਸ ਮੁਜ਼ਾਹਰਾ ਕਰਦਿਆਂ ਕਾਰਪੋਰੇਟ ਦਾ ਪੁਤਲਾ ਫੂਕਿਆ ਅਤੇ ਕਾਰਪੋਰੇਟ ਭਾਰਤ ਛੱਡੋ ਦੇ ਨਾਅਰੇ ਲਾਏ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬਟਿਆਣਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਉਦਮ ਸਿੰਘ ਸੰਤੋਖਪੁਰਾ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਘਾਬਦਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਦੁੱਗਾਂ ਨੇ ਦੱਸਿਆ ਕਿ 9 ਅਗਸਤ 1942 ਨੂੰ ਭਾਰਤ ਵਿੱਚ ਅੰਗਰੇਜ਼ਾਂ ਖ਼ਿਲਾਫ਼ ਲਹਿਰ ਚੱਲੀ ਸੀ “ਅੰਗਰੇਜੋ ਭਾਰਤ ਛੱਡੋ”ਅਤੇ ਪੂਰੇ ਦੇਸ਼ ਦੇ ਲੋਕ ਉਸ ਵਿੱਚ ਸ਼ਾਮਿਲ ਹੋਏ ਸਨ। ਅੱਜ ਵੀ ਕਾਰਪੋਰੇਟ ਘਰਾਣੇ ਦੋਹੀਂ ਹੱਥੀਂ ਦੇਸ਼ ਦੀ ਲੁੱਟ ਕਰ ਰਹੇ ਹਨ ਅਤੇ ਦੇਸ਼ ਦੇ ਵਿਕਾਸ ਵਿੱਚ ਅੜਿੱਕਾ ਬਣੇ ਹੋਏ ਹਨ। ਜ਼ਿੰਨਾ ਸਮਾਂ ਕਾਰਪੋਰੇਟ ਘਰਾਣਿਆਂ ਦਾ ਗ਼ਲਬਾ ਦੇਸ਼ ਵਿੱਚੋਂ ਖਤਮ ਨਹੀਂ ਹੁੰਦਾ ਸਾਡੇ ਦੇਸ਼ ਦੀ ਖੇਤੀ ਅਤੇ ਉਦਯੋਗਿਕ ਤਰੱਕੀ ਨਹੀਂ ਹੋ ਸਕਦੀ ਅਤੇ ਬੇਰੁਜ਼ਗਾਰੀ ਖਤਮ ਨਹੀਂ ਕੀਤੀ ਜਾ ਸਕਦੀ। ਖੇਤੀ ਖੇਤਰ ਵਿੱਚ ਬੀਜਾਂ, ਖਾਦਾਂ ਅਤੇ ਮਸ਼ੀਨਰੀ ਉੱਪਰ ਕਾਰਪੋਰੇਟ ਦਾ ਕਬਜ਼ਾ ਹੈ ਅਤੇ ਖੇਤੀ ਵਸਤਾਂ ਦੀ ਖਰੀਦ ਵੇਚ ਤੇ ਵੀ ਕਾਰਪੋਰੇਟ ਭਾਰੂ ਹਨ। ਇਸ ਸਥਿਤੀ ਵਿੱਚ ਕਿਸਾਨ ਅਤੇ ਮਜ਼ਦੂਰ ਕਰਜ਼ਈ ਹੋ ਰਹੇ ਹਨ। ਕਾਰਪੋਰੇਟ ਸੈਕਟਰ ਨੂੰ ਭਾਰਤ ਵਿੱਚੋਂ ਬਾਹਰ ਕੱਢ ਕੇ ਹੀ ਲੋਕਾਂ ਦਾ ਭਲਾ ਹੋ ਸਕਦਾ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮਨਾਉਂਦਿਆਂ “ਕਾਰਪੋਰੇਟ ਭਜਾਉ ਖੇਤੀ ਬਚਾਉ ਦਾ ਨਾਅਰਾ ਦਿੱਤਾ ਗਿਆ। ਪੰਪ ਅੱਗੇ ਰੋਸ ਰੈਲੀ ਕਰਦਿਆਂ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਆਗੂਆਂ ਨੇ ਕਿਸਾਨੀ ਮੰਗਾਂ ਤੇ ਲਾਮਬੰਦੀ ਤੇਜ਼ ਕਰਨ ਅਤੇ ਆਉਣ ਵਾਲੀ 17 ਅਗਸਤ ਨੂੰ ਇਨ੍ਹਾਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਜ਼ੋਰਦਾਰ ਤਿਆਰੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਕੁੰਨਰਾਂ, ਸੁਖਦੇਵ ਸਿੰਘ ਉਭਾਵਾਲ, ਹਰਜੀਤ ਸਿੰਘ ਜਲਾਣ, ਬਹਾਦਰ ਸਿੰਘ ਦੁੱਗਾਂ, ਹਰਜੀਤ ਸਿੰਘ ਸਕਰੋਦੀ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here